ਨਾਭਾ ਜੇਲ੍ਹ ਬਰੇਕ ਕਾਂਡ ਦਾ ਮੁੱਖ ਮੁਲਜ਼ਮ ਅਮਨ ਢੋਟੀਆਂ ਕਾਬੂ

0
922

aman-dhotian-girftar
ਜਲੰਧਰ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਕਾਂਡ ਦੇ ਮੁੱਖ ਮੁਲਜ਼ਮ ਅਮਨਦੀਪ ਸਿੰਘ ਉਰਫ ਅਮਨ ਢੋਟੀਆਂ ਨੂੰ ਕਮਿਸ਼ਨਰੇਟ ਪੁਲੀਸ ਨੇ ਇੱਥੋਂ ਦੇ ਪੀਏਪੀ ਚੌਕ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ 32 ਬੋਰ ਦਾ ਉਹ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਜੇਲ੍ਹ ਦਾ ਜਿੰਦਰਾ ਤੋੜਿਆ ਗਿਆ ਸੀ।
ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਨਦੀਪ ਸਿੰਘ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਉਹ ਕਿਸੇ ਨੂੰ ਅਗਵਾ ਕਰਨ ਦੀ ਤਾਕ ਵਿੱਚ ਸੀ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਅਮਨ ਢੋਟੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਘਟਨਾ ਵਾਲੇ ਦਿਨ ਉਸ ਨੇ ਹੀ ਜੇਲ੍ਹ ਦੇ ਮੁੱਖ ਗੇਟ ‘ਤੇ ਲੱਗੇ ਜਿੰਦਰੇ ਨੂੰ ਗੋਲੀ ਮਾਰ ਕੇ ਤੋੜਿਆ ਸੀ। ਅਮਨ ਢੋਟੀਆਂ, ਗੈਂਗਸਟਰ ਵਿੱਕੀ ਗੌਂਡਰ ਦੇ ਸੰਪਰਕ ਵਿੱਚ ਉਦੋਂ ਆਇਆ ਸੀ, ਜਦੋਂ ਉਸ ਨੂੰ ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਵਿੱਚ ਰੱਖਣ ਤੋਂ ਬਾਅਦ ਜੂਨ 2016 ਵਿੱਚ ਨਾਭਾ ਜੇਲ੍ਹ ਭੇਜਿਆ ਗਿਆ। ਪੁਲੀਸ ਨੇ ਉਸ ਕੋਲੋਂ ਪਿਸਤੌਲ, ਇੱਕ ਮੈਗਜ਼ੀਨ, ਸੱਤ ਰੌਂਦ, ਪੰਜ ਹਜ਼ਾਰ ਦੀ ਨਕਦੀ, ਚਾਰ ਸਿਮ ਕਾਰਡ ਤੇ ਇੱਕ ਮੋਬਾਈਲ ਬਰਾਮਦ ਕੀਤਾ ਹੈ। ਗ਼ੌਰਤਲਬ ਹੈ ਕਿ ਪੰਜਾਬ ਪੁਲੀਸ ਨੇ ਅਮਨ ਢੋਟੀਆਂ ਦੀ ਸੂਹ ਦੇਣ ਵਾਲੇ ਲਈ ਪੰਜ ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ। ਜੇਲ੍ਹ ਤੋੜ ਕੇ ਫ਼ਰਾਰ ਹੋਣ ਵਾਲਿਆਂ ਵਿਚੋਂ ਪੁਲੀਸ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਬਾਬਾ ਕਸ਼ਮੀਰਾ ਸਿੰਘ ਤੇ ਵਿੱਕੀ ਗੌਂਡਰ ਅਜੇ ਵੀ ਪੁਲੀਸ ਗ੍ਰਿਫ਼ਤ ਤੋਂ ਬਾਹਰ ਹਨ।
ਗੈਂਗਸਟਰ ਲਾਲਾ ਦੇ ਕਤਲ ਦੇ ਦੋਸ਼ ਹੇਠ ਛੇ ਖ਼ਿਲਾਫ਼ ਕੇਸ ਦਰਜ
ਬਟਾਲਾ : ਪੁਲੀਸ ਨੇ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਲਾਲਾ ਦੇ ਕਤਲ ਦੇ ਦੋਸ਼ ਹੇਠ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਿਵਲ ਲਾਈਨ ਪੁਲੀਸ ਨੇ ਗੈਂਗਸਟਰ ਗੋਲੂ ਹਰਪੁਰਾ, ਪੈਰੀ ਅਤੇ ਮਿੰਟੂ (ਦੋਵੇਂ ਮੁਹਾਲੀ) ਮਿੰਟੂ ਗੁਜਰਪੁਰਾ, ਮੰਨਾ ਤੇਜਾਵੀਲ੍ਹਾ ਤੇ ਪਵਿੱਤਰ ਚੌੜਾ ਮੱਧਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਭੇਜ ਦਿੱਤੀਆਂ ਹਨ। ਗ਼ੌਰਤਲਬ ਹੈ ਕਿ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਲਾਲਾ ਜ਼ਮਾਨਤ ‘ਤੇ ਆਇਆ ਹੋਇਆ ਸੀ, ਜਿਸ ਦਾ ਕੁਝ ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।