ਚੀਫ ਖਾਲਸਾ ਦੀਵਾਨ ਦੀ ਉਪ ਚੋਣ: ਅਕਾਲ ਤਖ਼ਤ ਵੱਲੋਂ ਜਾਂਚ ਦੇ ਆਦੇਸ਼

0
232

harmandir_patna
ਅੰਮ੍ਰਿਤਸਰ,  ਬਿਊਰੋ ਨਿਊਜ਼।
ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨੂੰ ਪੱਤਰ ਭੇਜ ਕੇ ਹਦਾਇਤ ਕੀਤੀ ਗਈ ਹੈ ਕਿ 25 ਮਾਰਚ ਨੂੰ ਹੋਈ ਉਪ ਚੋਣ ਸਮੇਂ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਕਰਕੇ ਰਿਪੋਰਟ ਸੱਤ ਦਿਨਾਂ ਵਿੱਚ ਅਕਾਲ ਤਖ਼ਤ ਵਿਖੇ ਭੇਜੀ ਜਾਵੇ।
ਇਹ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਚੀਫ ਖਾਲਸਾ ਦੀਵਾਨ ਦੇ ਨਵ-ਨਿਯੁਕਤ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਨਾਂ ‘ਤੇ ਭੇਜਿਆ ਗਿਆ ਹੈ। ਅੱਜ ਭੇਜੇ ਇਸ ਪੱਤਰ ਵਿੱਚ ਉਨ੍ਹਾਂ ਆਖਿਆ ਕਿ 25 ਮਾਰਚ ਨੂੰ ਹੋਈ ਉਪ ਚੋਣ ਬਾਰੇ ਦੀਵਾਨ ਦੇ ਕਈ ਮੈਂਬਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਚੋਣ ਸਮੇਂ ਪਤਿਤ ਅਤੇ ਸੰਵਿਧਾਨਕ ਅਖ਼ਤਿਆਰ ਖ਼ਤਮ ਕਰ ਚੁੱਕੇ ਮੈਂਬਰਾਂ ਦੀਆਂ ਵੋਟਾਂ ਪਾਈਆਂ ਗਈਆਂ ਹਨ। ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਇਸ ਸਬੰਧੀ ਮੁਕੰਮਲ ਪੜਤਾਲ ਕੀਤੀ ਜਾਵੇ। ਇਸ ਸਬੰਧੀ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ 7 ਦਿਨਾਂ ਵਿੱਚ ਜਾਂਚ ਰਿਪੋਰਟ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਬੀਤੇ ਦਿਨ ਕੁਝ ਮੈਂਬਰਾਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿੱਚ ਨਵ ਨਿਯੁਕਤ ਆਨਰੇਰੀ ਸਕੱਤਰ ਵੀ ਸ਼ਾਮਲ ਸਨ। ਇਸ ਧਿਰ ਵੱਲੋਂ ਇਸ ਸਬੰਧੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੀਫ ਖਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਨੂੰ ਵੀ ਕੀਤੀ ਜਾ ਚੁੱਕੀ ਹੈ।