ਅਮਰੀਕਾ ਪੁਜਣ ਦੇ ਚਾਹਵਾਨ ਰਾਹ ਵਿੱਚ ਹੀ ਹੋਏ ਲਾਪਤਾ ਪੰਜਾਬ ਦੇ 3 ਨੌਜਵਾਨਾਂ ਦੇ ਪਰਿਵਾਰ ਗਹਿਰ ਸਦਮੇ ‘ਚ

0
192

abdullapur-photo
ਅਬਦੁੱਲਾਪੁਰ ਦੇ ਨੌਜਵਾਨ ਇੰਦਰਜੀਤ ਦੀ ਮਾਤਾ ਆਪਣੇ ਪੁੱਤਰ ਦੀ ਫੋਟੋ ਤੇ ਰਿਸ਼ਤੇਦਾਰ ਔਰਤਾਂ ਨਾਲ।

ਮੁਕੇਰੀਆਂ/ਬਿਊਰੋ ਨਿਊਜ਼:
ਪਿੰਡ ਪੁਰੀਕਾ ਤੇ ਅਬਦੁੱਲਾਪੁਰ ਦੇ ਅਮਰੀਕਾ ਜਾਂਦਿਆਂ ਲਾਪਤਾ ਹੋਏ ਤਿੰਨ ਲੜਕਿਆਂ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਪੀੜਤਾਂ ਨੇ 1 ਨਵੰਬਰ ਨੂੰ ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਏਜੰਟ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਸਦਮੇ ਵਿੱਚ ਹਨ। ਤਿੰਨਾਂ ਲਾਪਤਾ ਲੜਕਿਆਂ ਦੇ ਪਰਿਵਾਰ ਏਜੰਟ ਕੋਲੋਂ 25-25 ਲੱਖ ਰੁਪਏ ਲੈ ਚੁੱਕੇ ਹਨ।
ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲਾ ਸਥਾਨਕ ਏਜੰਟ ਰੂਪੋਸ਼ ਹੋ ਗਿਆ ਹੈ ਅਤੇ ਉਸ ਨੇ ਆਪਣਾ ਫੋਨ ਵੀ ਬੰਦ ਕਰ ਲਿਆ ਹੈ। ਪਰਿਵਾਰਾਂ ਨੂੰ ਖ਼ਦਸ਼ਾ ਹੈ ਕਿ ਏਜੰਟ ਕੋਲ 10 ਸਾਲ ਦਾ ਕੈਨੇਡਾ ਦਾ ਵੀਜ਼ਾ ਹੋਣ ਕਾਰਨ ਉਹ ਕਿਸੇ ਵੇਲੇ ਵੀ ਵਿਦੇਸ਼ ਜਾ ਸਕਦਾ ਹੈ। ਰਕਮ ਵਾਪਸ ਕਰਨ ਬਾਰੇ ਸਾਹਮਣੇ ਆਏ ਇਕਰਾਰਨਾਮੇ ਵਿੱਚ ਨੌਜਵਾਨਾਂ ਦਾ ਜਾਨੀ ਨੁਕਸਾਨ ਹੋਣ ‘ਤੇ ਪਰਿਵਾਰਾਂ ਵੱਲੋਂ ਏਜੰਟਾਂ ‘ਤੇ ਕੋਈ ਕੇਸ ਨਾ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਪੁਰੀਕਾ ਦੇ ਲਾਪਤਾ ਸਰਬਜੀਤ ਸਿੰਘ (24 ਸਾਲ) ਦੀ ਮਾਤਾ ਸੱਤਪਾਲ ਕੌਰ ਨੇ ਦੱਸਿਆ ਕਿ ਏਜੰਟ ਸੁਖਵਿੰਦਰ ਸਿੰਘ, ਜੋ ਪੀਏਪੀ ਵਿੱਚ ਏਐੱਸਆਈ ਸੀ, ਨਾਲ ਉਨ੍ਹਾਂ ਨੇ ਆਪਣੇ ਲੜਕੇ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਲਈ 35 ਲੱਖ ਰੁਪਏ ਵਿੱਚ ਗੱਲਬਾਤ ਕੀਤੀ ਸੀ। ਏਜੰਟ ਨੇ ਲੜਕੇ ਨੂੰ ਪੰਜ ਦਿਨਾਂ ਵਿੱਚ ਵਿਦੇਸ਼ ਪਹੁੰਚਾ ਦੇਣ ਦਾ ਦਾਅਵਾ ਕੀਤਾ ਸੀ। ਇਸੇ ਤਰ੍ਹਾਂ, ਅਬਦੁੱਲਾਪੁਰ ਦੇ ਲਾਪਤਾ ਇੰਦਰਜੀਤ ਸਿੰਘ (22 ਸਾਲ) ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਦਾ ਇਸ ਏਜੰਟ ਨਾਲ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਪੇਸ਼ਗੀ ਵਜੋਂ 12-12 ਲੱਖ ਦੇ ਦਿੱਤੇ ਸਨ ਅਤੇ ਬਾਕੀ ਰਕਮ ਅਮਰੀਕਾ ਪੁੱਜਣ ‘ਤੇ ਦੇਣੀ ਸੀ। ਉਨ੍ਹਾਂ ਦੇ ਲੜਕੇ 27 ਮਈ 2017 ਨੂੰ ਘਰੋਂ ਗਏ ਸਨ ਅਤੇ ਏਜੰਟ ਨੇ 10 ਦਿਨ ਦਿੱਲੀ ਰੱਖਣ ਪਿੱਛੋਂ 18 ਦਿਨ ਦੇ ਵੀਜ਼ੇ ‘ਤੇ ਉਨ੍ਹਾਂ ਦੀ ਮਾਸਕੋ ਦੀ ਟਿਕਟ ਕਟਾ ਕੇ ਉੱਥੇ ਭੇਜ ਦਿੱਤਾ ਸੀ। ਉੱਥੋਂ ਅੱਗੇ ਲੜਕਿਆਂ ਨੂੰ ਬਾਹਮਾਸ ਰਾਹੀਂ ਕਾਨੂੰਨੀ ਤਰੀਕੇ ਨਾਲ ਹਵਾਈ ਜਹਾਜ਼ ਰਾਹੀਂ ਅਮਰੀਕਾ ਭੇਜਿਆ ਜਾਣਾ ਸੀ। ਦੋ ਮਹੀਨੇ ਬੀਤਣ ‘ਤੇ ਵੀ ਲੜਕੇ ਦੇ ਅਮਰੀਕਾ ਨਾ ਪੁੱਜਣ ‘ਤੇ ਜਦੋਂ ਉਨ੍ਹਾਂ ਏਜੰਟ ‘ਤੇ ਜ਼ੋਰ ਪਾਇਆ ਤਾਂ ਉਨ੍ਹਾਂ ਦੇ ਲੜਕੇ ਨੇ ਆਖ਼ਰੀ ਵਾਰ ਆਪਣੇ ਫੋਨ ‘ਤੇ ਵੁਆਇਸ ਮੈਸੇਜ ਰਾਹੀਂ ਦੋ ਅਗਸਤ ਨੂੰ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਉਹ ਫਰੀਪੋਰਟ ਟਾਪੂ ‘ਤੇ ਹਨ। ਇਸ ਪਿੱਛੋਂ ਏਜੰਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਲੜਕੇ ਅਮਰੀਕਾ ਪੁੱਜ ਗਏ ਹਨ। ਸਰਬਜੀਤ ਸਿੰਘ ਦੇ ਪਹਿਲਾਂ ਅਮਰੀਕਾ ਗਏ ਛੋਟੇ ਭਰਾ ਨੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਸਰਬਜੀਤ ਅਮਰੀਕਾ ਨਹੀਂ ਪੁੱਜਾ। ਜਦੋਂ ਵਾਰ-ਵਾਰ ਏਜੰਟ ‘ਤੇ ਦਬਾਅ ਬਣਾਇਆ ਤਾਂ ਉਸ ਨੇ ਕਿਹਾ ਕਿ ਉਹ ਖ਼ੁਦ ਥਾਣੇਦਾਰ ਹੈ ਤੇ ਉਨ੍ਹਾਂ ਨੂੰ ਰਕਮ ਦੇਣ ਦੀ ਥਾਂ ਪੁਲੀਸ ਨੂੰ ਦੇ ਕੇ ਆਪਣੇ-ਆਪ ਨੂੰ ਛੁਡਾ ਲਵੇਗਾ।
ਇਸੇ ਦੌਰਾਨ ਏਜੰਟ ਸੁਖਵਿੰਦਰ ਸਿੰਘ ਨੇ ਪਰਿਵਾਰਾਂ ਨਾਲ ਸੰਪਰਕ ਕਰ ਕੇ ਲਏ 12 ਲੱਖ ਰੁਪਏ ਦੀ ਥਾਂ ਦੁੱਗਣੇ 25 ਲੱਖ ਰੁਪਏ ਵਾਪਸ ਲੈਣ ਲਈ ਆਖਿਆ। ਇਸ ‘ਤੇ ਪਰਿਵਾਰ ਨੇ ਏਜੰਟ ਨਾਲ ਬੀਤੀ 20 ਸਤੰਬਰ ਨੂੰ ਇਕਰਾਰਨਾਮਾ ਕੀਤਾ ਕਿ ਉਹ ਆਪਣੀ ਰਕਮ ਵਾਪਸ ਲੈ ਰਹੇ ਹਨ ਤੇ ਜੇਕਰ ਲੜਕੇ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਏਜੰਟ ਖ਼ਿਲਾਫ਼ ਕਾਰਵਾਈ ਨਹੀਂ ਕਰਨਗੇ।
ਐੱਸਐੱਸਪੀ ਜੇ. ਇਲਨਚੇਲੀਅਨ ਨੇ ਕਿਹਾ ਕਿ ਮਾਮਲੇ ਦਾ ਖ਼ੁਲਾਸਾ ਹੋਣ ‘ਤੇ ਪੁਲੀਸ ਨੇ ਏਜੰਟ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਰਿਵਾਰਾਂ ਨਾਲ ਵੀ ਪੁਲੀਸ ਨੇ ਮੁਲਾਕਾਤ ਕਰ ਕੇ ਲਿਖਤੀ ਦਰਖ਼ਾਸਤ ਦੇਣ ਲਈ ਆਖਿਆ ਹੈ।