‘ਆਪ’ ਦੇ 3 ਵਿਧਾਇਕਾਂ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ

0
172

aap-vidhayak
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਵਿਚ ਇਕ ਔਰਤ ਵੱਲੋਂ ਛੇੜਛਾੜ ਦੇ ਦੋਸ਼ਾਂ ਹੇਠ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਖਿਲਾਫ਼ ਸਿਵਲ ਲਾਈਨਜ਼ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਹ ਸਦਨ ਦੀ ਕਾਰਵਾਈ ਵੇਖਣ ਲਈ ਗਈ ਸੀ, ਪਰ ਉਸ ਨੂੰ ਪਾਸ ਨਹੀਂ ਮਿਲਿਆ। ਉਸ ਨੇ ਕਿਹਾ ਕਿ ਵਿਧਾਨ ਸਭਾ ਦੇ ਇਕ ਕਮਰੇ ਵਿਚ ਤਿੰਨ ਵਿਧਾਇਕਾਂ ਨੇ ਉਸ ‘ਤੇ ਹਮਲਾ ਕੀਤਾ ਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਵਿਧਾਇਕ ਅਮਾਨਤੁੱਲਾ ਖਾਨ, ਜਰਨੈਲ ਸਿੰਘ ਤੇ ਸੋਮਨਾਥ ਭਾਰਤੀ ਖਿਲਾਫ਼ ਮਾਮਲਾ ਦਰਜ ਕਰਾਇਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
‘ਆਪ’ ਆਗੂਆਂ ਨੇ ਦੋਸ਼ ਨਕਾਰੇ :
ਇਸ ਵਿਚਾਲੇ ‘ਆਪ’ ਆਗੂ ਸੰਜੇ ਸਿੰਘ ਨੇ ਇਸ ਨੂੰ ਕੇਂਦਰ ਸਰਕਾਰ ਦੀ ਪੁਲੀਸ ਰਾਹੀਂ ਕੀਤੀ ਗਈ ਬਦਲੇ ਦੀ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੱਤਾ ਵਿਚ ਆਉਣ ਬਾਅਦ ਹੁਣ ਤੱਕ ਪਾਰਟੀ ਦੇ 15 ਵਿਧਾਇਕਾਂ ਨੂੰ ਪੁਲੀਸ ਹਿਰਾਸਤ ਵਿਚ ਲੈ ਚੁੱਕੀ ਹੈ। ‘ਆਪ’ ਦੀ ਦਿੱਲੀ ਇਕਾਈ ਦੇ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ‘ਆਪ’ ਦੇ ਵਿਧਾਇਕਾਂ ਦੀ ਗ੍ਰਿਫਤਾਰੀ ਦੇ ਮਾਮਲਿਆਂ ਵਿਚ ਪੁਲੀਸ ਜਾਂਚ ਦਾ ਸਿੱਟਾ ਨਿਰਾਸ਼ਾਜਨਕ ਰਿਹਾ ਹੈ ਤੇ ਪੁਲੀਸ ਨੂੰ ਇਨ੍ਹਾਂ ਮਾਮਲਿਆਂ ਵਿਚ ਅਦਾਲਤ ਵਿਚ ਹਾਰ ਮਿਲੀ ਹੈ।