ਆਮ ਆਦਮੀ ਪਾਰਟੀ ਵਲੋਂ ਕੁਲਦੀਪ ਸਿੰਘ ਧਾਲੀਵਾਲ ਸਮੇਤ 97 ਨਵੀਆਂ ਨਿਯੁਕਤੀਆਂ

0
831

aap-umeedwar-kuldeep-singh-dhaliwal
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਸੂਬਾਈ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ (ਜਗਦੇਵ ਕਲਾਂ) ਨੂੰ ਪਿੰਡ ਅਤੇ ਪੰਚਾਇਤ ਸੈੱਲ ਪੰਜਾਬ ਦਾ ਸਟੇਟ ਇੰਚਾਰਜ ਨਿਯੁਕਤ ਕਰਨ ਸਮੇਤ 97 ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਨੇ ਸ੍ਰੀ ਧਾਲੀਵਾਲ ਦੀ ਇਹ ਅਹਿਮ ਨਿਯੁਕਤੀ ਕਰਕੇ ਮਾਝੇ ਨੂੰ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ। ਦੱਸਣਯੋਗ ਹੈ ਕਿ ‘ਆਪ’ ਦੀ ਲੀਡਰਸ਼ਿਪ ਨੇ ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਆਪਣੇ ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਕੌਮੀ ਆਗੂ ਦੁਰਗੇਸ਼ ਪਾਠਕ ਉਸੇ ਦਿਨ ਤੋਂ ਅੰਮ੍ਰਿਤਸਰ ਵਿਖੇ ਡੇਰੇ ਲਾ ਕੇ ਬੈਠੇ ਹਨ। ਹੁਣ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਵਿਧਾਨ ਸਭਾ ਚੋਣਾਂ ਦੇ ਨਾਲ 4 ਫਰਵਰੀ ਨੂੰ ਹੀ ਕਰਵਾਉਣ ਦਾ ਐਲਾਨ ਹੋਣ ਤੋਂ ਬਾਅਦ ਪਾਰਟੀ ਅੰਮ੍ਰਿਤਸਰ ਹਲਕੇ ਨੂੰ ਜਥੇਬੰਦਕ ਤੌਰ ‘ਤੇ ਹੋਰ ਮਜ਼ਬੂਤ ਕਰਨ ਵਿਚ ਜੁਟ ਗਈ ਹੈ। ਸ੍ਰੀ ਧਾਲੀਵਾਲ ਤੋਂ ਇਲਾਵਾ ਅੰਮ੍ਰਿਤਸਰ ਦੇ ਆਗੂਆਂ ਜਸਪ੍ਰੀਤ, ਪ੍ਰਭਬੀਰ ਬਰਾੜ, ਸਤਪਾਲ ਜੌਹਰੀ, ਸੰਜੀਵ ਲਾਂਬਾ, ਸ਼ਿਵਾਨੀ ਸ਼ਰਮਾ, ਸੁਖਬੀਰ ਕੌਰ, ਜੀਵਨ ਜਿਓਤੀ, ਮਨਜੀਤ ਕੌਰ, ਜੋਬਨਪ੍ਰੀਤ ਸਿੰਘ, ਦਵਿੰਦਰ ਸਿੰਘ ਆਦਿ ਨੂੰ ਵੀ ਅੱਜ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸ੍ਰੀ ਵੜੈਚ ਨੇ ਇਸ ਤੋਂ ਇਲਾਵਾ ਐਸਸੀਐਸਟੀ, ਟੀਟੀਆਈ, ਸਾਬਕਾ ਫੌਜੀ, ਸਪੋਰਟਸ, ਮਹਿਲਾ, ਯੂਥ, ਕਿਸਾਨ, ਕਾਨੂੰਨੀ, ਐਨਆਰਆਈ ਅਤੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਵਿੰਗਾਂ ਵਿਚ ਵੀ ਥੋਕ ਵਿਚ ਨਿਯੁਕਤੀਆਂ ਕੀਤੀਆਂ ਹਨ। ਕੁਲਜੀਤ ਸਿੰਘ ਨੂੰ ਅੰਮ੍ਰਿਤਸਰ ਜ਼ੋਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।