ਹਾਰ ਮਗਰੋਂ ‘ਆਪ’ ਨੂੰ ਚੇਤੇ ਆਏ ਨਿਯਮ, ਸੰਵਿਧਾਨ ਮੁਤਾਬਕ ਹੋਵੇਗੀ ਪੰਜਾਬ ਦੀ ਕਾਰਜਕਾਰਨੀ

0
116

aap-karjkarni

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਹਾਰ ਤੋਂ ਬਾਅਦ ਸੰਵਿਧਾਨ ਚੇਤੇ ਆਉਣ ਲੱਗਾ ਹੈ। ‘ਆਪ’ ਦੇ ਸਮੂਹ ਜਿੱਤੇ ਅਤੇ ਹਾਰੇ ਉਮੀਦਵਾਰਾਂ ਦੀ ਹੋਈ ਮੀਟਿੰਗ ਵਿਚ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਹੁਣ ਪੰਜਾਬ ਦੀ ਕਾਰਜਕਾਰਨੀ ਸੰਵਿਧਾਨ ਮੁਤਾਬਕ ਹੀ ਬਣਾਈ ਜਾਵੇਗੀ। ਜਦੋਂ ਤੱਕ ‘ਆਪ’ ਦੀ ਪੰਜਾਬ ਦੀ ਬਾਡੀ ਪਾਰਟੀ ਸੰਵਿਧਾਨ ਅਨੁਸਾਰ ਨਹੀਂ ਬਣਦੀ, ਉਦੋਂ ਤੱਕ ਚੋਣ ਪ੍ਰਚਾਰ ਕਮੇਟੀ ਪਾਰਟੀ ਦੀਆਂ ਸਰਗਰਮੀਆਂ ਚਲਾਵੇਗੀ। ਇਸ ਕਮੇਟੀ ਦੀ ਅਗਵਾਈ ਸੰਸਦ ਮੈਂਬਰ ਭਗਵੰਤ ਮਾਨ ਦੇ ਹੱਥ ਹੈ, ਜਿਸ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਸ਼ਾਮਲ ਹਨ।
ਸੂਤਰਾਂ ਅਨੁਸਾਰ ਸਮੂਹ ਜਿੱਤੇ ਤੇ ਹਾਰੇ ਉਮੀਦਵਾਰਾਂ ਦੀ ਮੀਟਿੰਗ ਦੌਰਾਨ ਅਹਿਮ ਫੈਸਲਾ ਕੀਤਾ ਗਿਆ ਕਿ ਪੰਜਾਬ ਇਕਾਈ ਨੂੰ ਹੁਣ ਸੰਵਿਧਾਨ ਅਨੁਸਾਰ ਹੀ ਬਣਾਇਆ ਜਾਵੇਗਾ। ਇਸ ਤਹਿਤ ਲੋਕ ਸਭਾ ਹਲਕਿਆਂ ‘ਤੇ ਆਧਾਰਤ ਜ਼ੋਨਲ ਨੂੰ ਇੰਚਾਰਜਾਂ ਨੂੰ ਹਟਾ ਕੇ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ। ਫਿਰ ਬਾਕਾਇਦਾ ਸੂਬਾਈ ਬਾਡੀ ਦੀ ਚੋਣ ਹੋਵੇਗੀ। ਮੀਟਿੰਗ ਵਿਚ ਹਾਰ ਦੇ ਹੋਰ ਕਾਰਨਾਂ ਦੇ ਨਾਲ ਇਕ ਆਗੂ ਨੇ ਰੋਚਕ ਪੱਖ ਰੱਖਦਿਆਂ ਕਿਹਾ ਕਿ ਪਾਰਟੀ ਵਲੋਂ ਨਸ਼ਿਆਂ ਵਿਰੁੱਧ ‘ਲੋੜੋਂ ਵੱਧ ਪ੍ਰਚਾਰ’ ਕਰਨ ਕਾਰਨ ਡੋਡਿਆਂ ਦੇ ਸ਼ੌਕੀਨ ਵੀ ਪਾਰਟੀ ਖ਼ਿਲਾਫ਼ ਹੋ ਗਏ।
ਮਜ਼ੇਦਾਰ ਗੱਲ ਇਹ ਹੈ ਕਿ ਮੀਟਿੰਗ ਵਿਚ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਅਤੇ ਪੰਜਾਬ ਦੇ ਜਥੇਬੰਦਕ ਢਾਂਚੇ ਦੇ ਘਾੜੇ ਦੁਰਗੇਸ਼ ਪਾਠਕ ਸ਼ਾਮਲ ਨਹੀਂ ਸਨ, ਜਦਕਿ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੇ ਇਸ਼ਾਰੇ ਤੋਂ ਬਿਨਾਂ ਪਾਰਟੀ ਵਿਚ ਕੋਈ ਫੈਸਲਾ ਨਹੀਂ ਹੁੰਦਾ ਸੀ। ਮੀਟਿੰਗ ਦੌਰਾਨ ਕਈ ਲੀਡਰਾਂ ਨੇ ਪੰਜਾਬ ਇਕਾਈ ਵਿਚ ਦਿੱਲੀ ਦੀ ਲੀਡਰਸ਼ਿਪ ਦੀ ਫਾਲਤੂ ਦਖਲਅੰਦਾਜ਼ੀ ਦਾ ਮੁੱਦਾ ਬੜੇ ਜ਼ੋਰ ਨਾਲ ਉਠਾਇਆ।
ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਸੰਪਰਕ ਕਰਨ ‘ਤੇ ਪੁਸ਼ਟੀ ਕੀਤੀ ਕਿ ਹੁਣ ਪਾਰਟੀ ਸੰਵਿਧਾਨ ਅਨੁਸਾਰ ਲੋਕ ਸਭਾ ਹਲਕਿਆਂ ਅਨੁਸਾਰ ਜ਼ੋਨਲ ਇੰਚਾਰਜਾਂ ਦੀਆਂ ਕਮੇਟੀਆਂ ਭੰਗ ਕਰਕੇ ਜ਼ਿਲ੍ਹਾ ਪੱਧਰੀ ਇਕਾਈਆਂ ਬਣਾਈਆਂ ਜਾਣਗੀਆਂ। ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਉਨ੍ਹਾਂ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੂੰ ਇਸ ਮਤੇ ਦੀ ਸਿਫਾਰਸ਼ ਕਰ ਦਿੱਤੀ ਹੈ। ਪੀਏਸੀ ਤੋਂ ਮਨਜ਼ੂਰੀ ਪਿੱਛੋਂ ਪਾਰਟੀ ਦਾ ਜਥੇਬੰਦਕ ਢਾਂਚਾ ਸੰਵਿਧਾਨ ਅਨੁਸਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਹ ਲੋਕ ਸਭਾ ਹਲਕਾਵਾਰ ਵਾਲੰਟੀਅਰਾਂ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰਨਗੇ। ਪਾਰਟੀ ਦੇ ਦਾਖਾ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਵਕੀਲ ਐਚ.ਐਸ. ਫੂਲਕਾ ਨੇ ਕਿਹਾ ਕਿ ਪਾਰਟੀ ਪੰਜਾਬ ਇਕਾਈ ਨੂੰ ਮਜ਼ਬੂਤ ਕਰਕੇ ਵਿਰੋਧੀ ਧਿਰ ਦੀ ਭੂਮਿਕਾ ਠੋਸ ਢੰਗ ਨਾਲ ਨਿਭਾਵੇਗੀ।