ਪੰਜਾਬ ਵਿਚ ਆਮ ਆਦਮੀ ਪਾਰਟੀ ‘ਚ ਕਲੇਸ਼ ਵਧਿਆ

0
125

aap-dispute
ਕੇਜਰੀਵਾਲ ਨੇ ਇਕ ਹੋਰ ਕੋਸ਼ਿਸ਼ ਵੱਜੋਂ ਸੱਦੀ ਪੰਜਾਬ ਇਕਾਈ ਦੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ  ਪੰਜਾਬ ਇਕਾਈ ਦੀ ਮੁੱਖ ਲੀਡਰਸ਼ਿਪ ਦੀ ਦਿੱਲੀ ਵਿੱਚ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ  ਵਿੱਚ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਸਮੇਤ ਸਾਰੇ 5 ਜ਼ੋਨ ਪ੍ਰਧਾਨਾਂ, ਸਮੂਹ  ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਪਾਰਟੀ ਦੇ ਸਮੂਹ ਵਿੰਗਾਂ ਦੇ ਪ੍ਰਧਾਨਾਂ ਨੂੰ ਸੱਦਿਆ  ਹੈ। ਇਸ ਤੋਂ ਪਹਿਲਾਂ ਸ੍ਰੀ ਖਹਿਰਾ ਨਾਲ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਏ ਅੱਠਵੇਂ ਵਿਧਾਇਕ ਜੈ ਕ੍ਰਿਸ਼ਨ ਪਹਿਲਾਂ ਹੀ ਦਿੱਲੀ ਵਿਚ 3 ਹੋਰ ਵਿਧਾਇਕਾਂ ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਨਾਲ ਸ੍ਰੀ ਕੇਜਰੀਵਾਲ ਨੂੰ ਮਿਲ ਚੁੱਕੇ ਹਨ ਤੇ ਇਨ੍ਹਾਂ ਵਿਧਾਇਕਾਂ ਨੇ ਇਸ ਮਾਮਲੇ ‘ਚ ਸ੍ਰੀ ਕੇਜਰੀਵਾਲ ਨੂੰ ਖੁਦ ਦਖਲ ਦੇਣ ਦੀ ਮੰਗ ਕੀਤੀ ਹੈ। ਸ੍ਰੀ ਕੇਜਰੀਵਾਲ ਨੇ ਇਨ੍ਹਾਂ ਚਾਰ ਵਿਧਾਇਕਾਂ ਤੋਂ ਪੰਜਾਬ ਵਿੱਚ ਪਾਰਟੀ ਦੀ ਸਥਿਤੀ ਅਤੇ ਸ੍ਰੀ ਖਹਿਰਾ ਬਾਰੇ ਜਾਣਕਾਰੀ ਹਾਸਲ ਕੀਤੀ ਸੀ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਨਾਲ ਗਏ ਸੱਤ ਵਿਧਾਇਕਾਂ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਵਿਚਕਾਰ ਗੱਲ ਟੁੱਟਣ ਕਾਰਨ ਪਾਰਟੀ ਦੇ ਦੋਫਾੜ ਹੋਣ ਦੀ ਸੰਭਾਵਨਾ ਬਣ ਗਈ ਹੈ।
ਮੀਟਿੰਗ ਬੇਸਿੱਟਾ ਰਹਿਣ ਮਗਰੋਂ ਸ੍ਰੀ ਖਹਿਰਾ ਨੇ 2 ਅਗਸਤ ਨੂੰ ਬਠਿੰਡਾ ਵਿੱਚ ਕਨਵੈਨਸ਼ਨ ਬਰਕਰਾਰ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਉੱਪਰ ਪਹਿਰਾ ਦੇਣਗੇ। ਉਨ੍ਹਾਂ ਸ੍ਰੀ ਸਿਸੋਦੀਆ ਨੂੰ ਵੀ 2 ਅਗਸਤ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਗੱਲਬਾਤ ਵਿੱਚ ਵਿਸ਼ਵਾਸ ਰਖਦੇ ਹਨ, ਪਰ ਮੀਟਿੰਗ ਵਿੱਚ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪਾਰਟੀ ਦੇ ਮੁੱਖ ਅਹੁਦੇਦਾਰਾਂ ਵਿੱਚ ਕੋਈ ਵੀ ਦਲਿਤ ਨਹੀਂ ਹੈ ਅਤੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਦਲਿਤ ਪੱਤਾ ਖੇਡਿਆ ਜਾ ਰਿਹਾ ਹੈ। ਉਂਜ ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਕਿ ਉਹ ਕੋਈ ਵੱਖਰੀ ਪਾਰਟੀ ਨਹੀਂ ਬਣਾ ਰਹੇ ਅਤੇ ਪਾਰਟੀ ਦੇ ਨਾਲ ਖੜ੍ਹੇ ਹਨ।
ਦੂਸਰੇ ਪਾਸੇ ਸ੍ਰੀ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਆਬਾਦੀ ਹੈ ਅਤੇ ਉਨ੍ਹਾਂ ਪੰਜਾਬ ਵਿੱਚ ਹਰਪਾਲ ਸਿੰਘ ਚੀਮਾ ਨੂੰ ਇਸੇ ਲਈ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ ਕਿਉਂਕਿ ਪਾਰਟੀ ਬਣੀ ਹੀ ਗਰੀਬਾਂ ਤੇ ਦਲਿਤ ਵਰਗ ਨੂੰ ਅੱਗੇ ਲਿਆਉਣ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਤੇ ਲੀਡਰਸ਼ਿਪ ਨਾਲ ਵਿਚਾਰ ਕਰਕੇ ਹੀ ਸ੍ਰੀ ਚੀਮਾ ਨੂੰ ਨਿਯੁਕਤ ਕੀਤਾ ਹੈ ਅਤੇ ਇਹ ਫ਼ੈਸਲਾ ਦਿੱਲੀ ਹਾਈ ਕਮਾਂਡ ਦਾ ਨਹੀਂ ਹੈ। ਉਨ੍ਹਾਂ ਸ੍ਰੀ ਖਹਿਰਾ ਵੱਲੋਂ 2 ਅਗਸਤ ਨੂੰ ਬੁਲਾਈ ਕਨਵੈਨਸ਼ਨ ਬਾਰੇ ਕਿਹਾ ਕਿ ਉਨ੍ਹਾਂ ਕਿਸੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਕੋਈ ਫ਼ੈਸਲਾ ਨਹੀਂ ਕੀਤਾ।