‘ਆਪ’ ਵਿਧਾਇਕ ਸੋਮਦੱਤ ਖ਼ਿਲਾਫ਼ ਦੰਗਾ ਫੈਲਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਸ਼ੁਰੂ

0
260

aap-agu-som-dutt
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੀ ਇਕ ਅਦਾਲਤ ਨੇ ‘ਆਪ’ ਵਿਧਾਇਕ ਸੋਮਦੱਤ ਖਿਲਾਫ਼ ਮੁਕੱਦਮਾ ਸ਼ੁਰੂ ਕਰ ਦਿੱਤਾ ਹੈ। ਸੋਮਦੱਤ ‘ਤੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦੰਗਾ ਫੈਲਾਉਣ, ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਹਨ। ਦਿੱਲੀ ਦੇ ਸਦਰ ਬਾਜ਼ਾਰ ਇਲਾਕੇ ਤੋਂ ‘ਆਪ’ ਵਿਧਾਇਕ ਸੋਮਦੱਤ ਖਿਲਾਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਰੂਬੀ ਨੀਜ ਕੁਮਾਰ ਨੇ ਦੋਸ਼ ਤੈਅ ਕਰ ਦਿੱਤੇ ਗਏ ਹਨ, ਇਸ ਸਮੇਂ ਜ਼ਮਾਨਤ ‘ਤੇ ਚੱਲ ਰਹੇ ਵਿਧਾਇਕ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਮੁਕੱਦਮੇ ਦਾ ਸਾਹਮਣਾ ਕਰਨ ਦਾ ਫੈਸਲਾ ਲਿਆ ਸੀ। ਅਦਾਲਤ ਨੇ ਕੇਸ ਦੀ ਪੈਰਵੀ ਕਰ ਰਹੀ ਧਿਰ ਨੂੰ ਸਬੂਤ ਦਰਜ ਕਰਵਾਉਣ ਲਈ ਮਾਮਲੇ ਨੂੰ 27 ਜੁਲਾਈ ਲਈ ਸੂਚੀਬੱਧ ਕਰਦਿਆਂ ਸ਼ਿਕਾਇਤਕਰਤਾ ਰਾਜੀਵ ਰਾਣਾ ਨੂੰ ਸੰਮਨ ਜਾਰੀ ਕੀਤੇ ਹਨ। ਇਲਜ਼ਾਮ ਸਾਬਿਤ ਹੋਣ ‘ਤੇ ਦੋਸ਼ੀ ਨੂੰ 7 ਸਾਲਾਂ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਗੌਰਤਲਬ ਹੈ ਕਿ ਉੱਤਰੀ ਦਿੱਲੀ ਦੇ ਗੁਲਾਬੀ ਬਾਗ਼ ਪੁਲੀਸ ਥਾਣੇ ਵਿਚ ਸਾਲ 2015 ਵਿਚ ਰਾਜੀਵ ਰਾਣਾ ਨੇ ਸੋਮਦੱਤ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ ਜਿਸ ਵਿਚ ਇਲਜ਼ਾਮ ਲਗਾਇਆ ਗਿਆ ਸੀ ਕਿ ਪ੍ਰਚਾਰ ਦੌਰਾਨ ਆਪਣੇ 50 ਸਮਰਥਕਾਂ ਨਾਲ ਸ਼ਿਕਾਇਤਕਰਤਾ ਦੇ ਘਰ ਪਹੁੰਚੇ ਸੋਮਦੱਤ ਨੇ ਕਥਿਤ ਤੌਰ ‘ਤੇ ਉਸ ਦੇ ਪੈਰਾਂ ‘ਤੇ ਬੇਸਬਾਲ ਨਾਲ ਵਾਰ ਕੀਤਾ ਸੀ ਤੇ ਉਨ੍ਹਾਂ ਦੇ ਸਮਰਥਕਾਂ ਨੇ ਉਸ ਨੂੰ ਸੜਕ ‘ਤੇ ਲਿਆ ਕੇ ਕੁੱਟਮਾਰ ਕੀਤੀ ਸੀ।