ਸਿੱਖ ਕਤਲੇਆਮ ਦੀ ਜਾਂਚ ਲਈ ਕਾਇਮ ਸਿੱਟ ਦਾ ਚੇਅਰਮੈਨ ਤਲਬ

0
280

84-riots
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੀ ਮੁੜ ਤੋਂ ਜਾਂਚ ਕਰਨ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਚੇਅਰਮੈਨ ਅਨੁਰਾਗ ਨੂੰ ਤਲਬ ਕਰਕੇ ਇਹ ਸਫ਼ਾਈ ਦੇਣ ਲਈ ਕਿਹਾ ਹੈ ਕਿ ਉਨ੍ਹਾਂ ਇਕ ਕੇਸ ਦੀ ਅੱਗੇ ਜਾਂਚ ਕਿਵੇਂ ਆਰੰਭੀ ਜਦਕਿ ਉਨ੍ਹਾਂ ਨੂੰ ਸਿਰਫ਼ ਤੱਥਾਂ ਦੀ ਘੋਖ ਕਰਨ ਲਈ ਕਿਹਾ ਗਿਆ ਸੀ। ਵਧੀਕ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਅਜੇ ਸਿੰਘ ਸ਼ੇਖਾਵਤ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਵੱਲੋਂ ਦਾਖ਼ਲ ਜਵਾਬ ਸੰਤੁਸ਼ਟ ਕਰਨ ਵਾਲਾ ਨਹੀਂ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। ਸਿਟ ਦੇ ਚੇਅਰਮੈਨ ਆਈਪੀਐਸ ਅਧਿਕਾਰੀ ਅਨੁਰਾਗ ਹਨ ਅਤੇ ਰਾਕੇਸ਼ ਕਪੂਰ (ਸੇਵਾਮੁਕਤ ਜ਼ਿਲ੍ਹਾ ਜੱਜ) ਅਤੇ ਕੁਮਾਰ ਗਿਆਨੇਸ਼ (ਵਧੀਕ ਡੀਸੀਪੀ) ਇਸ ਦੇ ਮੈਂਬਰ ਹਨ। ਅਦਾਲਤ ਵੱਲੋਂ ਇਹ ਹੁਕਮ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਸੁਣਾਇਆ ਗਿਆ ਹੈ ਜਿਸ ਤਹਿਤ ਸਿਟ ਨੇ ਮਾਮਲਾ ਬੰਦ ਕਰਨ ਦੀ ਰਿਪੋਰਟ ਇਸ ਆਧਾਰ ‘ਤੇ ਦਿੱਤੀ ਸੀ ਕਿ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ। ਇਹ ਕੇਸ 3 ਨਵੰਬਰ 1984 ਦਾ ਹੈ ਜਦੋਂ 300 ਤੋਂ 400 ਦੰਗਾਈਆਂ ਨੇ ਪੱਛਮੀ ਦਿੱਲੀ ਦੇ ਆਨੰਦ ਪਰਬਤ ਫੈਕਟਰੀ ਏਰੀਆ ਵਿਚ 50 ਵਰ੍ਹਿਆਂ ਦੇ ਸਿੱਖ ‘ਤੇ ਪਥਰਾਅ ਕੀਤਾ ਸੀ। ਹਮਲੇ ਮਗਰੋਂ ਪੀੜਤ ਅਜੈਬ ਸਿੰਘ ਡਿੱਗ ਗਿਆ ਸੀ ਅਤੇ ਇਕ ਪੁਲੀਸ ਵਾਲੇ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ ਵਿਚ ਗੋਲੀਆਂ ਦਾਗੀਆਂ ਅਤੇ ਭੀੜ ਨੂੰ ਖਿੰਡਾ ਦਿੱਤਾ। ਜ਼ਖ਼ਮੀ ਹੋਏ ਅਜੈਬ ਸਿੰਘ ਨੂੰ ਜਦੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਪਟੇਲ ਨਗਰ ਪੁਲੀਸ ਸਟੇਸ਼ਨ ਵਿਚ ਇਸ ਸਬੰਧੀ ਕੇਸ ਦਰਜ ਹੈ।
ਦੰਗਾਈਆਂ ਵਿਚੋਂ ਕਿਸੇ ਦੀ ਪਛਾਣ ਨਹੀਂ ਹੋ ਸਕੀ ਸੀ ਅਤੇ ਇਸ ਦੀ ਰਿਪੋਰਟ ਵਿਚ ਅਦਾਲਤ ਵਿਚ ਦਾਖ਼ਲ ਕੀਤੀ ਗਈ ਸੀ।