ਸਤਾਰਾਂ ਸਾਲ ਪੁਰਾਣੇ ਇਰਾਦਾ ਕਤਲ ਕੇਸ ‘ਚੋਂ ਬਾਬਾ ਦਰਸ਼ਨ ਸਿੰਘ ਢੱਕੀਵਾਲੇ ਬਰੀ

0
900

baba-darshansih-dhakkiwale
22 ਸਾਥੀਆਂ ਸਮੇਤ ਇਨ੍ਹਾਂ ਦੀ ਵਿਰੋਧੀ ਧਿਰ ਦੇ ਡੇਢ ਦਰਜਨ ਮੈਂਬਰ ਵੀ ਬਰੀ
ਪਟਿਆਲਾ/ਬਿਊਰੋ ਨਿਊਜ਼ :
ਇਥੇ ਸੀ.ਬੀ.ਆਈ ਕੋਰਟ ਵਿੱਚ ਇਰਾਦਾ ਕਤਲ ਦੇ ਸਤਾਰਾਂ ਸਾਲ ਪੁਰਾਣੇ ਅਤੇ ਬਹੁ ਚਰਚਿਤ ਕੇਸ ਦੇ ਆਏ ਫੈਸਲੇ ਦੌਰਾਨ ਬਾਬਾ ਦਰਸ਼ਨ ਸਿੰਘ ਢੱਕੀ ਵਾਲੇ ਅਤੇ ਉਨ੍ਹਾਂ ਦੇ 22 ਸਾਥੀਆਂ ਸਮੇਤ ਇਨ੍ਹਾਂ ਦੀ ਵਿਰੋਧੀ ਧਿਰ ਦੇ ਡੇਢ ਦਰਜਨ ਮੈਂਬਰ ਵੀ ਬਰੀ ਹੋ ਗਏ ਹਨ। ਥਾਣਾ ਪਾਇਲ ਵਿੱਚ ਇਹ ਕੇਸ 1999 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਅਤੇ ਸੰਤ ਸਮਾਜ ਦੇ ਟਕਰਾਅ ਮੌਕੇ ਦਰਜ ਹੋਇਆ ਸੀ।
ਕੇਸ ਫਾਈਲ ਅਨੁਸਾਰ ਇਹ ਘਟਨਾ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਮਕਸੂਦੜਾ ਵਿਖੇ ਸਥਿਤ ਢੱਕੀਵਾਲਿਆਂ ਦੀ ਅਧੀਨਗੀ ਵਾਲੇ ਗੁਰਦਵਾਰਾ ਤਪੋਬਣ ਢੱਕੀ ਸਾਹਿਬ ਨੇੜਲੇ ਰਕਬੇ ਨੂੰ ਲੈ ਕੇ ਵਾਪਰੀ ਸੀ। ਪਿੰਡ ਮਕਸੂਦੜਾ ਦੇ ਕੁਝ ਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕਾਂ ‘ਤੇ ਪਿੰਡ ਦੀ ਸ਼ਾਮਲਾਟ ਜ਼ਮੀਨ ‘ਤੇ ਵੀ  ਕਬਜ਼ਾ ਕਰਨ ਦੇ ਦੋਸ਼ ਲਾਏ ਗਏ ਗਏ ਸਨ ਜਿਸ ਕਰਕੇ ਹੋਈਆਂ ਝੜੱਪਾਂ ਦੌਰਾਨ ਦੋਵਾਂ ਧਿਰਾਂ ਦੇ ਕਈ ਕਈ ਮੈਂਬਰ ਜ਼ਖ਼ਮੀ ਹੋ ਗਏ ਸਨ। ਜਿਸ ਦੌਰਾਨ ਹੀ ਇੱਕ ਪਿੰਡ ਵਾਸੀ ਦੇ ਬਿਆਨਾ ‘ਤੇ ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਸਮੇਤ ਉਨ੍ਹਾਂ ਦੇ 21 ਹੋਰ ਸਾਥੀਆਂ ਅਤੇ ਹਮਾਇਤੀਆ੬ ਖ਼ਿਲਾਫ਼ 307 ਅਤੇ ਹੋਰ ਧਾਰਾਵਾਂ ਤਹਿਤ ਇਹ ਕੇਸ 8 ਮਈ 1999 ਨੂੰ ਦਰਜ ਕੀਤਾ ਗਿਆ ਸੀ ਪਰ ਢੱਕੀਵਾਲਿਆਂ ਵੱਲੋਂ ਇਸ ਨੂੰ ਸਰਕਾਰ ਦੀ ਬਦਲਾਲਊ ਭਾਵਨਾ ਕਰਾਰ ਦਿੰਦਿਆਂ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਰਿੱਟ ਦੇ ਆਧਾਰ ‘ਤੇ ਇਹ ਕੇਸ ਸੀਬੀਆਈ ਦੇ ਹਵਾਲੇ ਕੀਤਾ ਗਿਆ ਸੀ। ਉਧਰ ਢੱਕੀਵਾਲਿਆਂ ਵਾਲੀ ਧਿਰ ਵੱਲੋਂ ਵੀ ਪਿੰਡ ਮਕਸੂਦੜਾ ਦੇ ਵਸਨੀਕ ਕਈ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਨ੍ਹਾਂ ਦੀ ਧਿਰ ਦੇ ਕਈ ਬੰਦਿਆਂ ਨੂੰ ਜ਼ਖਮੀ ਕਰਨ ਦੇ ਦੋਸ਼ ਲਾਏ ਗਏ ਸਨ। ਇਸ ਤਰ੍ਹਾਂ ਇਨ੍ਹਾਂ ਦੋਵਾਂ ਮਾਮਲਿਆਂ ਦੀ ਸੁਣਵਾਈ ਪਿਛਲੇ ਕਈ ਸਾਲਾਂ ਤੋਂ ਇਥੇ ਸਥਿਤ ਸੀਬੀਆਈ ਦੀ ਸੂਬਾ ਪੱਧਰੀ ਅਦਾਲਤ ਵਿਚਲੇ ਵਿਸ਼ੇਸ਼ ਜੱਜ ਐਸ.ਐਸ ਮਾਨ ਦੀ ਅਗਵਾਈ  ਹੇਠਲੀ ਅਦਾਲਤ ਵਿੱਚ ਚੱਲ ਰਿਹਾ ਸੀ। ਇਸ ਸਬੰਧੀ   ਸੁਣਾਏ ਗਏ ਫ਼ੈਸਲੇ ਮੁਤਾਬਕ ਇਰਾਦਾ ਕਤਲ ਦੇ ਇਸ ਮਾਮਲੇ ਵਿੱਚੋਂ ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਅਤੇ ਉਨ੍ਹਾਂ ਦੀ ਧਿਰ ਦੇ 21 ਹੋਰ ਮੈਂਬਰਾਂ ਸਮੇਤ ਦੂਜੇ ਧਿਰ ਦੇ ਸਾਰੇ ਮੈਂਬਰਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।