ਟਰੂਡੋ ਦੌਰੇ ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਹੋਣ ਦੀ ਆਸ

0
377

trudo-and-longowal

ਅੰਮ੍ਰਿਤਸਰ, ਬਿਊਰੋ ਨਿਊਜ਼।
ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਯਾਦਗਾਰੀ ਸਿੱਕਾ ਭੇਟ ਕਰਦੇ ਹੋਏ ਜਸਟਿਨ ਟਰੂਡੋ। -ਫੋਟੋ:ਪੰਜਾਬੀ ਟ੍ਰਿਬਿਊਨ
ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਯਾਦਗਾਰੀ ਸਿੱਕਾ ਭੇਟ ਕਰਦੇ ਹੋਏ ਜਸਟਿਨ ਟਰੂਡੋ। -ਫੋਟੋ:ਪੰਜਾਬੀ ਟ੍ਰਿਬਿਊਨ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ  ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਸ ਹੈ ਕਿ ਇਹ ਦੌਰਾ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦਗਾਰ ਸਾਬਤ ਹੋਵੇਗਾ। ਕਮੇਟੀ ਨੂੰ ਆਸ ਹੈ ਕਿ ਇਸ ਦੌਰੇ ਨਾਲ ਸਿੱਖ ਸਬੰਧਾਂ ਬਾਰੇ ਚਰਚਾ ਦਾ ਦੌਰ ਸ਼ੁਰੂ ਹੋਵੇਗਾ, ਜਿਸ ਨਾਲ ਸਿੱਖ ਧਰਮ ਅਤੇ ਕੌਮ ਬਾਰੇ ਵੀ ਪ੍ਰਚਾਰ ਹੋਵੇਗਾ।  ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਇਸ ਦੌਰੇ ਨਾਲ ਵਿਸ਼ਵ ਪੱਧਰ ‘ਤੇ ਸਿੱਖਾਂ ਬਾਰੇ ਚਰਚਾ ਹੋਵੇਗੀ ਜਿਸ ਨਾਲ ਸਿੱਖ ਪਛਾਣ ਦੀ ਸਮੱਸਿਆ ਹੱਲ ਕਰਨ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ ਸੂਚਨਾ ਕੇਂਦਰ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦਿੱਤੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖ਼ੁਦ ਆਪਣੇ ਤੀਜੇ ਬੱਚੇ ਲਈ ਵੀ ਮਾਡਲ ਦੇਣ ਦੀ ਮੰਗ ਕੀਤੀ। ਉਨ੍ਹਾਂ ਆਪਣੇ ਬੱਚਿਆਂ ਨੂੰ ਆਖਿਆ ਕਿ ਉਹ ਘਰ ਪਰਤ ਕੇ ਆਪਣੇ ਸਕੂਲ ਅਤੇ ਹੋਰ ਸਾਥੀਆਂ ਨੂੰ ਇਸ ਬਾਰੇ ਜ਼ਰੂਰ ਦੱਸਣ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਸ੍ਰੀ ਸਾਹਿਬ ਭੇਟ ਕਰਨ ਦਾ ਫ਼ੈਸਲਾ ਕੀਤਾ ਗਿਆ ਤਾਂ ਉਸ ਵੇਲੇ ਸੁਰੱਖਿਆ ਅਮਲੇ ਵੱਲੋਂ ਕ੍ਰਿਪਾਨ ਦੀ ਮਹੱਤਤਾ ਬਾਰੇ ਪੁੱਛਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ੍ਰੀ ਸਾਹਿਬ ਦੀ ਮਹੱਤਤਾ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਨਿੱਜੀ ਫੇਸਬੁੱਕ ਖਾਤੇ ‘ਤੇ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਮਾਣ-ਸਨਮਾਨ ਦਾ ਜ਼ਿਕਰ ਕੀਤਾ ਹੈ।
ਟਰੂਡੋ ਵੱਲੋਂ ਭੇਟ ਸਿੱਕਾ ਕੇਂਦਰੀ ਸਿੱਖ ਅਜਾਇਬ ਘਰ ‘ਚ ਸੰਭਾਲਿਆ ਜਾਵੇਗਾ
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਯਾਦਗਾਰੀ ਸਿੱਕਾ ਯਾਦਗਾਰੀ ਸਿੱਕਾ ਤੋਹਫ਼ੇ ਵਜੋਂ ਦਿੱਤਾ ਹੈ। ਇਹ ਸੁਨਹਿਰੀ ਸਿੱਕਾ ਪ੍ਰਧਾਨ ਮੰਤਰੀ ਨੇ ਸ੍ਰੀ ਲੌਂਗੋਵਾਲ ਨੂੰ ਉਸ ਵੇਲੇ ਦਿੱਤਾ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸੁਨਹਿਰੀ ਸਿੱਕੇ ‘ਤੇ ਮੈਪਲ ਦਰੱਖ਼ਤ ਉਕਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਯਾਦਗਾਰੀ ਸਿੱਕੇ ਨੂੰ ਕੇਂਦਰੀ ਸਿੱਖ ਅਜਾਇਬਘਰ ਵਿੱਚ ਰੱਖਣ ਦਾ ਆਦੇਸ਼ ਕੀਤਾ ਹੈ ਅਤੇ ਇਸ ਕਾਰਜ ਲਈ ਉਨ੍ਹਾਂ ਇਹ ਸਿੱਕਾ ਆਪਣੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ ਨੂੰ ਸੌਂਪ ਦਿੱਤਾ ਹੈ।