‘ਘਰ ਘਰ ਨੌਕਰੀ’ ਦੇਣ ਵਾਲੀ ਕੈਪਟਨ ਸਰਕਾਰ ਮੰਗ ਕੇ ਕਰ ਰਹੀ ਆਪਣੇ ਲਈ ਡਰਾਈਵਰਾਂ ਦਾ ਪ੍ਰਬੰਧ

0
836

amrinder-singh
ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣਾਂ ਦੌਰਾਨ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਖਾਲੀ ਆਸਾਮੀਆਂ ਭਰਨ ਲਈ ਜੁਗਾੜੂ ਪ੍ਰਬੰਧ ਕਰ ਰਹੀ ਹੈ। ਵਿੱਤੀ ਸੰਕਟ ਵਿੱਚ ਘਿਰੀ ਸਰਕਾਰ ਨੂੰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਲਈ ਵੀ ਡਰਾਈਵਰਾਂ ਦਾ ਪ੍ਰਬੰਧ ਮੰਗ ਕੇ ਕਰਨਾ ਪੈ ਰਿਹਾ ਹੈ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਵਿਚਲੇ ਉੱਚ ਅਧਿਕਾਰੀਆਂ ਲਈ ਲੋੜੀਂਦੇ ਡਰਾਈਵਰਾਂ ਦਾ ਪ੍ਰਬੰਧ ਨਵੀਂ ਭਰਤੀ ਰਾਹੀਂ ਕਰਨ ਦੀ ਥਾਂ ਹੋਰ ਵਿਭਾਗਾਂ ਤੋਂ ਡਰਾਈਵਰ ਭਾਲਣੇ ਸ਼ੁਰੂ ਕਰ ਦਿੱਤੇ। ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਾਂ ਦੇ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਯੋਗ ਡਰਾਈਵਰਾਂ ਦੀ ਮੰਗ ਕੀਤੀ ਹੈ। ਦਰਅਸਲ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਵਿਚ ਵੀ ਡਰਾਈਵਰਾਂ ਦੀਆਂ ਖਾਲੀ ਆਸਾਮੀਆਂ ਬਦਲੀ ਰਾਹੀਂ ਭਰਤੀ ਕਰਕੇ ਭਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਸਕੱਤਰੇਤ ਵਿਚ ਟਾਈਪਿਸਟਾਂ (ਕਲਰਕਾਂ) ਦੀਆਂ ਖਾਲੀ ਆਸਾਮੀਆਂ ਵੀ ਨਵੀਂ ਭਰਤੀ ਰਾਹੀਂ ਭਰਨ ਦੀ ਥਾਂ ਇਸੇ ਜੁਗਾੜੂ ਢੰਗ ਨਾਲ ਭਰੀਆਂ ਹਨ। ਇਹ ਜੁਗਾੜੂ ਭਰਤੀ ਵੀ ਪੂਰੀ ਤਰ੍ਹਾਂ ਨਵੀਂ ਭਰਤੀ ਵਾਂਗ ਜਨਰਲ ਵਰਗ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਸਾਬਕਾ ਫ਼ੌਜੀਆਂ ਰਾਹੀਂ ਕੀਤੀ ਜਾ ਰਹੀ ਹੈ। ਸਕੱਤਰੇਤ ਪ੍ਰਸ਼ਾਸਨ ਨੇ ਵੱਖ-ਵੱਖ ਵਿਭਾਗਾਂ ਦੇ ਪਹਿਲੀ ਜਨਵਰੀ 2017 ਨੂੰ 40 ਸਾਲ ਤੱਕ ਦੇ ਚਾਹਵਾਨ ਡਰਾਈਵਰਾਂ ਨੂੰ ਇਸ ਜੁਗਾੜੂ ਭਰਤੀ ਲਈ ਅਰਜ਼ੀਆਂ ਦੇਣ ਲਈ ਕਿਹਾ ਹੈ। ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਸਿਰਫ਼ ਉਨ੍ਹਾਂ ਡਰਾਈਵਰਾਂ ਦੇ ਨਾਮ ਹੀ ਸਿਫਾਰਸ਼ ਕੀਤੇ ਜਾਣ, ਜੋ ਤਨਖ਼ਾਹ ਸਕੇਲ 5910-20200+2400 ਗਰੇਡ ਪੇ ਵਿਚ ਕੰਮ ਕਰਦੇ ਹਨ। ਜਦੋਂ ਸਾਲ 2002-07 ਦੌਰਾਨ ਕੈਪਟਨ ਸਰਕਾਰ ਸੀ ਤਾਂ ਉਸ ਵੇਲੇ ਕਿਸੇ ਮੁਲਾਜ਼ਮ ਦੀ ਮੌਤ, ਰਿਟਾਇਰਮੈਂਟ ਜਾਂ ਪ੍ਰਮੋਸ਼ਨ ਕਾਰਨ ਖਾਲੀ ਹੋਣ ਵਾਲੀਆਂ ਫੀਡਰ ਆਸਾਮੀਆਂ ਨਾਲੋਂ-ਨਾਲ ਖਤਮ ਕਰਨ ਦਾ ਫੁਰਮਾਨ ਜਾਰੀ ਕੀਤਾ ਸੀ, ਜਿਸ ਕਾਰਨ ਤਕਰੀਬਨ ਹਰੇਕ ਵਿਭਾਗ ਵਿਚ ਹਰੇਕ ਵਰਗ ਦੀਆਂ ਹੇਠਲੀਆਂ ਅਸਾਮੀਆਂ ਵੱਡੇ ਪੱਧਰ ‘ਤੇ ਖਾਲੀ ਹੋ ਗਈਆਂ ਸਨ।