ਸਰਜੀਕਲ ਸਟਰਾਈਕਸ : ਸਿੱਖ ਭਾਈਚਾਰਾ ਅਲੱਗ ਥਲੱਗ ਜਿਹਾ ਕਿਉਂ?

ਸਰਜੀਕਲ ਸਟਰਾਈਕਸ : ਸਿੱਖ ਭਾਈਚਾਰਾ ਅਲੱਗ ਥਲੱਗ ਜਿਹਾ ਕਿਉਂ?

ਕਰਮਜੀਤ ਸਿੰਘ, ਚੰਡੀਗੜ੍ਹ (99150-91063)

ਹਾਲ ਵਿਚ ਹੀ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਜੋ ਸਰਜੀਕਲ ਸਟਰਾਈਕਸ ਕੀਤੇ ਗਏ ਹਨ, ਉਨ੍ਹਾਂ ਹਮਲਿਆਂ ਦੇ ਖ਼ਾਲਸਾ ਪੰਥ ਲਈ ਕੀ ਡੂੰਘੇ ਅਰਥ ਹਨ? ਇਸ ਨਾਲ ਖ਼ਾਲਸਾ ਪੰਥ ਦੇ ਭਵਿੱਖ ਉੱਤੇ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ? ਅਸੀਂ ਇਸ ਦਾ ਢੁੱਕਵਾਂ, ਗੰਭੀਰ, ਸੰਤੁਲਿਤ ਅਤੇ ਨਿਆਰਾ ਵਿਸ਼ਲੇਸ਼ਣ ਨਹੀਂ ਕਰ ਸਕੇ। ਸਿੱਖ ਮੀਡੀਏ ਨੇ ਜੋ ਵਿਸ਼ਲੇਸ਼ਣ ਕੀਤਾ ਵੀ ਹੈ, ਉਹ ਹਿੰਦੂਤਵ ਤਾਕਤਾਂ ਵਲੋਂ ਸਥਾਪਤ ਕੀਤੀ ਗਈ ਭਾਰਤੀ ਮੁੱਖ ਧਾਰਾ ਦੀ ਲੀਹ ਨਾਲੋਂ ਵੱਖਰਾ ਨਹੀਂ। ਇਸ ਸਮੁੱਚੀ ਪੜਚੋਲ ਵਿਚ ਸਿੱਖ ਕੌਮ ਦੀ ਸੁਤੰਤਰ ਸੋਚ, ਸੁਤੰਤਰ ਨਜ਼ਰੀਆ ਅਤੇ ਸਿੱਖੀ ਸਿਧਾਂਤ ਨਿੱਖਰ ਕੇ ਸਾਹਮਣੇ ਨਹੀਂ ਆ ਸਕਿਆ। ਸਿੱਖ ਪੰਥ ਦੇ ਰਾਜਨੀਤਿਕ ਵਿਦਵਾਨਾਂ ਨੇ ਵੀ ਇਸ ਘਟਨਾ ‘ਤੇ ਡੂੰਘੀ ਦਿਲਚਸਪੀ ਨਹੀਂ ਦਿਖਾਈ। ਰਾਜਨੀਤਿਕ ਲੀਡਰਸ਼ਿਪ ਦੇ ਅਖ਼ਬਾਰੀ ਬਿਆਨਾਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਤੋਂ ਵੀ ਇਹੋ ਇਸ਼ਾਰਾ ਮਿਲਦਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਅੰਤਰਰਾਸ਼ਟਰੀ ਪ੍ਰਸੰਗ ਵਿਚ ਵੇਖਣ, ਪਰਖਣ ਅਤੇ ਸਿੱਖ ਕੌਮ ਨੂੰ ਸਾਰਥਕ ਦਿਸ਼ਾ ਦੇਣ ਵਿਚ ਸਮਰੱਥ ਅਤੇ ਕਾਬਲ ਸਾਬਤ ਨਹੀਂ ਹੋਏ। ਸਾਡਾ ਦੁਖਾਂਤ ਇਹ ਹੈ ਕਿ ਅਸੀਂ ਸੱਪ ਦੇ ਲੰਘ ਜਾਣ ਪਿਛੋਂ ਸੱਪ ਦੀ ਲਕੀਰ ਨੂੰ ਹੀ ਪਿੱਟਦੇ ਰਹਿੰਦੇ ਹਾਂ।
ਇਸ ਗੱਲ ਵਿਚ ਦੋ ਰਾਵਾਂ ਨਹੀਂ ਕਿ 29 ਸਤੰਬਰ ਨੂੰ ਕੀਤੀ ਸਰਜੀਕਲ ਸਟਰਾਈਕਸ ਨਾਮੀ ਕਾਰਵਾਈ ਬਾਰੇ ਸਾਡੀ ਸਮਝ ਅਤੇ ਸਾਡੇ ਫ਼ਿਕਰ ਭਾਰਤੀ ਮੁੱਖ ਧਾਰਾ ਦੀ ਮਰਜ਼ੀ ਤੇ ਯੋਜਨਾ ਦਾ ਹੀ ਹਿੱਸਾ ਬਣ ਗਏ ਹਨ। ਅੱਜ ਇਕ ਵਾਰ ਮੁੜ ਭਾਰਤ ਸਰਕਾਰ ਨੂੰ, ਅੰਤਰਰਾਸ਼ਟਰੀ ਬਰਾਦਰੀ ਨੂੰ, ਯੂ.ਐਨ.ਓ. ਨੂੰ ਅਤੇ ਆਪਣੀ ਕੌਮ ਦੇ ਲੋਕਾਂ ਨੂੰ ਇਹ ਅਹਿਸਾਸ ਕਰਾਉਣ ਦੀ ਲੋੜ ਹੈ ਕਿ ਇਸ ਦੇਸ਼ ਵਿਚ ਸਾਡੀ ਵੱਖਰੀ ਤੇ ਨਿਆਰੀ ਰਾਜਨੀਤਿਕ ਹਸਤੀ ਹੈ। 13 ਅਪ੍ਰੈਲ 1978 ਦੀ ਵਿਸਾਖੀ ਦੇ ਮੌਕੇ ‘ਤੇ 13 ਸਿੰਘਾਂ ਦੀ ਸ਼ਹਾਦਤ ਮਗਰੋਂ ਆਜ਼ਾਦੀ ਲਈ ਜੋ ਸੰਘਰਸ਼ ਚੱਲਿਆ ਅਤੇ ਚੱਲ ਰਿਹਾ ਹੈ, ਉਸ ਵਿਚ ਹਜ਼ਾਰਾਂ ਕੁਰਬਾਨੀਆਂ ਅਤੇ ਉਜੜੇ ਘਰ ਸਾਡੀ ਨਿਆਰੀ ਹਸਤੀ ਤੇ ਹੋਂਦ ਦਾ ਹੀ ਪ੍ਰਤੱਖ ਪ੍ਰਮਾਣ ਹਨ। ਨੀਲੇ ਘੋੜੇ ਦੇ ਸ਼ਾਹ-ਸਵਾਰ ਨੇ ਢੇਰ ਚਿਰ ਪਹਿਲਾਂ ਤੋਂ ਹੀ ਸਾਨੂੰ ਪਾਤਸ਼ਾਹੀ ਦਾਅਵਾ ਰੱਖਣ ਦੀ ਹਦਾਇਤ ਕੀਤੀ ਹੋਈ ਹੈ। ਦਸ ਗੁਰੂ ਸਾਹਿਬਾਨ ਸਾਡੀਆਂ ਦਸ ਪਾਤਸ਼ਾਹੀਆਂ ਹਨ ਜੋ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ। ਇਸ ਲਈ ਰਾਜ ਕਰਨ ਦੇ ਦਾਅਵਿਆਂ ਵਿਚ ਸਾਡੀਆਂ ਇਹ ਦਸ ਪਾਤਸ਼ਾਹੀਆਂ ਚਸ਼ਮਦੀਦ ਗਵਾਹ ਹਨ।
ਅੱਜ ਖ਼ਾਲਸਾ ਪੰਥ ਨੂੰ ਇਕ ਅਹਿਮ ਨੁਕਤੇ ‘ਤੇ ਧਿਆਨ ਇਕਾਗਰ ਕਰਨ ਦੀ ਲੋੜ ਹੈ। ਉਹ ਨੁਕਤਾ ਇਹ ਹੈ ਕਿ ਅਸੀਂ ਜਿਸ ਪੰਜਾਬ ਵਿਚ ਰਹਿੰਦੇ ਹਾਂ ਉਹ ਪੰਜਾਬ ਭੂਗੋਲਿਕ-ਰਾਜਨੀਤਿਕ ਪੱਖੋਂ ਬੇਹੱਦ ਮਹੱਤਵਪੂਰਨ ਅਤੇ ਰਣਨੀਤਿਕ ਖਿੱਤਾ ਹੈ। ਰਣਨੀਤਿਕ ਖਿੱਤੇ ਦਾ ਕੀ ਮਤਲਬ ਹੁੰਦਾ ਹੈ? ਇਸ ਦਾ ਸਿੱਧਾ ਜਿਹਾ ਮਤਲਬ ਇਹੋ ਹੈ ਕਿ ਸਾਡੇ ਆਲੇ ਦੁਆਲੇ ਜੋ ਕੁੱਝ ਵਾਪਰ ਰਿਹਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦਾ ਹਿੱਸਾ ਹੈ। ਇਸ ਖਿੱਤੇ ਵਿਚ ਵਾਪਰ ਰਹੀਆਂ ਘਟਨਾਵਾਂ ਸਾਡੀ ਹੋਣੀ, ਸਾਡੇ ਭਵਿੱਖ ਅਤੇ ਸਾਡੀ ਕਿਸਮਤ ਨਾਲ ਜੁੜੀਆਂ ਹੋਈਆਂ ਹਨ ਅਤੇ ਸਾਡੇ ਉਤੇ ਅਸਰ ਪਾਉਂਦੀਆਂ ਹਨ। ਸਾਡੇ ਡੂੰਘੇ ਫ਼ਿਕਰਾਂ ਦਾ ਓਨੀ ਸ਼ਿੱਦਤ ਤੇ ਗਹਿਰਾਈ ਨਾਲ ਹੋਰ ਕੋਈ ਦੂਜਾ ਹਾਣੀ ਨਹੀਂ ਬਣ ਸਕਦਾ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ। ਜੇ ਇਹ ਘਟਨਾਵਾਂ ਸਭ ਤੋਂ ਵੱਧ ਸਾਡੇ ਉੱਤੇ ਹੀ ਅਸਰ ਕਰਦੀਆਂ ਹਨ ਤਾਂ ਫਿਰ ਸਾਫ਼ ਜ਼ਾਹਿਰ ਹੈ ਕਿ ਸਾਨੂੰ ਆਪਣੇ ਬਾਰੇ ਆਪਣੀ ਗੱਲ ਰੱਖਣ ਦਾ ਅੰਤਰਰਾਸ਼ਟਰੀ ਹੱਕ ਹੈ। ਦੂਜੇ ਲਫ਼ਜ਼ਾਂ ਵਿਚ ਇਸ ਖਿੱਤੇ ਬਾਰੇ ਹੋ ਰਹੀ ਬਹਿਸ ਵਿਚ ਅਸੀਂ ਨਾ ਕੇਵਲ ਮਹੱਤਵਪੂਰਨ ਧਿਰ ਹਾਂ ਸਗੋਂ ਬਹਿਸ ਦਾ ਕੇਂਦਰ ਵੀ ਹਾਂ। ਪਰ ਪੰਥ ਖ਼ਾਲਸਾ ਡੂੰਘੀ ਨੀਂਦਰ ਵਿਚ ਗਵਾਚਿਆ ਹੋਇਆ ਹੈ ਅਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕਰ ਰਿਹਾ।
ਇਕ ਗੱਲ ਹੋਰ। ਕੁਦਰਤ ਨੇ ਸਾਡੇ ਉੱਤੇ ਅਪਾਰ ਬਖ਼ਸ਼ਿਸ਼ ਕੀਤੀ ਹੋਈ ਹੈ। ਕਿਹੜੀ ਬਖ਼ਸ਼ਿਸ਼ ਹੈ ਇਹ? ਬਖ਼ਸ਼ਿਸ਼ ਇਹ ਹੈ ਪਈ ਅਸੀਂ ਉਸ ਥਾਂ ‘ਤੇ ਬੈਠੇ ਹੋਏ ਹਾਂ, ਜਿਥੇ ਸਾਡਾ ਜਿਉਣ ਮਰਨ ਸਾਂਝਾ ਹੈ, ਜਿਥੇ ਅਸੀਂ ਆਪਣੇ ਦੁੱਖ-ਸੁੱਖ ਸਾਂਝੇ ਕਰ ਸਕਦੇ ਹਾਂ, ਜਿਥੇ ਅਸੀਂ ਬਹੁਗਿਣਤੀ ਵਿਚ ਹਾਂ, ਜਿਥੇ ਸਾਡੇ ਕੋਲ ਸਾਡਾ ਰੂਹਾਨੀ ਕੇਂਦਰ ਦਰਬਾਰ ਸਾਹਿਬ ਹੈ, ਜਿਥੇ ਸਾਨੂੰ ਸੁਤੰਤਰ ਸੇਧ ਦੇਣ ਲਈ ਅਕਾਲ ਤਖ਼ਤ ਹੈ, ਜਿਥੇ ਸਾਡੇ ਕੋਲ ਕੇਸ ਗੜ੍ਹ ਹੈ, ਫਤਹਿਗੜ੍ਹ ਹੈ, ਚਮਕੌਰ ਦੀ ਗੜ੍ਹੀ ਹੈ, ਮਾਛੀਵਾੜੇ ਦਾ ਜੰਗਲ ਹੈ, ਦਮਦਮਾ ਅਤੇ ਮੁਕਤਸਰ ਹੈ। ਬਹੁਤ ਕੁਝ ਗਵਾਚ ਜਾਣ ਦੇ ਬਾਵਜੂਦ ਬਹੁਤ ਕੁਝ ਅਜੇ ਬਚਿਆ ਹੋਇਆ ਹੈ। ਇਸ ਸਰ ਜ਼ਮੀਨ ਨੂੰ ਰਾਜਨੀਤਿਕ ਵਿਗਿਆਨ ਵਿਚ ਜਿਓ-ਪੁਲੀਟੀਕਲ ਖੇਤਰ ਕਹਿੰਦੇ ਹਨ। ਆਜ਼ਾਦੀ ਲਈ ਲੜ ਰਹੀਆਂ ਬਹੁਤੀਆਂ ਕੌਮਾਂ ਨੂੰ ਇਹੋ ਜਿਹੀ ਸਥਿਤੀ ਨਸੀਬ ਨਹੀਂ। ਜਿਓ-ਪੁਲੀਟੀਕਲ ਦੇ ਡਿਕਸ਼ਨਰੀ ਅਰਥ ਹਨ : ‘ਕਿਸੇ ਖਿੱਤੇ ਦੀ ਉਹ ਸਿਆਸਤ ਜਿਸ ਨੂੰ ਉਸ ਖਿੱਤੇ ਦੀਆਂ ਭੂਗੋਲਿਕ ਹਾਲਤਾਂ ਤੈਅ ਕਰਦੀਆਂ ਹਨ’। ਦੂਜੇ ਸ਼ਬਦਾਂ ਵਿਚ ਭੂਗੋਲਿਕ ਮੁਹਾਂਦਰਾ ਜਾਂ ਨਕਸ਼ ਉਸ ਖਿੱਤੇ ਵਿਚ ਵਸਦੀ ਕੌਮ ਦੀ ਤਕਦੀਰ ਦਾ ਫ਼ੈਸਲਾਕੁੰਨ ਰੋਲ ਅਦਾ ਕਰਦੇ ਹਨ। ਇਸ ਨੂੰ ਇਕ ਮਿਸਾਲ ਰਾਹੀਂ ਸਮਝਿਆ ਜਾ ਸਕਦਾ ਹੈ। ਨਕਸ਼ੇ ਨੂੰ ਰਾਜਨੀਤਿਕ ਅੱਖ ਨਾਲ ਵੇਖੋ। ਤੁਸੀਂ ਵੇਖੋਗੇ ਕਿ ਸਾਡੇ ਇਕ ਪਾਸੇ ਪਾਕਿਸਤਾਨ ਹੈ ਅਤੇ ਦੂਜੇ ਪਾਸੇ ਹਿੰਦੁਸਤਾਨ ਹੈ। ਇਕ ਪਾਸੇ ਜੰਮੂ ਕਸ਼ਮੀਰ ਵੀ ਹੈ ਜਿਥੇ ਕਸ਼ਮੀਰ ਦੇ ਲੋਕਾਂ ਵਲੋਂ ਆਜ਼ਾਦੀ ਲਈ ਜਦੋ-ਜਹਿਦ ਚੱਲ ਰਹੀ ਹੈ। ਉਸ ਤੋਂ ਪਰ੍ਹੇ ਚੀਨ ਹੈ। ਹਿੰਦੁਸਤਾਨ ਅਤੇ ਪਾਕਿਸਤਾਨ ਅਰਥਾਤ ਦੋਵਾਂ ਮੁਲਕਾਂ ਵਿਚ ਓੜਕਾਂ ਦੀ ਵਿਚਾਰਧਾਰਕ ਦੁਸ਼ਮਣੀ ਹੈ, ਜਿਸ ਦੀਆਂ ਜੜ੍ਹਾਂ ਇਤਿਹਾਸ ਵਿਚ ਡੂੰਘੀਆਂ ਧਸੀਆਂ ਹੋਈਆਂ ਹਨ। ਇਨ੍ਹਾਂ ਦੇਸ਼ਾਂ ਵਿਚ ਹਿੰਦੂ ਤੇ ਮੁਸਲਮਾਨ ਦੋ ਕੌਮਾਂ ਵਸਦੀਆਂ ਹਨ, ਜੋ ਰੇਲ ਦੀਆਂ ਦੋ ਲਾਈਨਾਂ ਵਾਂਗ ਹਨ ਜਾਂ ਨਦੀ ਦੇ ਦੋ ਕਿਨਾਰੇ ਹਨ, ਜੋ ਕਦੇ ਨਹੀਂ ਮਿਲਦੇ। ਪਰ ਅਸੀਂ, ਹਾਂ ਅਸੀਂ, ਯਾਨੀ ਖ਼ਾਲਸਾ ਪੰਥ ਇਨ੍ਹਾਂ ਦੋਵਾਂ ਕਿਨਾਰਿਆਂ ਵਿਚ ਮਹੱਤਵਪੂਰਨ ਪੁਲ ਹੈ। ਇਕ ਇਹੋ ਹੀ ਪੁਲ ਹੈ ਜੋ ਦੋਵਾਂ ਦੇਸ਼ਾਂ ਨੂੰ ਅਰਥਾਤ ਦੋਵਾਂ ਕੌਮਾਂ ਨੂੰ ਜੋੜ ਸਕਣ ਵਿਚ ਇਤਿਹਾਸਕ ਰੋਲ ਅਦਾ ਕਰ ਸਕਦਾ ਹੈ। ਭੂਗੋਲ ਦੀ ਇਹੋ ਸਾਡੇ ਉਤੇ ਬਖ਼ਸ਼ਿਸ਼ ਹੈ ਪਰ ਅਸੀਂ ਇਸ ਬਖ਼ਸ਼ਿਸ਼ ਤੋਂ ਬੇਖ਼ਬਰ ਹਾਂ। ਅਸੀਂ ਆਪਣੀ ਤਾਕਤ ਅਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਹੀ ਨਹੀਂ ਕਰਦੇ। ਸ਼ਾਇਦ ਸਾਡੇ ਅੰਦਰ ਘਟੀਆਪਨ ਦਾ ਅਹਿਸਾਸ ਇਸ ਕਦਰ ਘਰ ਕਰ ਗਿਆ ਹੈ ਕਿ ਅਸੀਂ ਇਸ ਅਹਿਸਾਸ ਤੋਂ ਮੁਕਤ ਹੀ ਨਹੀਂ ਹੋ ਰਹੇ।
ਇਕ ਹੋਰ ਹਕੀਕਤ ਨੂੰ ਵੀ ਦਿਲ ਵਿਚ ਵਸਾਉਣ ਅਤੇ ਰਸਾਉਣ ਦੀ ਲੋੜ ਹੈ ਅਤੇ ਜੇਕਰ ਅਸੀਂ ਨਹੀਂ ਵਸਾਉਂਦੇ ਤਾਂ ਅਸੀਂ ਪਹਿਲਾਂ ਵਾਂਗ ਠੇਡੇ ਖਾਂਦੇ ਰਹਾਂਗੇ। ਉਹ ਹਕੀਕਤ ਇਹ ਹੈ ਕਿ ਦੋਵਾਂ ਧਰਮਾਂ ਦੇ ਹਾਕਮਾਂ ਨੇ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿਚ ਸਾਡੇ ਉੱਤੇ ਬੇਸ਼ੁਮਾਰ ਜ਼ੁਲਮ ਕੀਤੇ ਹਨ। ਦੋਵਾਂ ਕੌਮਾਂ ਦੇ ਹਾਕਮਾਂ ਨੇ ਸਾਡੇ ਦਰਬਾਰ ਸਾਹਿਬ ਨੂੰ ਢਾਹਿਆ। ਜੂਨ 1984 ਵਿਚ ਹਿੰਦੂ ਕੌਮ ਦੇ ਰਹਿਬਰਾਂ ਨੇ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਕੇ ਸਾਨੂੰ ਉਹ ਜ਼ਖ਼ਮ ਦਿੱਤਾ, ਜੋ ਅਜੇ ਤੱਕ ਭਰਿਆ ਨਹੀਂ। ਇਸ ਹਮਲੇ ਨੇ ਸਾਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਸਾਡੇ ਉਸ ਕੌਮ ਨਾਲ ਕੀ ਰਿਸ਼ਤੇ ਹਨ। ਇਸ ਲਈ ਦੋਵੇਂ ਹਾਕਮ ਸਾਡੇ ਲਈ ਅਬਦਾਲੀ ਤੇ ਜ਼ਕਰੀਆ ਖਾਨ ਸਾਬਤ ਹੋਏ। ਪਰ ਇਸ ਹਕੀਕਤ ਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਦੋਵਾਂ ਕੌਮਾਂ ਦੇ ਧਰਮਾਂ ਦੇ ਪੈਰੋਕਾਰਾਂ ਨਾਲ ਸਾਡੀਆਂ ਗੂੜ੍ਹੀਆਂ ਤੇ ਪਿਆਰ ਭਰੀਆਂ ਸਾਂਝਾਂ ਬਣੀਆਂ ਹੋਈਆਂ ਹਨ ਅਤੇ ਇਹ ਸਾਂਝਾਂ ਬਰਾਬਰੀ ਦੇ ਆਧਾਰ ਉੱਤੇ ਬਣੀਆਂ ਹੋਈਆਂ ਹਨ। ਦੋਵੇਂ ਕੌਮਾਂ ਦੇ ਸਭਿਆਚਾਰ ਅਤੇ ਉਨ੍ਹਾਂ ਦੀ ਰੂਹਾਨੀ ਅਮੀਰੀ ਸਾਡੇ ਗੁਰੂ ਗ੍ਰੰਥ ਸਾਹਿਬ ਵਿਚ ਬਕਾਇਦਾ ਸੁਰੱਖਿਅਤ ਹੈ। ਇਸ ਲਈ ਪਾਕਿਸਤਾਨ ਸਾਡੇ ਲਈ ਨਰਕ ਦੀ ਭੂਮੀ ਨਹੀਂ ਜਿਵੇਂ ਕਿ ਭਾਰਤ ਦੇ ਇਕ ਵਜ਼ੀਰ ਨੇ ਹਾਲ ਵਿਚ ਹੀ ਇਸ ਕਿਸਮ ਦੀ ਬੇਹੂਦਾ ਟਿੱਪਣੀ ਕੀਤੀ ਸੀ। ਸਾਡੇ ਪੈਗ਼ੰਬਰ ਦੀ ਸਰਜ਼ਮੀਂ ਨਨਕਾਣਾ ਸਾਹਿਬ ਹੈ ਜੋ ਪਾਕਿਸਤਾਨ ਵਿਚ ਹੈ। ਸਾਡੇ ਦਸਮ ਪਿਤਾ ਦਾ ਜਨਮ ਸਥਾਨ ਅਤੇ ਜੋਤੀ-ਜੋਤ ਸਮਾਉਣ ਦਾ ਅਸਥਾਨ ਹਿੰਦੁਸਤਾਨ ਵਿਚ ਹੈ। ਇਸ ਲਈ ਸਾਡੇ ਲਈ ਸਾਰੀਆਂ ਧਰਤੀਆਂ ਪਾਕ-ਪਵਿੱਤਰ ਹਨ। ਇਹ ਗਵਾਹੀ ਭਾਈ ਸੁੱਖਾ-ਜਿੰਦਾ ਨੇ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਨੂੰ ਲਿਖੀ ਇਕ ਚਿੱਠੀ ਰਾਹੀਂ ਪ੍ਰਗਟ ਵੀ ਕੀਤੀ ਸੀ। ਇਸ ਲਈ ਹਿੰਦੂਆਂ ਨਾਲ ਸਾਡੀ ਕੋਈ ਵਿਸ਼ੇਸ਼ ਸਾਂਝ ਨਹੀਂ ਅਤੇ ਮੁਸਲਮਾਨ ਭਰਾਵਾਂ ਨਾਲ ਸਾਡੀ ਕੋਈ ਵਿਸ਼ੇਸ਼ ਦੁਸ਼ਮਣੀ ਨਹੀਂ। ਜਿਵੇਂ ਕਿ ਇਹੋ ਜਿਹਾ ਗੁੰਮਰਾਹਕੁੰਨ ਪ੍ਰਚਾਰ ਅਕਸਰ ਹੀ ਸਾਡੇ ਦਿਲਾਂ ਵਿਚ ਵਸਾਇਆ ਜਾਂਦਾ ਹੈ ਅਤੇ ਇਹੋ ਜਿਹੇ ਪ੍ਰਚਾਰ ਵਿਚ ਸਾਡੇ ਆਪਣੇ ਵੀ ਸ਼ਾਮਲ ਹੋ ਜਾਂਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਇਸ ਸੰਕਟ ਦੀ ਘੜੀ ਵਿਚ ਹੁਣ ਕੀ ਕੀਤਾ ਜਾਵੇ? ਖ਼ਾਲਸੇ ਨੂੰ ਮਿਲ ਬੈਠਣ ਦੀ ਭਾਰੀ ਲੋੜ ਹੈ। ਸਰਜੀਕਲ ਹਮਲੇ ਪਿਛੋਂ ਭਾਰਤ ਅਤੇ ਪਾਕਿਸਤਾਨ ਵਿਚ ਤਣਾਓ ਹੈ। ਜੰਗ ਦਾ ਮਾਹੌਲ ਬਣਾ ਦਿੱਤਾ ਗਿਆ ਹੈ। ਦੋਵਾਂ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ। ਪਰ ਅਸੀਂ ਅਮਨ ਚਾਹੁੰਦੇ ਹਾਂ। ਅਸੀਂ ਹੀ ਦੋਵਾਂ ਮੁਲਕਾਂ ਨੂੰ ਜੰਗ ਕਰਨ ਤੋਂ ਰੋਕ ਸਕਦੇ ਹਾਂ ਕਿਉਂਕਿ ਅਸੀਂ ਜੰਗ ਦੀ ਸੂਰਤ ਵਿਚ ਸਭ ਤੋਂ ਵੱਧ ਬਰਬਾਦ ਹੋਵਾਂਗੇ ਅਤੇ ਇਸ ਤੋਂ ਇਲਾਵਾ ਦੋਵੇਂ ਮੁਲਕ ਸਾਡੀ ਡਿਪਲੋਮੇਟਿਕ ਵਿਚੋਲਗਿਰੀ ਨੂੰ ਪ੍ਰਵਾਨ ਕਰ ਸਕਦੇ ਹਨ। ਦੋਵਾਂ ਮੁਲਕਾਂ ਦੇ ਸਾਹਿਤ ਤੇ ਸਭਿਆਚਾਰ ਨਾਲ ਸਾਡੀ ਗੂੜ੍ਹੀ ਸਾਂਝ ਹੈ। ਹੀਰ-ਰਾਂਝੇ, ਸੱਸੀ-ਪੂੰਨੂ, ਸੋਹਣੀ-ਮਹਿਵਾਲ, ਵਾਰਿਸ਼ ਸ਼ਾਹ, ਪੀਰ ਬੁੱਧੂ ਸ਼ਾਹ ਅਤੇ ਹੋਰ ਅਨੇਕਾਂ ਸਾਡੇ ਹੀ ਭੈਣ ਭਰਾ ਹਨ। ਸਾਡੇ ਦੋਵਾਂ ਮੁਲਕਾਂ ਨਾਲ ਸਿਧਾਂਤਕ ਵਖ਼ਰੇਵੇਂ ਵੀ ਹਨ ਪਰ ਸਾਡੀਆਂ ਸਾਂਝਾਂ ਮਜ਼ਬੂਤ ਹਨ। ਅਸੀਂ ਭਾਰਤੀ ਹਾਕਮਾਂ ਵਾਂਗ ਪਾਕਿਸਤਾਨ ਅਤੇ ਉਥੋਂ ਦੇ ਲੋਕਾਂ ਨੂੰ ਨਫ਼ਰਤ ਜਾਂ ਈਰਖਾ ਨਹੀਂ ਕਰ ਸਕਦੇ, ਜਿਵੇਂ ਕਿ ਅੱਜ ਕੱਲ੍ਹ ਇਹ ਹਾਕਮ ਅਕਸਰ ਹੀ ਆਪਣੇ ਬਿਆਨਾਂ ਰਾਹੀਂ ਨਫ਼ਰਤ ਦਾ ਜ਼ਹਿਰ ਉਗਲਦੇ ਰਹਿੰਦੇ ਹਨ। ਸੱਚ ਤਾਂ ਇਹ ਹੈ ਕਿ ਅਸੀਂ ਕੂਟਨੀਤਿਕ ਤੌਰ ‘ਤੇ ਬਲਵਾਨ ਨਹੀਂ ਹਾਂ। ਸਾਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਅਤੇ ਅਸੀਂ ਆਪਣੀ ਇਤਿਹਾਸਕ ਸ਼ਕਤੀ ਨੂੰ ਭਾਰਤੀ ਸਟੇਟ ਦੇ ਗਹਿਣੇ ਰੱਖਿਆ ਹੋਇਆ ਹੈ। ਇਸ ਤੋਂ ਆਜ਼ਾਦ ਹੋਣ ਦੀ ਲੋੜ ਹੈ। ਅੱਜ ਇਹ ਸੁਨਹਿਰੀ ਮੌਕਾ ਸਾਨੂੰ ਮਿਲਿਆ ਹੋਇਆ ਹੈ।
ਸਾਨੂੰ ਸਭਨਾਂ ਨੂੰ ਹੀ ਨਾਲ ਰਲਾਉਣ ਤੇ ਸਹਿਮਤ ਕਰਾਉਣ ਦੀ ਵੀ ਲੋੜ ਹੈ। ਪੰਜਾਬ ਦੇ ਹਿੰਦੂ ਭਰਾ ਸਦਾ ਹੀ ਦਿੱਲੀ ਤੋਂ ਪ੍ਰੇਰਣਾ ਤੇ ਸੁਰੱਖਿਆ ਲੈਂਦੇ ਰਹੇ ਹਨ। ਇਸ ਧਰਤੀ ਦੀ ਮਿੱਟੀ ਦੀ ਖ਼ੁਸ਼ਬੋ, ਇਥੋਂ ਦੀ ਪੰਜਾਬੀ ਬੋਲੀ ਉਨ੍ਹਾਂ ਦੀ ਰੂਹ ਦਾ ਹਿੱਸਾ ਨਹੀਂ ਬਣ ਸਕੀ। ਹਾਲ ਵਿਚ ਹੀ ਹਰਿਆਣਾ ‘ਚ ਜਿਵੇਂ ਜਾਟ ਅੰਦੋਲਨ ਦੌਰਾਨ ਜਾਟਾਂ ਨੇ ਪੰਜਾਬੀ ਹਿੰਦੂਆਂ ਦੇ ਘਰ-ਘਾਟ ਬਰਬਾਦ ਕੀਤੇ ਹਨ ਅਤੇ ਜਿਵੇਂ ਦਿੱਲੀ ਤਮਾਸ਼ਬੀਨ ਹੀ ਬਣੀ ਰਹੀ, ਉਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਭਰਾਵਾਂ ਨੂੰ ਪੰਜਾਬ ਦੀ ਮਿੱਟੀ ਨਾਲ ਜੁੜਨ ਅਤੇ ਇਸ ਮਿੱਟੀ ਦੀ ਰਾਖੀ ਲਈ ਜਦੋ-ਜਹਿਦ ਕਰਨ ਦੀ ਕਿੰਨੀ ਲੋੜ ਹੈ। ਸ਼ਿਵ ਕੁਮਾਰ, ਧਨੀ ਰਾਮ ਚਾਤ੍ਰਿਕ, ਕ੍ਰਿਪਾ ਰਾਮ ਸਾਗਰ, ਬਲਰਾਜ ਸਾਹਨੀ, ਟੋਡਰ ਮਲ ਅਤੇ ਹੋਰ ਅਨੇਕਾਂ ਸਾਹਿਤਕਾਰ, ਐਕਟਰ ਤੇ ਸ਼ਾਇਰ ਇਸੇ ਮਿੱਟੀ ਨੇ ਹੀ ਪੈਦਾ ਕੀਤੇ ਹਨ।
ਇਕ ਹੋਰ ਭੁਲੇਖੇ ਤੋਂ ਵੀ ਆਜ਼ਾਦ ਹੋਣ ਦੀ ਲੋੜ ਹੈ। ਅੱਜ ਸਾਨੂੰ ਸਭਨਾਂ ਨੂੰ ਇਹ ਸਮਝਣ ਤੇ ਦੁਨੀਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਕੁੱਝ ਸਾਥੀ ਸਿੱਧੇ ਤੌਰ ‘ਤੇ ਸਿੱਖ ਪੰਥ ਦੇ ਦੁਸ਼ਮਣਾਂ ਦੀ ਕਤਾਰ ਵਿਚ ਖਲੋ ਗਏ ਹਨ। ਇਹ ਸਿੱਖੀ ਦੇ ਜਿਸਮ ਤੇ ਸਿੱਖੀ ਦੀ ਰੂਹ, ਦੋਵਾਂ ਇਤਿਹਾਸਕ ਸੱਚਾਈਆਂ ਦਾ ਹੀ ਸ਼ਿਕਾਰ ਕਰ ਰਹੇ ਹਨ। ਇਹ ਉਹ ਬੋਲੀ ਬੋਲ ਰਹੇ ਹਨ ਜੋ ਦੁਸ਼ਮਣ ਲੁਕ ਕੇ ਬੋਲਦੇ ਹਨ ਪਰ ਇਹ ਖੁੱਲ੍ਹੇਆਮ ਬੋਲ ਰਹੇ ਹਨ। ਲੇਕਿਨ ਅਕਾਲੀ ਦਲ ਵਿਚ ਅਜਿਹੇ ਲੋਕਾਂ ਦੀ ਗਿਣਤੀ ਬੇਸ਼ੁਮਾਰ ਹੈ ਜੋ ਇਸ ਸਾਰੇ ਵਰਤਾਰੇ ਤੋਂ ਦੁਖੀ ਹਨ ਪਰ ਖ਼ਾਮੋਸ਼ ਹਨ। ਕੁਝ ਸਹਿਮੇ ਤੇ ਡਰੇ ਹੋਏ ਹਨ, ਕੁਝ ਮਜਬੂਰ ਹਨ, ਕੁਝ ਸਵਾਰਥੀ ਬਣ ਚੁੱਕੇ ਹਨ ਪਰ ਕੁਝ ਹਾਲਤਾਂ ਉੱਤੇ ਕੜੀ ਨਿਗਾਹ ਵੀ ਰੱਖ ਰਹੇ ਹਨ। ਇਨ੍ਹਾਂ ਸਭਨਾਂ ਨੂੰ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਇਹੋ ਰਾਜਨੀਤਿਕ ਸਿਆਣਪ ਹੈ। ਇਕ ਹੋਰ ਗੱਲ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਹ ਇਹ ਹੈ ਕਿ ਪ੍ਰਕਾਸ਼ ਬਾਦਲ, ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਰਾਜਨੀਤਿਕ ਯਾਰ ਜੋ ਦੇਸ਼ ਭਗਤੀ ਦੀ ਗੱਲ ਕਰਦੇ ਹਨ, ਜੋ ਅਮਨ ਦੀ ਗੱਲ ਕਰਦੇ ਹਨ ਉਹ ਸਾਡੇ ਅਮਨ ਤੇ ਸਾਡੀ ਦੇਸ਼ ਭਗਤੀ ਦੇ ਸੰਕਲਪ ਨਾਲੋਂ ਵੱਖਰੀ ਹੈ। ਸਾਡੀ ਦੇਸ਼ ਭਗਤੀ ਦਾ ਸੰਕਲਪ ਸਿੱਖੀ ਰੂਹ ਵਿਚੋਂ ਨਿਕਲਦਾ ਹੈ ਜਦਕਿ ਬਾਦਲਾਂ ਦੀ ਦੇਸ਼ ਭਗਤੀ ਦਾ ਸੋਮਾ ਹਿੰਦੂਤਵ ਹੈ।
ਅਜੇ ਤਾਂ ਅਸੀਂ ਇਕਲਾਪੇ ਦਾ ਹੀ ਦਰਦ ਹੰਢਾ ਰਹੇ ਜਾਪਦੇ ਹਾਂ। ਕੋਈ ਵੀ ਸਿੱਖ ਕੌਮ ਦੇ ਭੇਤਾਂ ਦਾ ਹਾਣੀ ਨਹੀਂ ਬਣ ਰਿਹਾ। ਕਿਸੇ ਸ਼ਾਇਰ ਦੀ ਇਹ ਟਿੱਪਣੀ ਕੀ ਸਮੁੱਚੀ ਕੌਮ ਨੂੰ ਹੀ ਵੰਗਾਰ ਨਹੀਂ ਪਾ ਰਹੀ?
ਨਹੀਂ ਦਿਸਦੀ ਕਿਸੇ ਦੇ ਖ਼ੂਨ ਵਿਚ ਵੀ ਮੈਨੂੰ ਉਹ ਸੁਰਖ਼ੀ
ਜੋ ਮੇਰੀ ਗੱਲ ਨੂੰ ਪਹੁੰਚੇ, ਮੇਰਾ ਹਮਰਾਜ਼ ਅਖਵਾਏ।