ਸ਼ਹੀਦ ਖਾਲੜਾ, ਜਿਨ੍ਹਾਂ ਨੇ ਲਾਵਾਰਸ ਲਾਸ਼ਾਂ ਦੇ ਭੇਤ ਖੋਲ੍ਹੇ

ਸ਼ਹੀਦ ਖਾਲੜਾ, ਜਿਨ੍ਹਾਂ ਨੇ ਲਾਵਾਰਸ ਲਾਸ਼ਾਂ ਦੇ ਭੇਤ ਖੋਲ੍ਹੇ

ਗੁਰਬਚਨ ਸਿੰਘ
98156-98451

2 ਸਤੰਬਰ 1995 ਨੂੰ ਜਲੰਧਰ ਵਿਚ ਪੰਜਾਬ ਜਾਗਰਤੀ ਮੰਚ ਵਲੋਂ ਪੰਜਾਬ ਦੇ ਸੰਘਰਸ਼ ਵਿਚ ਪ੍ਰੈਸ ਵਲੋਂ ਨਿਭਾਏ ਜਾ ਰਹੇ ਰੋਲ ਬਾਰੇ ਇਕ ਸੈਮੀਨਾਰ ਸੀ, ਜਿਸ ਵਿਚ ਭਾਈ ਜਸਵੰਤ ਸਿੰਘ ਖਾਲੜਾ ਨੇ ਸ਼ਿਰਕਤ ਕੀਤੀ। ਸਰਕਟ ਹਾਊਸ ਜਲੰਧਰ ਦੇ ਭਰੇ ਹੋਏ ਹਾਲ ਵਿਚ ਪ੍ਰਧਾਨਗੀ ਭਾਸ਼ਣ ਤੋਂ ਪਹਿਲਾਂ ਅੱਧੇ ਘੰਟੇ ਦੇ ਕਰੀਬ ਭਾਈ ਜਸਵੰਤ ਸਿੰਘ ਖਾਲੜਾ ਨੇ ਸਮੁੱਚੀ ਪ੍ਰੈਸ ਵਲੋਂ ਨਿਭਾਏ ਜਾ ਰਹੇ ਸਿੱਖ ਤੇ ਪੰਜਾਬ ਵਿਰੋਧੀ ਰੋਲ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਪੂਰੇ ਠਰ੍ਹੰਮੇ ਅਤੇ ਤਰਕ ਦੇ ਜ਼ੋਰ ਨਾਲ ਉਸ ਨੇ ਇਹ ਗੱਲ ਜਚਾਈ ਕਿ ਪ੍ਰੈਸ ਆਪਣਾ ਨਿਰਪੱਖ ਅਤੇ ਆਜ਼ਾਦ ਰੋਲ ਨਿਭਾਉਣ ਦੀ ਬਜਾਇ ਸਰਕਾਰ ਦੀ ਇਕ ਧਿਰ ਬਣ ਕੇ ਵਿਚਰ ਰਹੀ ਹੈ।
ਸੈਮੀਨਾਰ ਤੋਂ ਬਾਅਦ ਲੰਗਰ ਛਕ ਕੇ ਅਸੀਂ ਤਿੰਨ ਕੁ ਵਜੇ ਘਰ ਪਹੁੰਚੇ। ਚਾਹ ਪੀਂਦਿਆਂ ਮੈਂ ਉਸ ਨੂੰ ਸੁਝਾਅ ਦਿਤਾ ਕਿ ਉਹ ਕੁਝ ਦਿਨ ਲਈ ਪੰਜਾਬ ਤੋਂ ਬਾਹਰ ਦਿੱਲੀ ਚਲਾ ਜਾਏ। ਮੇਰੀ ਦਲੀਲ ਸੀ ਕਿ ਉਸਨੇ ਲਾਵਾਰਿਸ ਲਾਸ਼ਾਂ ਦੇ ਮਸਲੇ ਉਤੇ ਕੇਪੀ ਐਸ ਗਿੱਲ ਨੂੰ ਬਹਿਸ ਕਰਨ ਦੀ ਜਿਹੜੀ ਖੁੱਲ੍ਹੀ ਚੁਣੌਤੀ ਦਿਤੀ ਹੈ, ਇਹ ਕਿਸੇ ਵੀ ਜਾਬਰ ਸਰਕਾਰ ਲਈ ਸਹਿਣੀ ਔਖੀ ਹੈ। ਕਾਨੂੰਨ ਦੇ ਘੇਰੇ ਨੂੰ ਉਲੰਘ ਕੇ ਪੁਲਸੀਆ ਵਹਿਸ਼ਤ ਤੇ ਦਹਿਸ਼ਤ ਦੇ ਜ਼ੋਰ ਨਾਲ ਰਾਜ ਕਰ ਰਹੀ ਕੋਈ ਵੀ ਸਰਕਾਰ, ਇਹ ਸਹਿਣ ਨਹੀਂ ਕਰ ਸਕਦੀ ਕਿ ਕੋਈ ਵੀ ਬੰਦਾ ਉਠ ਕੇ ਉਸ ਦੇ ਜਾਬਰ ਮੁਖੌਟੇ ਨੂੰ ਚੁਣੌਤੀ ਦੇਣ ਲੱਗ ਪਏ। ਇਸ ਲਈ ਜੇ ਉਹ ਕੁਝ ਦਿਨ ਲਈ ਪੰਜਾਬ ਤੋਂ ਬਾਹਰ ਚਲਾ ਜਾਏ ਤਾਂ ਸ਼ਾਇਦ ਅਫਸਰਸ਼ਾਹੀ ਦਾ ਕੁਝ ਕ੍ਰੋਧ ਮੱਠਾ ਪੈ ਜਾਏ ਤੇ ਨਾਲੇ ਬੰਬ ਕਾਂਡ ਵਿਚ  ਬੇਅੰਤ ਸਿੰਘ ਦੇ ਮਾਰੇ ਜਾਣ ਨਾਲ ਬਣਿਆ ਡਾਵਾਂਡੋਲ ਮਾਹੌਲ ਵੀ ਕੁਝ ਸੁਧਰ ਜਾਏ। ਪਰ ਆਪਣੇ ਸੁਭਾਅ ਮੁਤਾਬਿਕ ਬੜੇ ਠਹਿਰੇ ਹੋਏ ਅਤੇ ਹੌਲੇ ਬੋਲ ਵਿਚ ਉਸ ਦਾ ਜੁਆਬ ਸੀ, ਜਿਵੇਂ ਵਾਹਿਗੁਰੂ ਨੂੰ ਭਾਵੇ। ਉਸ ਦੇ ਭਾਣੇ ਵਿਚ ਹੀ ਸਭ ਕੁਝ ਹੋਣਾ ਹੈ। ਉਸ ਦੇ ਇਹਨਾਂ ਬੋਲਾਂ ਤੋਂ ਲਗਦਾ ਸੀ ਕਿ ਜਿਵੇਂ ਉਸ ਨੇ ਇਹ ਸਾਰਾ ਕੁਝ ਸੋਚ-ਸਮਝ ਕੇ ਕੀਤਾ ਹੋਵੇ ਅਤੇ ਉਹ ਆਪਣੇ ਨਾਲ ਵਾਪਰਣ ਵਾਲੀ ਕਿਸੇ ਵੀ ਹੋਣੀ ਲਈ ਮਾਨਸਿਕ ਤੌਰ ਉਤੇ ਤਿਆਰ ਹੋਵੇ। ਪੰਜਾਬ ਦੇ ਰਾਜਸੀ ਮਾਹੌਲ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਬਾਰੇ ਕੁਝ ਚਿਰ ਗੱਲ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਲਈ ਚੱਲ ਪਿਆ। ਮੈਂ ਸਕੂਟਰ ਉਤੇ ਬਿਠਾ ਕੇ ਉਸ ਨੂੰ ਬੱਸ ਅਡੇ ਛੱਡ ਆਇਆ।
6 ਸਤੰਬਰ ਨੂੰ ਸਵੇਰੇ ਦਸ ਵਜੇ ਦੇ ਕਰੀਬ ਮੈਨੂੰ ਅੰਮ੍ਰਿਤਸਰੋਂ ਫੋਨ ਆਇਆ ਕਿ ਭਾਈ ਖਾਲੜੇ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ ਹੈ। ਮੈਂ ਉਸੇ ਵੇਲੇ ਰੋਜਾਨਾ ‘ਅਜੀਤ’ ਦੇ ਸਹਾਇਕ ਸੰਪਾਦਕ ਸ. ਸਤਨਾਮ ਸਿੰਘ ਮਾਣਕ ਨੂੰ ਟੈਲੀਫੋਨ ਕੀਤਾ ਤੇ ਉਹਨਾਂ ਨੂੰ ਜਰਾ ਜਲਦੀ ਦਫਤਰ ਆਉਣ ਦੀ ਬੇਨਤੀ ਕੀਤੀ। ਉਹ ਇਕ ਦੀ ਬਜਾਇ ਗਿਆਰਾਂ ਵਜੇ ਹੀ ਦਫਤਰ ਪਹੁੰਚ ਗਏ। ਮੈਂ ਉਹਨਾਂ ਨੂੰ ਹਾਲਾਤ ਦੀ ਗੰਭੀਰਤਾ ਬਾਰੇ ਦੱਸਦੇ ਹੋਏ ਅਰਜ਼ ਕੀਤੀ ਕਿ ਜੇ ਅਸੀਂ ਭਾਅ ਜੀ (ਬਰਜਿੰਦਰ ਸਿੰਘ) ਨੂੰ ਇਸ ਬਾਰੇ ਸੰਪਾਦਕੀ ਲਿਖਣ ਲਈ ਮਨਾ ਲਈਏ ਤਾਂ ਸ਼ਾਇਦ ਸ. ਖਾਲੜਾ ਦੀ ਜਾਨ ਬਚ ਜਾਏ। ਸ. ਬਰਜਿੰਦਰ ਸਿੰਘ ਜਦੋਂ ਘਰੋਂ ਆਏ ਤਾਂ ਅਸੀਂ ਦੋਹਾਂ ਨੇ ਉਹਨਾਂ ਨੂੰ ਭਾਈ ਖਾਲੜਾ ਦੇ ਪੁਲਿਸ ਵਲੋਂ ਚੁੱਕੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਬੇਨਤੀ ਕੀਤੀ ਕਿ ਜੇ ਭਾਈ ਖਾਲੜਾ ਬਾਰੇ ਜ਼ੋਰਦਾਰ ਆਵਾਜ਼ ਨਾ ਉਠਾਈ ਗਈ ਤਾਂ ਪੁਲਿਸ ਤਸ਼ੱਦਦ ਤੋਂ ਬਾਅਦ ਉਹਨਾਂ ਦਾ ਕਤਲ ਹੋ ਸਕਦਾ ਹੈ। ਪਰ ਉਨ੍ਹਾਂ ਨੇ ਸਾਨੂੰ ਇਹ ਕਹਿ ਕੇ ਚੁੱਪ ਕਰਵਾ ਦਿਤਾ ਕਿ ਮੈਂ ਤਾਂ ਘਰੋਂ ਅੱਜ ਦੀ ਸੰਪਾਦਕੀ ਲਿਖਵਾ ਕੇ ਭੇਜ ਦਿਤੀ ਹੈ।
ਪੱਤਰਕਾਰ ਮਾਣਕ ਕੋਲੋਂ ਹੀ ਮੈਨੂੰ ਪਤਾ ਲੱਗਾ ਕਿ ਅੱਜ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਪੁੱਛਣ ਤੇ ਪਤਾ ਲੱਗਾ ਕਿ ਇਹ ਮੀਟਿੰੰਗ ਸਕਾਈਲਾਰਕ ਹੋਟਲ ਵਿਚ ਹੈ। ਸਕੂਟਰ ਉਤੇ ਸਕਾਈਲਾਰਕ ਹੋਟਲ ਨੂੰ ਜਾਂਦਿਆਂ ਮੈਨੂੰ ਛੋਟੀ ਬਾਰਾਂਦਰੀ ਕੋਲ ਸਕਾਈ ਲਾਰਕ ਹੋਟਲ ਵੱਲ ਨੂੰ ਪੈਦਲ ਤੁਰੇ ਜਾਂਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਮਿਲ ਗਏ। ਮੈਂ ਰੁਕ ਕੇ ਉਹਨਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੇ ਪੁਲਿਸ ਵਲੋਂ ਚੁਕੇ ਜਾਣ ਦੀ ਜਾਣਕਾਰੀ ਦਿੱਤੀ। ਸਕਾਈਲਾਰਕ ਹੋਟਲ ਪਹੁੰਚਣ ਦਾ ਮੈਨੂੰ ਕਹਿ ਕੇ, ਉਹਨਾਂ ਨੇ ਦੱਸਿਆ ਕਿ ਬਾਦਲ ਸਾਹਿਬ ਆਏ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਜਦੋਂ ਮੈਂ ਸਕਾਈਲਾਰਕ ਹੋਟਲ ਪਹੁੰਚਿਆ ਤੇ ਹਾਲ ਵਿਚ ਗਿਆ ਤਾਂ ਉਥੇ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਬੈਠੇ ਦਿਸ ਪਏ। ਮੈਂ ਫਟਾਫਟ ਉਹਨਾਂ ਕੋਲ ਪੁਹੰਚ ਕੇ ਭਾਈ ਖਾਲੜੇ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਜੇ ਅੱਜ ਇਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਿਹਾਅ ਕਰਨ ਬਾਰੇ ਮਤਾ ਨਾ ਪਾਇਆ ਗਿਆ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਥੇਦਾਰ ਟੌਹੜਾ ਨੇ ਮੈਨੂੰ ਸ. ਬਾਦਲ ਨਾਲ ਗੱਲ ਕਰਨ ਲਈ ਕਿਹਾ। ਸ੍ਰ. ਬਾਦਲ ਸਭ ਤੋਂ ਅੱਗੇ ਬੈਠੇ ਹੋਏ ਸਨ। ਮੈਂ ਬਿਨਾ ਕਿਸੇ ਜ਼ਾਬਤੇ ਦੀ ਪ੍ਰਵਾਹ ਕੀਤੇ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਗਿਆ ਤੇ ਉਹਨਾ ਨੂੰ ਭਾਈ ਖਾਲੜੇ ਦੇ ਪੁਲਿਸ ਵਲੋਂ ਚੁੱਕੇ ਜਾਣ ਦੀ ਜਾਣਕਾਰੀ ਦਿੱਤੀ ਤੇ ਨਾਲ ਹੀ ਉਹਨਾਂ ਨੂੰ  ਬੇਨਤੀ ਕੀਤੀ ਕਿ ਅੱਜ ਇਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਭਾਈ ਖਾਲੜਾ ਦੀ ਰਿਹਾਈ ਲਈ ਮਤਾ ਪਾਸ ਕੀਤੇ ਬਗੈਰ ਉਹਨਾਂ ਦੀ ਜਾਨ ਨਹੀਂ ਬਚ ਸਕਦੀ। ਸ. ਬਾਦਲ ਨੇ ਮੈਨੂੰ ਇਹ ਕਹਿ ਕੇ ਟਰਕਾ ਦਿਤਾ ਕਿ ਸ. ਮੇਜਰ ਸਿੰਘ ਨੂੰ ਮੇਰੇ ਵਲੋਂ ਕਹਿ ਸ. ਖਾਲੜਾ ਦੀ ਰਿਹਾਈ ਲਈ ਖਬਰ ਲੁਆ ਦੇ। ਮੈਂ ਕੁਝ ਤਲਖੀ ਭਰੇ ਲਹਿਜੇ ਵਿਚ ਬਾਦਲ ਸਾਹਿਬ ਨੂੰ ਇਹ ਵੀ ਕਿਹਾ ਕਿ ਏਨੀ ਕੁ ਖਬਰ ਤਾਂ ਮੈਂ ਆਪ ਵੀ ਲੁਆ ਸਕਦਾ ਸਾਂ। ਇਹ ਬੜੇ ਸਾਲਾਂ ਬਾਅਦ ਜਾ ਕੇ ਪਤਾ ਲੱਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਮਾਰ ਖਪਾਉਣ ਦੀ ਸ. ਬਾਦਲ ਨੇ ਸਹਿਮਤੀ ਦਿੱਤੀ ਸੀ।
ਗਦਰੀ ਬਾਬਿਆਂ ਦੇ ਪਰਿਵਾਰ ਵਿਚ ਜਨਮਿਆ ਤੇ ਪਲਿਆ ਭਾਈ ਜਸਵੰਤ ਸਿੰਘ ਖਾਲੜਾ ਮੁੱਢ ਤੋਂ ਹੀ ਇਨਕਲਾਬੀ ਸੀ। ਜਦੋਂ ਪੰਜਾਬ ਅੰਦਰ ਨਕਸਲਬਾੜੀ ਲਹਿਰ ਆਰੰਭ ਹੋਈ ਤਾਂ ਭਾਈ ਜਸਵੰਤ ਸਿੰਘ ਖਾਲੜਾ ਉਸ ਵੱਲ ਖਿੱਚੇ ਗਏ। ਉਹਨਾਂ ਨੇ ਆਪਣੇ ਇਲਾਕੇ ਵਿਚ ਇਸ ਲਹਿਰ ਦੇ ਪ੍ਰਭਾਵ ਹੇਠਲੀ ਨੌਜਵਾਨ ਭਾਰਤ ਸਭਾ ਦਾ ਮੁੱਢ ਬੰਨ੍ਹਿਆ ਅਤੇ ਸਭਾ ਦੀ ਅਗਵਾਈ ਵਿਚ ਇਸ ਖੇਤਰ ਅੰਦਰ ਪੁਲਿਸ ਜਬਰ ਦਾ ਡਟਵਾਂ ਵਿਰੋਧ ਕੀਤਾ। ਸੰਨ 1976 ਵਿਚ ਕਾਮਰੇਡ ਮਾਓ-ਜ਼ੇ-ਤੁੰਗ ਦੇ ਅਕਾਲ ਚਲਾਣੇ ਤੋਂ ਬਾਅਦ, ਜਦੋਂ 1980ਵਿਆਂ ਦੇ ਆਰੰਭ ਵਿਚ ਆਲਮੀ ਕਮਿਊਨਿਸਟ ਲਹਿਰ ਦੇ ਇਤਿਹਾਸ ਉਤੇ ਮੁੜ ਝਾਤ ਮਾਰਨ ਦਾ ਦੌਰ ਸ਼ੁਰੂ ਹੋਇਆ ਤੇ ਇਸ ਨਾਲ ਜੁੜ ਕੇ ਲਹਿਰ ਵਿਚ ਟੁੱਟ-ਭੱਜ ਸ਼ੁਰੂ ਹੋਈ, ਤਾਂ ਜਸਵੰਤ ਸਿੰਘ ਖਾਲੜੇ ਹੁਰੀਂ ਰਾਮ ਪਿਆਰੇ ਸਰਾਫ ਗਰੁੱਪ ਨਾਲ ਜੁੜ ਗਏ। ਸ੍ਰੀ ਰਾਮ ਪਿਆਰੇ ਸਰਾਫ ਨੇ ਪਹਿਲੀ ਵਾਰੀ ਆਲਮੀ ਕਮਿਊਨਿਸਟ ਲਹਿਰ ਵਲੋਂ ਕੁਦਰਤ ਤੇ ਮਨੁੱਖ ਦੇ ਸਿੱਧੇ ਰਿਸ਼ਤੇ ਨੂੰ ਅਣਗੌਲਿਆ ਕਰਨ ਦੀ ਜਾਣਕਾਰੀ ਦਿੱਤੀ ਸੀ। ਰਾਮ ਪਿਆਰੇ ਸਰਾਫ ਗਰੁੱਪ ਉਹਨਾਂ ਕੁਝ ਕੁ ਕਮਿਊਨਿਸਟ ਗਰੁੱਪਾਂ ਵਿਚ ਸ਼ਾਮਿਲ ਸੀ, ਜਿਨ੍ਹਾਂ ਨੇ ਸਿੱਖ ਸੰਘਰਸ਼ ਦੀ ਹਮਾਇਤ ਕੀਤੀ। ਜਦੋਂ ਕਿ ਇਲਾਕੇ ਦੇ ਪ੍ਰਭਾਵ ਕਾਰਨ ਭਾਈ ਜਸਵੰਤ ਸਿੰਘ ਖਾਲੜਾ ਮੁੱਢੋਂ ਹੀ ਸਿੱਖ ਸੰਘਰਸ਼ ਦੇ ਹਮਾਇਤੀ ਸਨ।
ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਗੁੰਮ ਹੋਏ ਦੋਸਤਾਂ ਦੀ ਭਾਲ ਵਿਚ ਸ਼ਮਸ਼ਾਨਘਾਟਾਂ ਦੇ ਚੱਕਰ ਲਾਉਂਦਿਆਂ ਕੇਵਲ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਹੀ 2097 ਅਜਿਹੀਆਂ ਲਾਸ਼ਾਂ ਦੇ ਸਸਕਾਰ ਹੋਏ ਲੱਭ ਲਏ ਸਨ, ਜਿਨ੍ਹਾਂ ਨੂੰ ਪੁਲੀਸ ਨੇ ‘ਅਣਪਛਾਤੀਆਂ’ ਕਹਿ ਕੇ ਸਾੜਿਆ ਸੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਸਰਕਾਰੀ ਏਜੰਸੀ ਸੀਬੀਆਈ. ਵਲੋਂ ਇਨ੍ਹਾਂ ‘ਲਾਵਾਰਿਸ ਲਾਸ਼ਾਂ’ ਦੀ ਪੁਸ਼ਟੀ ਹੋਈ। ਉੁਚ ਅਦਾਲਤ ਦੇ ਹੁਕਮਾਂ ਉਤੇ ਮਿੱਟੀ ਪਾਉਂਦਿਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਅਜਿਹੀਆਂ ਅਣਪਛਾਤੀਆਂ ਲਾਸ਼ਾਂ ਦੀ ਪੜਤਾਲ ਹੀ ਨਹੀਂ ਹੋਣ ਦਿੱਤੀ। ਅੰਮ੍ਰਿਤਸਰ ਜ਼ਿਲ੍ਹੇ ਅਤੇ ਬਾਕੀ ਸਾਰੇ ਪੰਜਾਬ ਵਿਚ ਅਜਿਹੀਆਂ ਕਿੰਨੀਆਂ ਕੁ ਲਾਸ਼ਾਂ ਦਰਿਆਵਾਂ ਅਤੇ ਨਹਿਰਾਂ ਵਿਚ ਰੋੜ੍ਹੀਆਂ ਗਈਆਂ, ਉਨ੍ਹਾਂ ਦਾ ਕੋਈ ਲੇਖਾ ਜੋਖਾ ਨਹੀਂ  ਹੋ ਸਕਿਆ। ਇਸ ਸਬੰਧ ਵਿਚ ਟਾਵੇਂ-ਟਾਵੇਂ ਵਾਰਿਸਾਂ ਵਲੋਂ ਅਦਾਲਤਾਂ ਵਿਚ ਕੀਤੇ ਗਏ ਕੇਸ ਕਈ-ਕਈ ਸਾਲਾਂ ਤੋਂ ‘ਸਟੇਅ ਆਰਡਰਾਂ’ ਦੀ ਬੁੱਕਲ ਵਿਚ ਫਸੇ ਪਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਵੀਜ਼ਨ ਬੈਂਚ ਵਲੋਂ, ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਕੇ ਮਾਰ ਖਪਾਉਣ ਦੇ ਦੋਸ਼ੀ ਚਾਰ ਪੁਲਸੀਆਂ ਦੀ ਹੇਠਲੀ ਅਦਾਲਤ ਵਲੋਂ ਦਿੱਤੀ ਸਜ਼ਾ,ਸੱਤ-ਸੱਤ ਸਾਲ ਦੀ ਕੈਦ ਨੂੰ ਉਮਰ ਕੈਦ ਵਿਚ ਬਦਲ ਦੇਣ ਨਾਲ, ਸਰਕਾਰੀ ਕੁਫਰ ਦਾ ਇਹ ਪਰਦਾ ਵੀ ਫਟ ਗਿਆ ਹੈ ਕਿ ਉਨ੍ਹਾਂ ਉਤੇ ਕਤਲ ਦਾ ਇਲਜ਼ਾਮ ਝੂਠਾ ਸੀ।
ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ 3 ਅਪ੍ਰੈਲ 2012 ਨੂੰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਇਕ ਫੈਸਲੇ ਅਨੁਸਾਰ 1513 ਸਿੱਖ ਪਰਿਵਾਰਾਂ ਨੂੰ 27.94 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ ਗਏ। ਇਹ ਪਰਿਵਾਰ ਉਨ੍ਹਾਂ ਹਜ਼ਾਰਾਂ ਸਿੱਖ ਪਰਿਵਾਰਾਂ ਵਿਚ ਸ਼ਾਮਿਲ ਸਨ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ ਸੰਨ 1984 ਤੋਂ ਲੈ ਕੇ ਸੰਨ 1994 ਤਕ ਦੇ ਖੂਨੀ ਦਹਾਕੇ ਦੌਰਾਨ ਪੰਜਾਬ ਪੁਲਿਸ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਤੋਂ ਬਾਅਦ ਲਾਵਾਰਿਸ ਕਰਾਰ ਦੇ ਕੇ ਸਾੜ ਦਿੱਤਾ ਗਿਆ ਸੀ। 16 ਸਾਲ ਦੀ ਲੰਬੀ ਅਦਾਲਤੀ ਜੱਦੋਜਹਿਦ ਤੋਂ ਬਾਅਦ ਮਿਲੇ ਇਸ ਅਧੂਰੇ ਇਨਸਾਫ ਨੇ ਜਿਥੇ ਹਿੰਦੁਸਤਾਨੀ ਨਿਆਂਪ੍ਰਬੰਧ ਦਾ ਖੋਖਲਾਪਣ ਸਾਬਿਤ ਕੀਤਾ, ਉਥੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀ ਇਸ ਮਸਲੇ ਬਾਰੇ ਧਾਰੀ ਸਾਜ਼ਿਸ਼ੀ ਚੁੱਪ ਨੂੰ ਵੀ ਬੇਨਕਾਬ ਕਰ ਦਿੱਤਾ। ਇਥੇ ਖਾਸ ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਇਹ 1513 ਸਿੱਖ ਪਰਿਵਾਰ, ਉਨ੍ਹਾਂ 2097 ਪਰਿਵਾਰਾਂ ਦਾ ਹਿੱਸਾ ਹਨ, ਜਿਨ੍ਹਾਂ ਦੇ ਕਿਸੇ ਨਾ ਕਿਸੇ ਜੀਅ ਦੇ ਗੁੰਮ ਹੋ ਜਾਣ ਦੀ ਪੜਤਾਲ, ਮਨੁੱਖੀ ਹੱਕਾਂ ਦੇ ਰਾਖੇ ਤੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਹਮਸਫਰਾਂ ਨੂੰ ਨਾਲ ਲੈ ਕੇ ਖੁਦ ਕੀਤੀ ਸੀ ਅਤੇ ਜਿਸ ਕਰਕੇ ਉਨ੍ਹਾਂ ਨੂੰ ਆਪ ਇਕ ਲਾਵਾਰਿਸ ਲਾਸ਼ ਬਣਨਾ ਪਿਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਅੰਦਰ ਕੰਮ ਕਰਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਨ੍ਹਾਂ 2097 ਪਰਿਵਾਰਾਂ ਦੇ ਹਲਫ਼ੀਆ ਬਿਆਨ ਇਕੱਠੇ ਕਰਕੇ ਸੀਬੀਆਈ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੌਂਪੇ ਜਾਣ ਦੇ ਬਾਵਜੂਦ, ਇਨ੍ਹਾਂ ਵਿਚੋਂ 532 ਪਰਿਵਾਰਾਂ ਨੂੰ ਇਸ ਨਿਗੂਣੇ ਮੁਆਵਜ਼ੇ ਦੇ ਯੋਗ ਵੀ ਨਹੀਂ ਸਮਝਿਆ ਗਿਆ।