ਕਲਾ ਦੇ ਓਹਲੇ ‘ਚ ਗੁਰੂ ਨਾਨਕ ਦੇ ਇਲਾਹੀ ਨਿਯਮ ਨੂੰ ਮੇਟਣ ਦੀ ਹਿਮਾਕਤ

ਕਲਾ ਦੇ ਓਹਲੇ ‘ਚ ਗੁਰੂ ਨਾਨਕ ਦੇ ਇਲਾਹੀ ਨਿਯਮ ਨੂੰ ਮੇਟਣ ਦੀ ਹਿਮਾਕਤ

‘ਨਾਨਕ ਸ਼ਾਹ ਫਕੀਰ’ ਫਿਲਮ ਬੰਦ ਕਰੋ (ਪ੍ਰਤੀਕਾਤਮਕ ਤਸਵੀਰ)

ਅਮਰੀਕ ਸਿੰਘ
ਆਦਿ ਕਾਲ ਤੋ ਹੀ ਕੋਮਲ ਕਲਾਵਾਂ ਦੇ ਮਾਧਿਅਮ ਰਾਹੀ ਮਾਨਵੀ ਜਿਹਨ ਸ੍ਰਿਸ਼ਟੀ ਜਾ ਪ੍ਰਕਿਰਤੀ ਵਿਚਲੇ ਤੱਤ ਸਾਰ ਰੂਪੀ ਸੱਚ ਨਾਲ ਵਾਬਸਤਾ ਹੁੰਦਾ ਆਇਆ ਹੈ। ਪ੍ਰਾਚੀਨ ਸਮਿਆਂ ਤੋ ਕਾਵਿ ਰੂਪ, ਸੰਗੀਤ, ਤੇ ਨਾਟ ਕਲਾ ਆਦਿ ਰਾਹੀਂ ਮਾਨਵੀ ਪ੍ਰਤਿਭਾ ਨੇ ਦਿਸਦੀ ਤੇ ਅਣਦਿਸਦੀ ਰੱਬੀ ਜਾਤ ਦੀ ਕੰਨਸੋਅ ਤੋ ਆਦਮ ਜਾਤ ਨੂ ਜਾਣੂ ਕਰਵਾਇਆ ਹੈ। ਇਸ ਉਦਾਤ ਅਵਸਥਾ ਦੀ ਪਰਿਭਾਸ਼ਾ ਭਾਰਤੀ ਗਿਆਨ ਪਰੰਪਰਾ ਨੇ ”ਸਤਅਮ ਸ਼ਿਵਮ ਸੁੰਦਰਮ” ਦੇ ਸੰਕਲਪ ਨਾਲ ਨਿਸਚਿਤ ਕੀਤੀ ਹੈ, ਭਾਵ ਪੂਰਨ ਸੱਚ, ਸੁਹਜ (ਇੰਦਰਿਆਵੀ ਸੰਦਰਭ ਨਹੀਂ) ਅਤੇ ਦੈਵੀ ਹੋਂਦ ਦੀ ਦੇਹ ਰੂਪ ਹਰਕਤ, ਹਰ ਧਰਮ ਦੇ ਪੈਗੰਬਰੀ ਵਰਤਾਰੇ ਦੇ ਸਮੁੱਚੇ ਪਹਿਲੂਆਂ (ਅਮਲੀ ਜੀਵਨ ਤੇ ਕਲਾ ਰੂਪਾਂ ਦਾ ਸਿਧਾਂਤਕ ਵਿਧੀ-ਵਿਧਾਨ) ਦੀ ਆਪਣੀ ਮਰਿਆਦਾ ਹੁੰਦੀ ਹੈ। ਗੈਰ-ਮਜਹਬ ਦੇ ਸਿਧਾਂਤਾਂ ਅਤੇ ਕਲਾ ਰੂਪਾਂ ਦੁਆਰਾ ਕਿਸੇ ਪੈਗੰਬਰੀ ਵਰਤਾਰੇ ਦੇ ਸ਼ੁਧ ਰੂਪ ਨੂੰ ਨਹੀਂ ਦਰਸਾਇਆ ਜਾ ਸਕਦਾ, ਜਿੰਵੇ ਹਿੰਦੂ ਸਹਿਤ ਅਤੇ ਦਰਸ਼ਨ, ਪੱਛਮੀ ਦਰਸ਼ਨ ਅਤੇ ਮਾਰਕਸਵਾਦ ਦੇ ਇਲਾਹੀ ਸਰੋਕਾਰਾਂ ਤੋ ਸੱਖਣੇ ਗਿਆਨ ਦੇ ਅਕਦਾਮਿਕ ਅਭਿਆਸ ਨੇ ਸਿੱਖਾਂ ਨੂੰ ਸਿੱਖੀ ਤੋ ਦੂਰ ਕਰਨ ਤੋਂ ਇਲਾਵਾ ਕੋਈ ਸਾਰਥਿਕ ਯੋਗਦਾਨ ਨਹੀਂ ਦਿੱਤਾ, ਇੰਵੇ ਹੀ ਗੁਰਬਾਣੀ ਵੱਲੋਂ ਰੱਦ ਕੀਤੇ ਗਿਆਨ ਚੋਂ ਵਿਕਸਿਤ ਹੋਏ ਕਲਾ ਰੂਪਾਂ ਰਾਹੀ ਗੁਰਬਾਣੀ ਜਾ ਗੁਰੂ ਜੀਵਨ ਦੀ ਖਾਲਸ ਰਮਜ ਨੂੰ ਅਤੇ ਉਸਦੀ ਮਹਾਨਤਾ ਨੂੰ ਨਹੀਂ ਦਰਸਾਇਆ ਜਾ ਸਕਦਾ। ਜਿੱਥੋਂ ਤੱਕ ਅਕਾਲ ਪੁਰਖ ਗੁਰੂ ਪਾਤਸ਼ਾਹ ਦੇ ਇਲਾਹੀ ਕਰਮ ਨੂੰ ਕਿਸੇ ਕਲਾ ਰੂਪ ਰਾਹੀ ਬਿਆਨ ਕਰਨ ਦਾ ਸੁਆਲ ਹੈ, ਕਾਵਿ ਰੂਪ (ਜੋ ਅਰਥਾਂ ਦੇ ਸੰਦਰਭ ਵਿੱਚ ਬੇਹੱਦ ਪਾਰਦਰਸ਼ੀ, ਬਹੁ ਪਸਾਰੀ, ਸਰੋਦੀ ਅਤੇ ਮੌਲਿਕ ਹੁੰਦਾ ਹੈ) ਪੰਥ ਪ੍ਰਵਾਨਿਤ ਵਿਧੀ ਰਹੀ ਹੈ, ਇਸਦੀ ਪ੍ਰਵਾਨਗੀ ਖੁਦ ਗੁਰੂ ਪਾਤਸ਼ਾਹ ਨੇ ਹੀ ਭਾਈ ਗੁਰਦਾਸ ਅਤੇ ਨੰਦ ਲਾਲ ਗੋਯਾ ਦੇ ਰੂਪ ਚ ਦੇ ਦਿੱਤੀ ਸੀ।

ਅਧੁਨਿਕ ਯੁੱਗ ਵਿੱਚ ਸਿਨੇਮਾ ਸਭ ਤੋ ਪ੍ਰਭਾਵਸ਼ਾਲੀ ਤੇ ਪ੍ਰਚਲਿਤ ਕਲਾ ਰੂਪ ਹੈ ਜੋ ਕਿ ਪੱਛਮੀ ਵਿਗਆਨ ਦੀ ਖੋਜ ਕੀਤੀ ਤਕਨੀਕ ਹੈ। ਆਪਣੀ ਸਾਰਥਿਕਤਾ ਦੇ ਬਾਵਜੂਦ ਫਿਲਮਾਕਣ ਕਲਾ ਦੇ (ਰੂਹਾਨੀ ਨਿਯਮ ਅਤੇ ਨੁਕਤਾ ਨਿਗਾਹ ਤੋਂ) ਬੁਨਿਆਦੀ ਦੋਸ਼ ਅਤੇ ਸੀਮਾਵਾਂ ਹਨ। ਪਹਿਲਾ ਇਹ ਕਿ ਫਿਲਮਾਕਣ ਸਿਰਜਣਾਤਮਕ ਪ੍ਰਕਿਰਆ ਕਈ ਤਕਨੀਕੀ ਹੁਨਰਮੰਦਾਂ ਦੇ ਅਮਲ ਰਾਹੀ ਨੇਪਰੇ ਚੜਦਾ ਹੈ, ਜਿੰਨਾ ਦੇ ਕਾਰਜ ਕਰਨ ਦੇ ਮਕਸਦ ਪੇਸ਼ੇਵਰ ਹੁੰਦੇ ਹਨ। ਕਾਵਿ ਰਚੇਤਾ (ਸ਼ਾਹ ਹੁਸੈਨ, ਸੁਲਤਾਨ ਬਾਹੂ ਜਿਹਾ ਸੂਫੀ ਦਰਵੇਸ਼ ਹੋਵੇ ਜਾ ਫਿਰਦੌਸੀ ਜਾ ਮਹਿਬੂਬ ਜਿਹਾ ਜਿਹਾਦੀ ਕਿਰਦਾਰ ਵਾਲਾ) ਵਾਂਗ ੳਹ ਅਪਣੇ ਆਵੇਸ਼ ਤੇ ਅਹਿਸਾਸ ਦੇ ਪ੍ਰਗਟਾਵੇ ਲਈ ਬੇਗਾਨੇ ਤਕਨੀਕੀ ਮੁਹਾਰਤ ਵਾਲੇ (ਕੈਮਰਾਮੈਨ, ਡਾਇਰੈਕਟਰ, ਐਕਟਰਜ ਆਦਿ) ਲੋਕਾਂ ਦੇ ਮੁਥਾਜ ਨਹੀਂ ਹੁੰਦੇ। ਦੂਜਾ, ਫਿਲਮਾਕਣ ਦੀ ਦੁਨੀਆ ਦੇ ਜੀਵਨ ਚੋਂ ਫਕੀਰੀ ਤੱਤ ਹਮੇਸ਼ਾ ਗਾਇਬ ਰਹਿੰਦਾ ਹੈ ਅਤੇ ਗਲੈਮਰ ਹੀ ਇਸ ਜਿੰਦਗੀ ਦਾ ਅਸਲੀ ਕਿਰਦਾਰ ਹੁੰਦਾ ਹੈ। ਘੱਟੋ ਘੱਟ ਹੁਣ ਤੱਕ ਦੇ ਸਿਨੇਮਾ ਦੇ ਇਤਿਹਾਸ ਤੋਂ ਤਾ ਇਹੀ ਸਾਬਿਤ ਹੁੰਦਾ ਹੈ। ਹੁਣ ਤਕ ਦੇ ਸਿਨੇਮਾ ਦੇ ਇਤਿਹਾਸ ਦੀਆਂ ਮਹਾਨ ਸਖਸ਼ੀਅਤਾਂ ‘ਚ ਹਾਲੀਵੁੱਡ ਦੇ ਜੇਮਸ ਕੈਮਰਾਨ, ਮੈੱਲ ਗਿਬਸਨ, ਇਰਾਨ ਦਾ ਮਾਜਿਦ ਮਜੀਦੀ, ਬਾਲੀਵੁੱਡ ਦੇ ਸੰਜੇ ਲੀਲਾ ਭੰਸਾਲੀ, ਭਾਵਨਾ ਤਲਵਾਰ, ਆਦਿ ਦੇ ਨਾਮ ਅਸੀਂ ਗਿਣਾ ਸਕਦੇ ਹਾਂ। ਇਹਨਾ ਚੋਂ ਕਿਸੇ ਨੇ ਵੀ ਪੈਗੰਬਰੀ ਅਮਲ ਨੂੰ ਚਿਤਰਪਟ ‘ਤੇ ਉਤਾਰ ਦੇਣ ਦਾ ਦਾਅਵਾ ਜਾ ਹਿੰਮਤ ਨਹੀ ਕੀਤੀ ਕਿਉਂਕਿ ਉਹ ਲੋਕ ਘੱਟੋ ਘੱਟ ਅਪਣੇ ਹੁਨਰ ‘ਚ ਪਰਬੀਨ ਹਨ, ਇਸ ਲਈ ਨਿਰਦੇਸ਼ਨ ਦੀਆਂ ਸੀਮਾਵਾਂ, ਨਿਯਮਾਂ ਅਤੇ ਸਿਰਜਣਾ ਦੇ ਇਖਲਾਕੀ ਪਹਿਲੂ ਤੋਂ ਵਾਕਿਫ ਹਨ, ਅਤੇ ਇਲਾਹੀ ਜਿੰਦਗੀ ਦੀ ਉਚਾਈ ਨੂੰ ਵੀ ਅਤੇ ਅਪਣੀ ਔਕਾਤ ਨੂੰ ਵੀ ਜਾਣਦੇ ਪਛਾਣਦੇ ਹਨ। ਅਜਿਹਾ ਦਾਅਵਾ ਕਈ ਵਾਰ ਹੁਨਰ ਹੀਣ ਜਰੂਰ ਕਰ ਦਿੰਦੇ ਹਨ ਜਿਨ੍ਹਾਂ ਦੇ ਪੱਲੇ ਕਿਸੇ ਵੀ ਕਿਸਮ ਦੀ ਮੌਲਿਕ ਪ੍ਰਤਿਭਾ ਨਹੀਂ ਹੁੰਦੀ, ਕੋਈ ਹੁਨਰ ਨਹੀਂ ਹੁੰਦਾ, ਜਿਨ੍ਹਾਂ ਦੀ ਸਿਨੇਮਾ ਦੇ ਅਤੇ ਜਿੰਦਗੀ ਦੇ ਕਿਸੇ ਵੀ ਹੋਰ ਖੇਤਰ ‘ਚ ਕੋਈ ਪ੍ਰਾਪਤੀ ਨਹੀਂ ਹੂੰਦੀ, ਜਿਨ੍ਹਾਂ ਦੀ ਨਾਂ ਸਿਧਾਂਤ ਨਾਲ ਪਰਪੱਕਤਾ ਹੁੰਦੀ ਹੈ ਤੇ ਨਾ ਵਫਾਦਾਰੀ ਤੇ ਨਾ ਸਮਰਪਣ। ਅਜਿਹੇ ਯਤਨ ਸੁਹਜਹੀਣ ਬੁੱਤ ਘੜਨ ਦਾ ਕੁਕਰਮ ਕਰਦੇ ਹਨ ਜਿਹਾ ਕਿ ਨਾਨਾਕ ਸ਼ਾਹ ਫਕੀਰ ਫਿਲਮ ਦੇ ਮਾਮਲੇ ਵਿੱਚ ਹੋ ਰਿਹਾ ਹੈ।
ਇਸ ਫਿਲਮ ਨਾਲ ਜੁੜੀਆਂ ਸਾਜਿਸ਼ਾਂ ਹੀ ਇਸ ਨੂੰ ਬਣਾਉਣ ਪਿਛਲੇ ਖਤਰਨਾਕ ਮਨਸੂਬਿਆਂ ਦੀ ਦੱਸ ਪਾਉਂਦੀਆਂ ਹਨ। ਸ. ਸੁਖਦੇਵ ਸਿੰਘ ਭੌਰ ਨੇ ਫੇਸਬੁੱਕ ‘ਤੇ ਇਸ ਫਿਲਮ ਦੇ ਸੰਦਰਭ ਵਿੱਚ ਦੱਸਿਆ ਹੈ ਕਿ ਕਿੰਝ ਇਸ ਫਿਲਮ ਨੂੰ ਪਰਵਾਣ ਕਰਵਾਉਣ ਲਈ ਸਿਆਸੀ ਦਬਾਅ ਦੇ ਦਾਅ ਪੇਚ ਵਰਤੇ ਗਏ ਤੇ ਕਿੰਝ ਬਾਦਲਾਂ ਦੇ ਨਾਵਾਂ ਦਾ ਦਬਾਅ ਪਾ ਕੇ ਫਿਲਮ ਮਨਜੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।
ਸ਼ਪਸ਼ਟ ਹੈ ਕਿ ਹਸਤੀ-ਹੀਣ ਵਿਅਕਤੀ, ਸਿੱਖ ਵਿਰੋਧੀ ਮਨਸੂਬਿਆਂ ਦਾ ਵਾਹਕ ਬਣ ਰਿਹਾ ਹੈ, ਜੋ ਪਹਿਲਾ ਤੋਂ ਹੀ ਅਥਾਹ ਤਣਾਅ ‘ਚ ਅਤੇ ਅਪਣੀ ਮੌਲਿਕਤਾ ਤੋ ਦੂਰ ਵਿਚਰ ਰਹੀ ਸਿੱਖ ਮਾਨਸਿਕਤਾ ਨੂੰ ਤੜਫਾਅ ਰਿਹਾ ਹੈ।
ਇਹ ਫਿਲਮ ਸਿੱਖਾਂ ਨੂੰ ਬੁੱਤ-ਪ੍ਰਸਤੀ ਵੱਲ ਧੱਕਣ ਦੀ ਇਹ ਹੋਰ ਚਾਲ ਹੈ ਤੇ ਇਸ ਦੇ ਮੱਦੇ ਨਜ਼ਰ ਸਾਨੂੰ ਇਹ ਵੀ ਵਿਚਾਰ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੀ ਮਨਘੜਤ ਤਸਵੀਰਾਂ ਦੇ ਪ੍ਰਚੱਲਣ ਨੇ ਅੱਜ ਤੱਕ ਪੰਥ ਦਾ ਕੀ ਸਵਾਰਿਆ ਹੈ। ਬਲਕਿ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਅਜਿਹੇ ਨਾਟਕ-ਚੇਟਕ ਤਿਆਰ ਹੋ ਜਾਣ ਪਿੱਛੇ ਉਨ੍ਹਾਂ ਤਸਵੀਰਾਂ ਨੂੰ ਕਿਸੇ-ਨਾ-ਕਿਸੇ ਹੱਦ ਤੱਕ ਮਾਨਤਾ ਦੇ ਦੇਣ ਵਾਲੀ ਗੱਲ ਵੀ ਖੜ੍ਹੀ ਹੈ। ਯਾਦ ਰਹੇ ਕਿ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ ਜਹੇ ਪਾਰਗਾਮੀ ਦ੍ਰਿਸ਼ਟੀ ਵਾਲੇ ਸਿੱਖ ਵਿਦਵਾਨਾਂ ਨੇ ਗੁਰੂ ਸਾਹਿਬਾਨ ਨੂੰ ਚਿੱਤਰਾਂ ਰਾਹੀਂ ਦਰਸਾਉਣ ਦੀ ਪਿਰਤ ਨੂੰ ਮੂਲੋਂ ਹੀ ਰੱਦ ਕੀਤਾ ਹੈ।
ਤਸਵੀਰਾਂ ਦੀ ਮਾਨਤਾ ਹੋ ਜਾਣ ਕਾਰਨ ਅਜਿਹੀਆਂ ਚਣੌਤੀਆਂ ਦੇ ਦਰਪੇਸ਼ ਹੋਣ ਦਾ ਅਧਾਰ ਪਹਿਲਾਂ ਹੀ ਸਿਰਜਿਆ ਜਾ ਚੁੱਕਾ ਸੀ ਤੇ ਅਧੁਨਿਕ ਯੁੱਗ ਚ ਨਿਤ ਪੈਂਦੇ ਅਜਿਹੇ ਘੋਲਾਂ ਦੇ ਜੇਤੂ ਮੱਲ ਡਾ. ਗੁਰਭਗਤ ਸਿੰਘ ਜੀ ਨੇ ਅਪਣੇ ਲੇਖ ”ਜਖਮ ਨੂ ਸੂਰਜ ਬਣਨ ਦਿਉ” ਵਿਚ ਸਿੱਖਾਂ ਨੂੰ ਅਜਿਹੇ ਘੋਲ ਜਿੱਤਣ ਦੇ ਗੁਰ ਸਿਖਾਉਦਿਆਂ ਦੱਸਿਆ ਹੈ ਕਿ ਅਪਣੇ ਹਰ ਦਰਦ ਨੂੰ ਅਪਣੀ ਤਾਕਤ ਬਣਾ ਲੈਣਾ ਹੀ ਹੁਣ ਸਿੱਖਾਂ ਕੋਲ ਇਕੋ ਇਕ ਰਾਹ ਬਚਿਆ ਹੈ। ਭਾਵ ਅਰਥ ਹੈ ਕਿ ਜਿੰਨਾ ਚਿਰ ਸਿੱਖ ਪੰਥਕ ਵੇਹੜੇ ‘ਚ ਪਸਰੀ ਬੁੱਤਪਰਸਤੀ ਉਖਾੜ ਨਹੀ ਸੁਟਦੇ, (ਅਜਾਇਬ ਘਰਾਂ ਚੋਂ ਗੁਰੂ ਪਾਤਸ਼ਾਹ ਦੀਆਂ ਫੋਟੋਆਂ ਨਹੀਂ ਹਟਾਉਂਦੇ ਅਤੇ ਰੱਦ ਨਹੀ ਕਰਦੇ) ਉਨਾਂ ਚਿਰ ਉਹਨਾਂ ਦੀ ਜਾਨ ਅਜਿਹੇ ਦੁਖਾਂ ਤੋ ਛੁੱਟਣ ਵਾਲੀ ਨਹੀਂ।
ਆਲਮਾ ਇਕਬਾਲ ਨੇ ਬੁੱਤਪਰਸਤੀ ਦੇ ਇਸ ਵਰਤਾਰੇ ਬਾਰੇ ਕਿਹਾ ਹੈ ”ਨੁਕਤਾ ਏ ਤੌਹੀਦ ਸਮਝ ਮੇ ਆ ਤੋ ਸਕਤਾ ਹੈ, ਪਰ ਦਿਮਾਗ ਮੇ ਬੁੱਤਖਾਨਾ ਹੋ ਤੋ ਕਿਆ ਕਹੀਏ” ਅਰਥਾਤ ਰੱਬ ਸਿਰਫ ਤੇ ਸਿਰਫ ਇਕ ਹੈ, ਇਸਦੀ ਸਮਝ ੳਨਾ ਚਿਰ ਨਹੀਂ ਆ ਸਕਦੀ ਜਿੰਨਾ ਚਿਰ ਮਨ ‘ਚ ਬੁੱਤਾਂ ਦੀ ਥਾਂ ਹੈ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਅਪਣੀ ਕਿਤਾਬ ”ਬਿਪਰ ਸੰਸਕਾਰ” ‘ਚ ਗੁਰਬਾਣੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੀਨ ਨਾਲ ਦਗਾਬਾਜੀ ਦਾ ਹੁਨਰ ਗਿਆਨ ਅਥਵਾ ਕਲਾ ਰੂਪਾਂ ਦੁਆਰਾ ਹੀ ਕੌਮਾਂ ਵਿਚ ਪਨਪਦਾ ਤੇ ਉਸਰਦਾ ਹੈ। ਏਸੇ ਕਲਾ ਅਤੇ ਗਿਆਨ ਦੀ ਦੁਹਾਈ ਅਧੁਨਿਕ ਦੀਨ ਵਿਰੋਧੀ ਅਕਦਾਮਿਕ ਟਿੱਡੀਦਲ ਵੱਲੋ ਸਿੱਖਾਂ ਨੂੰ ਦਿੱਤੀ ਜਾਂਦੀ ਹੈ ਜਿਸ ਦੀ ਸ਼ਨਾਖਤ ਚੈਖਵ ਨੇ ਅਪਣੀ ਰਚਨਾ ਬਟਰਫਲਾਈ ਚ ਵੀ ਕੀਤੀ ਹੈ।
(‘ਸਿੱਖ ਸਿਆਸਤ ਬਿਊਰੋ’ ਤੋਂ ਧੰਨਵਾਦ ਸਹਿਤ)