ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ

ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ

ਡਾ. ਗੁਰਭਗਤ ਸਿੰਘ
ਸਿਰਦਾਰ ਜੀ ਨਾਲ ਮੇਰੀ ਭਰਪੂਰ ਮੁਲਾਕਾਤ 1977 ਵਿਚ ਹੋਈ। ਮੈਂ ਅਮਰੀਕਾ ਤੋਂ ਉਚੇਰੀ ਵਿਦਿਆ ਪ੍ਰਾਪਤ ਕਰਨ ਪਿਛੋਂ ਅਜੇ ਮੁੜਿਆ ਹੀ ਸੀ। ਚੰਡੀਗੜ੍ਹ ਦੇ ਇਕ ਰੈਸਤਰਾਂ ਵਿਚ ਅਸੀਂ ਸ਼ਾਮ ਨੂੰ ਮਿਲੇ। ਇਹ ਮੁਲਾਕਾਤ ਸਹਿਜ ਵਿਚ ਹੀ ਸਵਰਗਵਾਸੀ ਡਾ. ਅਤਰ ਸਿੰਘ ਨੇ ਨਿਸ਼ਚਤ ਕੀਤੀ ਸੀ। ਸਾਡੇ ਨਾਲ ਸਵਰਗਵਾਸੀ ਕਵੀ ਪ੍ਰੋ. ਮੋਹਨ ਸਿੰਘ ਵੀ ਸਨ। ਸਿਰਦਾਰ ਕਪੂਰ ਸਿੰਘ ਬਹੁਤ ਖੇੜ੍ਹੇ ਵਿਚ ਸਨ। ਰੈਸਤਰਾਂ ਵਿਚੋਂ ਉੱਠਣ ਤੋਂ ਪਿੱਛੋਂ ਉਹ ਸਾਨੂੰ ਪਿਆਰ ਨਾਲ ਆਪਣੇ ਘਰ ਲੈ ਗਏ। ਉਹ ਘਰ ਦੀਆਂ ਕੰਧਾਂ ਉੱਤੇ ਲਟਕਦੇ ਕੁਝ ਚਿੱਤਰਾਂ ਨੂੰ ਬੜੇ ਪਿਆਰ ਨਾਲ ਦਿਖਾਉਂਦੇ ਰਹੇ ਅਤੇ ਆਪਣੀਆਂ ਟਿੱਪਣੀਆਂ ਦਿੰਦੇ ਰਹੇ। ਉਨ੍ਹਾਂ ਦੀ ਵਿਦਵਤਾ ਬਾਰੇ ਤਾਂ ਮੈਂ ਪਹਿਲਾ ਹੀ ਬਹੁਤ ਪ੍ਰਭਾਵਿਤ ਸੀ। ਉਨ੍ਹਾਂ ਦੀ ਮਨੁੱਖਤਾ ਅਤੇ ਨਿੱਘ ਨੂੰ ਕੋਲੋਂ ਜਾਣਨ ਦਾ ਮੌਕਾ ਮੈਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਸੀ।
ਸਿਰਦਾਰ ਜੀ ਦੀ ਸੰਭਾਵਨਾ ਵਾਲੇ ਨੌਜਵਾਨਾਂ ਵਿਚ ਦਿਲਚਸਪੀ ਅਤੇ ਯਾਦ-ਸ਼ਕਤੀ ਦੇ ਅਤਿਅੰਤ ਤੀਖਣ ਹੋਣ ਬਾਰੇ ਮੈਨੂੰ ਕਾਫੀ ਹੈਰਾਨੀ ਹੋਈ ਜਦੋਂ। ਡਾ. ਅਤਰ ਸਿੰਘ ਨੇ ਮੇਰੀ ਜਾਣ ਪਛਾਣ ਕਰਾਉਂਦਿਆਂ ਕਿਹਾ, ਕਿ ”ਇਹ ਗੁਰਭਗਤ ਸਿੰਘ ਹੈ। ਹੁਣੇ ਹੁਣੇ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਬਲੇਕ ਉੱਤੇ ਪੀ. ਐਚ. ਡੀ. ਕਰਕੇ ਮੁੜਿਆ ਹੈ।” ਸਿਰਦਾਰ ਜੀ ਕਹਿਣ ਲੱਗੇ, ”ਬਹੁਤ ਖੁਸ਼ੀ ਹੋਈ ਹੈ। ਮੈਂ ਇਸ ਨੌਜਵਾਨ ਨੂੰ ਜਾਣਦਾ ਹਾਂ। ਦਿੱਲੀ ਵਿਚ ਇਕ ਸਾਹਿਤਕ ਸਮਾਗਮ ਉੱਤੇ ਇਨ੍ਹਾਂ ਦਾ ਭਾਸ਼ਣ ਸੁਣਿਆ ਸੀ।” ਉਸ ਗੱਲ ਨੂੰ 18-20 ਸਾਲ ਬੀਤ ਚੁੱਕੇ ਸਨ। ਸਿਰਦਾਰ ਜੀ ਨੂੰ ਵਿਦਵਾਨ ਸਿੱਖ ਨੌਜਵਾਨਾਂ ਵਿਚ ਕਿੰਨੀ ਦਿਲਚਸਪੀ ਸੀ, ਕਿਵੇਂ ਉਹਨਾਂ ਦੇ ਜ਼ਹਿਨ ਵਿਚ ਉਕਰੇ ਜਾਂਦੇ ਸਨ, ਉਹ ਉਨ੍ਹਾਂ ਦੇ ਭਵਿੱਖ ਬਾਰੇ ਸੋਚ ਕੇ ਕਿਵੇਂ ਖੁਸ਼ ਹੁੰਦੇ ਸਨ, ਇਹ ਮੇਰੇ ਸਾਹਮਣੇ ਸੀ।
ਸਾਡੀ ਮੁਲਾਕਾਤ ਦੇ ਦੌਰਾਨ ਸਿਰਦਾਰ ਜੀ ਬਹੁਤ ਨਿਮਰ ਅਤੇ ਮਿੱਠੇ ਸਨ। ਕਦੇ ਕਦੇ ਵਿਅੰਗਾਤਮਕ ਵੀ ਸਨ। ਉਹ ਇੰਨੇ ਸਹਿਜ ਵਿਚ ਸਨ ਕਿ ਕੋਲ ਬੈਠੇ ਬੰਦੇ ਨੂੰ ਇਹ ਅਨੁਮਾਨ ਲਾਉਣਾ ਔਖਾ ਸੀ ਕਿ ਇਨ੍ਹਾਂ ਨੇ ‘ਪ੍ਰਾਸ਼ਰ ਪ੍ਰਸ਼ਨ’ ਵਰਗੀ ਵਿਦਵਤਾ ਭਰਪੂਰ ਪੁਸਤਕ ਲਿਖੀ ਹੈ। ਧਰਮ ਅਤੇ ਸਭਿਆਚਾਰ ਬਾਰੇ ਅੰਤਰਰਾਸ਼ਟਰੀ ਪੱਧਰ ਦੇ ਲੇਖ ਲਿਖੇ ਹਨ।
ਸਿਰਦਾਰ ਜੀ ਨੇ ਸਰਦਾਰ ਪਟੇਲ ਦੇ ਇਕ ਸਿੱਖ ਵਿਰੋਧੀ ਆਦੇਸ਼ ਨੂੰ ਨਾ ਮੰਨਣ ਕਾਰਣ ਆਪਣਾ ਆਈ. ਸੀ. ਐਸ. ਜੀਵਨ ਅਤੇ ਉਸ ਦੇ ਸੁਖ ਤਿਆਗ ਦਿੱਤੇ। ਇਹ ਕੋਈ ਛੋਟੀ ਕੁਰਬਾਨੀ ਨਹੀਂ ਸੀ ਜਦੋਂ ਕਿ ਭਾਰਤੀ ਮੱਧ ਵਰਗ ਇਸ ਜੀਵਨ ਲਈ ਤਰਸਦਾ ਰਹਿੰਦਾ ਸੀ ਅਤੇ ਇਸ ਨੂੰ ਬੁਹਤ ਵੱਡੀ ਪ੍ਰਾਪਤੀ ਗਿਣਦਾ ਸੀ।
ਉਨ੍ਹਾਂ ਦੇ ਇਸ ਤਿਆਗ ਦੀ ਸਮਝ ਉਨ੍ਹਾਂ ਦੀਆਂ ਪੁਸਤਕਾਂ ਅਤੇ ਲੇਖ ਪੜ੍ਹ ਕੇ ਹੀ ਆਉਂਦੀ ਹੈ। ਉਹ ਸਿੱਖ ਚਿੰਤਨ ਅਤੇ ਅਭਿਆਸ ਦੀ ਮੌਲਿਕਤਾ ਅਤੇ ਵਿਲੱਖਣਤਾ ਦੇ ਪੂਰੀ ਤਰ੍ਹਾਂ ਕਾਇਲ ਸਨ। ਉਨ੍ਹਾਂ ਨੂੰ ਵਿਸ਼ਵਾਸ਼ ਸੀ ਕਿ ਮਨੁੱਖ ਦੇ ਸ਼ਾਨਦਾਰ ਅਤੇ ਸ਼ਾਂਤ ਭਵਿੱਖ ਲਈ ਇਹ ਚਿੰਤਨ ਅਤੇ ਅਭਿਆਸ ਵੱਡੀਆਂ ਸੰਭਾਵਨਾਵਾਂ ਨਾਲ ਭਰਪੂਰ ਹਨ।
ਹੁਣ ਦੇ ਉਤਰ ਆਧੁਨਿਕ ਦੌਰ ਦੇ ਪ੍ਰਸੰਗ ਵਿਚ ਇਹ ਮਹੱਤਵਪੂਰਣ ਹੈ ਕਿ ਉਨ੍ਹਾਂ ਨੇ 1972 ਵਿਚ ਸੰਪੂਰਣ ਕੀਤੀ ਆਪਣੀ ਪੁਸਤਕ ”ਸਾਚੀ ਸਾਖੀ” ਵਿਚ ਸਿੱਖੀ ਬਾਰੇ ਇਹ ਵਿਆਖਿਆ ਦਿੱਤੀ ਸੀ ਕਿ ਸਿੱਖੀ ”ਬਹੁਕੇਂਦ੍ਰਿਤ” ਹੈ। ਇਸਲਾਮ ਅਤੇ ਹਿੰਦੂਵਾਦ ”ਇਕ ਕੇਂਦ੍ਰਿਤ” ਹੈ। ਇਸ ਦਾ ਕਾਰਨ ਇਹ ਹੈ ਕਿ ਸਿੱਖੀ ਸੱਚ ਅਤੇ ਸੁਤੰਤਰਤਾ ਦੀ ਪ੍ਰਾਪਤੀ ਲਈ ਵੱਖ ਵੱਖ ਵਿਧੀਆਂ ਨੂੰ ਸ੍ਵੀਕਾਰ ਕਰਦੀ ਹੈ। ਜੀਵਨ ਅਭਿਆਸ ਵੀ ਕਈ ਪ੍ਰਕਾਰ ਦੇ ਹੋ ਸਕਦੇ ਹਨ। ਇਸ ਲਈ ਇਸ ਵਿਚ ਕੱਟੜਤਾ ਦੀ ਥਾਂ ਵੰਨ ਸੁਵੰਨਤਾ ਦਾ ਸਥਾਨ ਹੈ। ਸਿਰਦਾਰ ਜੀ ਨੇ ਇਸਲਾਮ ਅਤੇ ਹਿੰਦੂਵਾਦ ਦੇ ਸਿੱਖੀ ਨਾਲ ਚਲੇ ਆ ਰਹੇ ਵਿਰੋਧ ਨੂੰ ਪਰਿਪੇਖ ਅਤੇ ਦਾਰਸ਼ਨਿਕ ਅਸੂਲ ਦਾ ਵਿਰੋਧ ਮੰਨਿਆ ਹੈ। ”ਪ੍ਰਾਸ਼ਰ ਪ੍ਰਸ਼ਨ” ਵਿਚ ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਸਿੱਖੀ ਅਸਲ ਹਿੰਦੂਵਾਦ ਨਾਲੋਂ ਪੂਰਨ ਤੌਰ ਤੇ ਵੱਖਰੀ ਹੈ। ਜਿੱਥੇ ਹਿੰਦੂਵਾਦ ਇਕ ਵਿਸ਼ਵਾਸ਼ ਰੱਖਦਾ ਹੈ, ਸਿੱਖੀ ਵਿਚ ਖਿੱਤਾਮੁਖੀ ਸੀਮਾਵਾਂ, ਮੂਲ ਅਤੇ ਐਥਨਿਸਿਟੀ ਦੀ ਵੀ ਥਾਂ ਹੈ।
ਸਿਰਦਾਰ ਜੀ ਨੇ ਬੁੱਧਵਾਦ ਦੇ ਤਾਰਕਿਕ ਅਤੇ ਬੌਧਿਕ ਮਾਰਗ ਨਾਲੋਂ ਵੱਖਰਿਆਉਂਦਿਆਂ ਸਿੱਖ ਗੁਰੂ ਸਾਹਿਬਾਨ ਦੇ ਮਾਰਗ ਨੂੰ ਅਨੁਭਵ ਅਤੇ ਵਿਕਾਸ ਦਾ ਮਾਰਗ ਮੰਨਿਆ ਹੈ ਜਿਸ ਵਿਚ ਮਨ ਅਤੇ ਦੇਹ ਦੇ ਨਿਰੰਤਰ ਸੁਧਾਰ ਅਤੇ ਉਨੱਤੀ ਨੂੰ ਮਹੱਤਵਪੂਰਨ ਸਮਝਿਆ ਗਿਆ ਹੈ। ਭਾਵੇਂ ਉਨ੍ਹਾਂ ਨੇ ‘ਜਪੁ ਜੀ’ ਬਾਰੇ ਲਿਖੇ ਇਕ ਲੇਖ ਵਿਚ ਗੁਰੂ ਸਾਹਿਬ ਦੀ ਪਰਮ ਦ੍ਰਿਸ਼ਟੀ ਨੂੰ ‘ਰਿਗ ਵੇਦ’ ਦੇ ਪ੍ਰੰਪਰਾ ਦੇ ਸ਼ਬਦ ਨਹੀਂ, ਗਿਆਨ ਪ੍ਰਾਪਤ ਕਰਨ ਨਾਲ ਜੋੜਿਆ ਹੈ। ਪਰ ਤਦ ਵੀ ਉਹ ਸ਼ਬਦ-ਸਾਖੀ ਦੇ ਨਾਲ ਮਨ ਅਤੇ ਦੇਹ ਦੇ ਵਿਕਾਸ ਨੂੰ ਜ਼ਰੂਰੀ ਮੰਨਣ ਦੇ ਵਿਚਾਰ ਨੂੰ ਗੁਰੂ ਸਾਹਿਬ ਦੀ ਮੌਲਿਕਤਾ ਮੰਨਦੇ ਹਨ। ਇਹ ਵਿਕਾਸ ਮੁਖੀ ਪਰਿਪੇਖ ਅਤੇ ਇਸ ਉੱਤੇ ਆਧਾਰਿਤ ਸਿੱਖ ਮਾਰਗ ਬੋਧੀਆਂ ਅਤੇ ਹਿੰਦੂਆਂ ਨਾਲੋਂ ਵੱਖਰਾ ਹੈ। ਸਿੱਖੀ ਵਿਚ ਬੁੱਤ-ਵਿਰੋਧ ਪੈਗ਼ੰਬਰੀ ਅਤੇ ਇਲਹਾਮ ਦੀ ਥਾਂ ਹੋਣ ਕਾਰਣ, ਸਿਰਦਾਰ ਜੀ ਦੇ ਵਿਚਾਰ ਵਿਚ ਸਿੱਖੀ ਕੇਵਲ ”ਗੈਰ ਹਿੰਦੂ” ਨਹੀਂ ਸਗੋਂ ”ਪੱਛਮੀ ਧਰਮ” ਵੀ ਹੈ ਆਪਣੀ ਪ੍ਰਕਿਰਤੀ ਅਤੇ ਸੁਭਾਅ ਵਿਚ (ਪ੍ਰਾਸ਼ਰ ਪ੍ਰਸ਼ਨ, ਪੰਨਾ 33)। ਵੈਸ਼ਵਵਾਦ ਅਤੇ ਹਿੰਦੂ ਭਗਤੀ ਨਾਲੋਂ ਉਹ ਸਿੱਖ ਚਿੰਤਨ ਨੂੰ ਦੱਖਣ ਦੇ ਚੌਥੀ ਸਦੀ ਈਸਵੀ ਵਿਚ ਰਚੇ ਗਏ ਗ੍ਰੰਥ ”ਤ੍ਰਿਕੁਰਾਲ” ਦੇ ਨੇੜੇ ਸਮਝਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਅਤੇ ਦ੍ਰਿਸ਼ਟੀ ਵੀ ਦੱਖਣੀ ਸਰੋਤਾਂ ਦੇ ਨੇੜੇ ਹਨ। ਇਨ੍ਹਾਂ ਨੂੰ ਹਿੰਦੂਵਾਦ ਜਾਂ ਬ੍ਰਾਹਮਣੀ ਚਿੰਤਨ ਜਾਂ ਅਭਿਆਸ ਤੋਂ ਪ੍ਰੇਰਿਤ ਮੰਨਣਾ ਯੋਗ ਨਹੀਂ। ਗ੍ਰੰਥ ”ਤਿਰੂਮਰਈ” ਨਾਲ ਮਿਲਦੇ ਹਨ। ਸਧਾਰਣ ਸ਼ਬਦਾਂ ਵਿਚ, ਸਿੱਖੀ ਅਤੇ ਇਸ ਦੇ ਗ੍ਰੰਥ ਅਣ-ਆਰੀਆਈ ਅਤੇ ਗੈਰ ਬ੍ਰਾਹਮਣੀ ਚਿੰਤਨ ਜਾਂ ਅਭਿਆਸ ਤੋਂ ਪ੍ਰੇਰਿਤ ਮੰਨਣਾ ਯੋਗ ਨਹੀਂ।
ਸਿਰਦਾਰ ਜੀ ਸਿੱਖ ਚਿੰਤਨ ਅਤੇ ਅਭਿਆਸ ਨੂੰ ਪ੍ਰਾਪਤ ਧਰਮਾਂ ਦਾ ਸੰਯੋਗ ਨਹੀਂ ਮੰਨਦੇ, ਜਿਵੇਂ ਕਿ ਕਈ ਭਾਰਤੀ ਵਿਦਵਾਨ ਕਹਿ ਜਾਂ ਲਿਖ ਦਿੰਦੇ ਹਨ। ਸਿਰਦਾਰ ਜੀ ਅਨੁਸਾਰ ਸਿੱਖੀ ਇਕ ਇਤਿਹਾਸਕ ”ਐਪਿਫਨੀ” ਹੈ। ਇਸ ਦਾ ਅਰਥ ਇਹ ਹੈ ਕਿ ਇਹ ਇਤਿਹਾਸ ਦੀਆਂ ਲੋੜਾਂ ਵਿਚੋਂ ਅਵੱਸ਼ ਪੈਦਾ ਹੋਈ, ਪਰ ਇਹ ਇਕ ਆਵੇਸ਼ ਸੀ, ਉਚੇਰੀ ਦਿਬ-ਦ੍ਰਿਸ਼ਟੀ ਦਾ ਇਕ ਕ੍ਰਿਸ਼ਮਾ ਸੀ ਜੋ ਆਪਣੀ ਮੌਲਿਕਤਾ ਨਾਲ ਵਾਪਰਿਆ।
ਸਿੱਖੀ ਵਿਚ ਵੱਡਾ ਮਹੱਤਵ, ਉਨ੍ਹਾਂ ਅਨੁਸਾਰ ਨਾਮ ਅਭਿਆਸ ਜਾਂ ਅਨੁਸ਼ਾਸਨ ਨੂੰ ਹੈ। ”ਨਾਮ” ਸ਼ਬਦ ”ਨਿਊਮਿਨਾ” ਨਾਲ ਜੁੜਿਆ ਹੋਇਆ ਹੈ। ਨਾਮ ਇਕ ਪਵਿੱਤਰਤਾ ਜਾਂ ਪੁਨੀਤ ਦਾ ਅਨੁਭਵ ਹੈ ਜੋ ਧਰਮ ਨਾਲ ਸੰਬੰਧਤ ਵਿਸ਼ੇਸ਼ ਅਨੁਭਵ ਹੈ। ਨੈਤਿਕਤਾ ਅਤੇ ਸੌਦਰਯ ਤੋਂ ਵੀ ਵੱਖਰਾ ਹੈ। ਸਿੱਖੀ ਦੇ ਇਸ ਵਿਸ਼ੇਸ਼ ਅਨੁਭਵ ਨੂੰ ਸਿਰਦਾਰ ਜੀ ”ਨ-ਸਦਾਚਾਰਕ ਪਵਿੱਤਰਤਾ” ਆਖਦੇ ਹਨ ਜੋ ਆਪਣੇ ਆਪ ਵਿਚ ਇਕ ਮੁੱਲ ਹੈ।
ਅਜਿਹੇ ਨਾਮ ਅਨੁਸ਼ਾਨ ਦਾ ਅਭਿਆਸ ਕਰਨ ਵਾਲਾ ਸਿੱਖ, ਨਿਰਪੇਖ ਯਥਾਰਥ ਜਾਂ ਅਕਾਲ ਪੁਰਖ ਵਿਚ ਵਿਅਸਤ ਮਨੁੱਖ ਹੈ ਜੋ ਜਗਤ ਪ੍ਰਤੀ ਵੀ ਸੁਚੇਤ ਹੈ। ਇਸ ਵਿਚ ਰਹਿ ਕੇ ਕਰਮਸ਼ੀਲ ਹੁੰਦਾ ਹੈ। ਇਸ ਲਈ ਉਹ ਸਿੱਖ ਸੰਕਲਪ ਦੇ ਮਨੁੱਖ ਨੂੰ ਮੁਕਤ ਪਰ ਸਮਾਜਿਕ-ਰਾਜਨੀਤਕ ਜੀਵਨ ਵਿਚ ਉਚੇਰੀਆਂ ਕੀਮਤਾਂ ਲਈ ਸੰਘਰਸਸ਼ੀਲ ਮਨੁੱਖ ਮੰਨਦੇ ਹਨ। ਇਸ ਮਨੁੱਖ ਲਈ ਬਦੀ ਸਦੀਵ ਨਿਯਮ ਜਾਂ ਅਸਲੀਅਤ ਨਹੀਂ, ਨਾ ਹੀ ”ਮਾਇਆ” ਸੱਤ ਹੈ। ਸਿੱਖੀ ਵਿਚ ਅਕਾਲ ਪੁਰਖ ਨਾਲ ਸੰਬੰਧ ਸਿੱਧਾ ਸਥਾਪਤ ਹੁੰਦਾ ਹੈ ਕਿਸੇ ਅਵਤਾਰ ਰਾਹੀਂ ਨਹੀਂ, ਇਹ ਰਿਸ਼ਤਾ ”ਅਨੰਦ” ਦਾ ਅਨੁਭਵ ਹੈ।
ਸਿੱਖ ਗੁਰੂ ਸਾਹਿਬਾਨ ਨੇ ਜੋ ਚਿਤਵਿਆ ਨਾਮ ਅਨੁਸ਼ਾਸਨ, ਪੁਨੀਤ ਅਨੁਭਵ ਵਾਲਾ, ਅਕਾਲ ਪੁਰਖ ਨਾਲ ਸਿੱਧਾ ਰਿਸ਼ਤਾ ਕਾਇਮ ਕਰਨ ਲਈ ਸਮਰੱਥ ਸਮਾਜਿਕ, ਰਾਜਨੀਤਕ ਜਗਤ ਪ੍ਰਤੀ ਸੁਚੇਤ ਅਤੇ ਕ੍ਰਿਆਸ਼ੀਲ, ਨੈਤਿਕਤਾ ਤੋਂ ਉੱਪਰ, ਵਰੁਣ/ਵਰਗ ਤੋਂ ਪਰ੍ਹੇ ਇਹ ਮਨੁੱਖ ਡਾਰਵਿਨੀ ਵਿਕਾਸਵਾਦ ਤੋਂ ਬਾਹਰ ਹੈ। ਸਿਰਦਾਰ ਜੀ ਨੇ ਸਿੱਖੀ ਵਿਚ ਚਿਤਵੇ ਮਨੁੱਖ ਲਈ ਸ਼ਬਦ ”ਪਰਥੋਜੈਨੇਸਿਸ” ਵਰਤਿਆ ਹੈ। ਇਸ ਦਾ ਅਰਥ ਹੈ ਉਹ ਮਨੁੱਖ ਜੋ ਲਿੰਗ ਮੇਲ ਤੋਂ ਬਾਹਰ ਹੋਂਦ ਵਿਚ ਆਉਂਦਾ ਹੈ। ਸਧਾਰਣ ਸ਼ਬਦਾਂ ਵਿਚ ਵਿਕਾਸ ਚੇਨ ਤੋਂ ਮੁਕਤ ਹੈ, ਕਿਸੇ ਹੋਰ ਉਚੇਰੇ ਸਿਰਜਨਾਤਮਿਕ ਵਿਕਾਸ ਵਿਚੋਂ ਆਉਂਦਾ ਹੈ। ਉਸ ਦੀ ਹੋਂਦ ਅਚਾਨਕ ਜਾਂ ਅਣਚਿਤਵੀ ਪ੍ਰਕਿਰਿਆ ਰਾਹੀਂ ਹੁੰਦੀ ਹੈ। ਹਾਈਸਨਬਰਗ, ਪਲੈਂਕ ਅਤੇ ਉਨ੍ਹਾਂ ਦੇ ਸਾਥੀ ਵੀਆਨਾ ਵਿਗਿਆਨਕਾਂ ਦੇ ਅਰਥਾਂ ਵਿਚ ਮਾਦੇ ਦੀ ”ਲੀਪ” ਜਾਂ ਅਣਕਾਰਣੀ ਛਾਲ ਵਿਚੋਂ (ਕੁਐਂਟਮ ਜੰਪ ਵਿਚੋਂ), ਇਹ ਉੱਭਰਦੀ ਹੈ। ਇਉਂ ਸਿੱਖ-ਗੁਰੂ ਸਾਹਿਬ ਦਾ ਚਿਤਵਿਆ ਸਿੱਖ ਇਕ ਕੁਐਂਟਰੀ ਲੀਪ ਹੈ- ਮਾਦੇ ਦੀ ਸਪਿਰਟ ਬਣੀ ਛਾਲ ਹੈ ਜੋ ਕਿ ਕੇਵਲ ਮਾਦੇ ਦੇ ਕਾਰਣ ਸ਼ਾਸ਼ਤ ਜਾਂ ਵਿਕਾਸਵਾਦੀ ਨਿਯਮਾਂ ਅਨੁਸਾਰ ਨਹੀਂ ਸਮਝੀ ਜਾ ਸਕਦੀ।
ਇਹ ਸਪਿਰਟ ਬਣਿਆ ਬੰਦਾ-ਸਿੱਖ, ਭਵਿੱਖ ਦੇ ਇਕ ਨਵੇਂ, ਪੁਨਰ-ਜਾਮੇ, ਸਮਤਾ ਭਰਪੂਰ, ਅਨੰਤ ਰੂਹ ਵਾਲੇ ਵਿਸ਼ਵ ਭਾਈਚਾਰੇ ਦਾ ਸਿਰਜਣਹਾਰ ਹੈ। ਇਸ ਵਿਚ ਮਨੁੱਖ ਜ਼ਾਤੀ ਦੇ ਸਭ ਸੁੰਦਰ ਅਨੁਭਵਾਂ ਦਾ ਸੁਮੇਲ ਹੈ ਇਸ ਲਈ ਸਿੱਖ ਅਤੇ ਸਿੱਖੀ ਉਤਰ-ਵੈਦਿਕ ਅਤੇ ਉਤਰ-ਉਪਨਿਸ਼ਦਕ ਹੈ। ਇਸ ਉੱਤੇ ਕੋਈ ਹਿੰਦੂ ਨਿਯਮ, ਕਾਨੂੰਨ, ਹਿੰਦੂ ਗ੍ਰੰਥਾਂ ਦਾ ਕੋਈ ਆਦੇਸ਼ ਲਾਗੂ ਨਹੀਂ ਹੁੰਦਾ। ਸਿਰਦਾਰ ਜੀ ਸਿੱਖ ਅਤੇ ਸਿੱਖੀ ਨੂੰ ਨਵੇਂ ਵਿਸ਼ਵ ਦਾ ਸੁਪਨਾ ਮੰਨਦੇ ਸਨ। ਮਨੁੱਖ ਜਾਤੀ ਲਈ, ਸਿੱਖੀ, ਗੁਰੂ ਸਾਹਿਬਾਨ ਦਾ ਸਿਰਜਿਆ ਹੋਇਆ ਇਕ, ਯੂਟੋਪੀਆ ਹੈ। ਇਕ ਸਾਕਾਰ ਕੀਤਾ ਹੋਇਆ ਨਵ-ਵਿਸ਼ਵ, ਜਿਸ ਵਿਚ ਅਨੰਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸਿੱਖੀ ਵਿਚ ਧਾਰਮਿਕ ਕੱਟੜਤਾ ਦੀ ਕੋਈ ਥਾਂ ਨਹੀਂ, ਇਸ ਲਈ ਸਿੱਖੀ ”ਥਿਉਕਰੈਟਿਕ” ਨਹੀਂ। ਹਰ ਪ੍ਰਕਾਰ ਦੀ ਤੰਗ ਦਿਲੀ ਤੋਂ ਮੁਕਤ ਇਹ ਨਵੀਂ ਸ਼ਕਤੀ ਵਾਲਾ ਮਾਰਗ ਅਤੇ ਇਸ ਉੱਤੇ ਚੱਲਣ ਵਾਲਾ ਸਿੱਖ ਆਪਣੇ ਆਪ ਵਿਚ ਨੈਤਿਕ ਅਨੁਸਰਣ ਅਤੇ ਜੀਵਨ ਦੀ ਇਕ ਮਿਸਾਲ ਹੈ।
ਗੁਰੂ ਸਾਹਿਬਾਨ ਦਾ ਚਿਤਵਿਆ ਅਤੇ ਸਾਕਾਰ ਕੀਤਾ ਸਿੱਖ, ਆਪਣੀ ਪਰਮਤਾ ਕਾਰਣ,ਸਿਰਦਾਰ ਜੀ ਅਨੁਸਾਰ, ਨੀਟਸ਼ੇ ਦੇ ”ਉਪਰਮਨੁੱਖ” ਓਟਰਮੈਨ) ਦਾ ਖਿਆਲ ਲਿਆਉਂਦਾ ਹੈ, ਪਰ ਇਹ ਹਰ ਪ੍ਰਕਾਰ ਦੇ ਟੋਟੈਲੀਟੇਰੀਅਨ ਚਰਿੱਤਰ ਤੋਂ ਮੁਕਤ ਹੋਵੇਗਾ। ਸਿਰਦਾਰ ਜੀ ਦੀ ਵਿਆਖਿਆ ਦੇ ਹੋਰ ਕਾਫੀ ਪੱਖ ਹਨ ਪਰ ਉਨ੍ਹਾਂ ਦੀ ਸਾਡੇ ਲਈ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਉਹ ਸਿੱਖ ਅਤੇ ਸਿੱਖੀ ਨੂੰ ਇਕ ਆਵੇਸ਼, ਕ੍ਰਿਸ਼ਮਾ ਅਤੇ ਮਨੁੱਖਤਾ ਲਈ ਸੁਪਨ-ਵਿਸ਼ਵ ਦਾ ਜਲਵਾ ਸਮਝ ਕੇ ਆਪਣੇ ਖੂਨ ਵਿਚ ਜਿਉਂਦੇ ਰਹੇ। ਉਨ੍ਹਾਂ ਦੇ ਦਿਲ, ਦਿਮਾਗ ਅਤੇ ਅਭਿਆਸ ਵਿਚ ਸਿੱਖੀ ਦੇ ਇਸ ਸੁਪਨੇ ਨੂੰ ਯੋਗ, ਰਾਜ ਅਤੇ ਸਮਾਜ ਰਾਹੀਂ ਨਿਰੰਤਰ ਸੱਚ ਬਣਾਉਣ ਲਈ ਆਖ਼ਰੀ ਦਮ ਤੱਕ ਜੋਸ਼ ਕਾਇਮ ਰਿਹਾ। ਉਨ੍ਹਾਂ ਨੇ ਆਪਣੇ ਜੀਵਨ ਵਿਚ ਮਾੜੇ ਮੋਟੇ ਸਮਝੌਤੇ ਕੀਤੇ ਹੋਣਗੇ, ਪਰ ਮਨੁੱਖਤਾ ਲਈ ਸਿੱਖੀ ਦੇ ਜਵਾਨ ਸੁਪਨੇ ਨੂੰ ਹਰ ਖਿਣ ਦ੍ਰਿਸ਼ਟ ਬਣਾਉਣ ਲਈ ਕਦੇ ਕੋਈ ਸਮਝੌਤਾ ਨਾ ਕੀਤਾ। ਭਾਈ ਗੁਰਦਾਸ ਤੋਂ ਪਿਛੋਂ ਸਾਡੇ ਇਸ ਇਕੋ-ਇਕ ਪ੍ਰਮਾਇਕ ਵਿਆਖਿਆਕਾਰ ਨੂੰ ਪ੍ਰਣਾਮ ਕਰਕੇ ਮੈਂ ਕੁਝ ਕੁ ਰਿਣ ਅਦਾ ਕਰ ਰਿਹਾ ਹਾਂ।
( ‘ਸਿੱਖ ਸਿਆਸਤ’ ‘ਚੋਂ ਧੰਨਵਾਦ ਸਹਿਤ)