ਜਿਨ੍ਹਾਂ ਸਿਦਕ ਨਹੀਂ ਹਾਰਿਆ

ਜਿਨ੍ਹਾਂ ਸਿਦਕ ਨਹੀਂ ਹਾਰਿਆ

ਜਗਤਾਰਜੀਤ ਸਿੰਘ (ਸੰਪਰਕ: 98990-91186)

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਜਾਇਆ ਤਾਂ ‘ਨਾਨਕ ਪੰਥ’ ਦੀ ਦਿਸ਼ਾ ਅਤੇ  ਦਸ਼ਾ ਵਿੱਚ ਅਮੋੜ ਪਰਿਵਰਤਨ ਹੋਇਆ। ਉਂਜ, ਬਦਲਾਅ ਦੀ ਰੀਤ ਗੁਰੂ ਹਰਿਗੋਬਿੰਦ  ਜੀ ਦੇ ਵੇਲੇ ਹੀ ਸ਼ੁਰੂ ਹੋ ਗਈ ਸੀ ਜਦੋਂ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਦਸਮ ਪਾਤਸ਼ਾਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਲੌਅ ਨੂੰ ਮੁੜ ਸਥਾਪਿਤ ਕਰਨ ਦਾ ਉਪਰਾਲਾ ਕੀਤਾ। ਉਨ੍ਹਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਉੱਪਰ ਜ਼ੁਲਮ ਵਧਦੇ ਹੀ ਗਏ। ਮੀਰ ਮਨੂੰ  ਸਿੱਖਾਂ ਉੱਪਰ ਜ਼ੁਲਮ ਕਮਾਉਣ ਵਿੱਚ ਮੋਹਰੀ ਬਣ ਉੱਭਰਿਆ। ਉਹ 1748 ਤੋਂ  1753 ਤਕ ਲਾਹੌਰ ਅਤੇ ਮੁਲਤਾਨ ਦਾ  ਗਵਰਨਰ ਰਿਹਾ।
ਚਿੱਤਰਕਾਰ ਕਿਰਪਾਲ ਸਿੰਘ ਨੇ ਉਸੇ ਸਮੇਂ ਦੇ ਅਤਿਆਚਾਰੀ ਮਾਹੌਲ ਨੂੰ ਚਿਤਰਿਆ। ਸਿੱਖਾਂ ਦੇ ਸਿਰ ਪੈਸੇ ਕਮਾਉਣ ਦਾ ਸਾਧਨ ਬਣ ਗਏ  ਸਨ ਜਿੱਥੇ ਲੁੱਟ ਦੀ ਬਜਾਏ ਮਾਰਨ ਨੂੰ ਤਰਜੀਹ ਦਿੱਤੀ ਜਾਂਦੀ ਸੀ। ਵੇਲੇ ਦੇ ਕਹਿਰ ਨੇ ਇਸ ਲੋਕ ਕਹਾਵਤ ਨੂੰ ਜਨਮ ਦਿੱਤਾ:
ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ।
ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
‘ਜਿਨ੍ਹਾਂ ਸਿਦਕ ਨਹੀਂ ਹਾਰਿਆ’ ਚਿੱਤਰ ਦੀ ਵਿਲੱਖਣਤਾ ਹੈ ਕਿ ਇਹ ਕਿਸੇ ਵੱਡੇ ਸੂਰਬੀਰ ਦੇ ਪਰਾਕ੍ਰਮ ਨੂੰ ਜ਼ਾਹਿਰ ਨਹੀਂ ਕਰ ਰਿਹਾ ਅਤੇ ਨਾ ਹੀ ਕਿਸੇ ਯੋਧੇ ਦੀ ਤਸ਼ਬੀਹ ਉਲੀਕੀ ਗਈ ਹੈ ਤਾਂ ਵੀ ਇਸ ਚਿੱਤਰ ਦੀ ਆਪਣੀ ਅਹਿਮੀਅਤ ਹੈ। ਦੋ ਸਾਧਾਰਨ, ਗ਼ਰੀਬ ਵਿਅਕਤੀ ਆਪਣੇ ਹੱਥੀਂ ਨੇਜ਼ੇ ਫੜੀ, ਜਿਨ੍ਹਾਂ ਉੱਪਰ ਕੱਟੇ ਹੋਏ ਸਿਰ ਟੰਗੇ ਹੋਏ ਹਨ, ਆਪਣੇ ਰਾਹ ਤੁਰੇ ਜਾ ਰਹੇ ਹਨ। ਉਨ੍ਹਾਂ ਦੀ ਪੇਸ਼ਕਦਮੀ ਦਰਸ਼ਕ-ਮੁਖੀ ਨਹੀਂ। ਉਹ ਦੇਖਣ ਵਾਲੇ ਤੋਂ ਪਰ੍ਹਾਂ ਜਾ ਰਹੇ ਹਨ।
‘ਜਿਨ੍ਹਾਂ ਸਿਦਕ ਨਹੀਂ ਹਾਰਿਆ’ ਚਿੱਤਰ 1957 ਵਿੱਚ  ਰਚਿਆ ਗਿਆ ਜਿਸ ਦਾ  ਆਕਾਰ ਤੇਤੀ ਇੰਚ ਗੁਣਾ ਤਰਤਾਲੀ ਇੰਚ ਹੈ। ਹੋਰ ਚਿੱਤਰਾਂ ਵਾਂਗ ਇਹ ਵੀ ਤੇਲ ਚਿੱਤਰ ਹੀ ਹੈ।
ਚਿੱਤਰ ਦੀ ਕਾਰਜ-ਥਾਂ ਖੁੱਲ੍ਹੇ ਆਸਮਾਨ ਥੱਲੇ ਹੈ। ਆਸ-ਪਾਸ ਜਾਂ ਦੂਰ-ਦੁਰਾਡੇ ਤਕ ਕੋਈ ਇਮਾਰਤ ਜਾਂ ਟੱਪਰੀ ਨਹੀਂ ਹੈ। ਇਹ ਬੇਆਬਾਦ ਬੇਸੁਆਦ ਥਾਂ ਹੈ। ਪਰ ਕੁਝ ਕੁ ਕੁਦਰਤੀ  ਮੋਟਿਫ ਹਨ ਜਿਨ੍ਹਾਂ ਸਦਕਾ ਇਹ ਥਾਂ ਹਰਿਆਵਲੀ ਲੱਗਦੀ ਹੈ। ਖੱਬੇ ਵੱਲ ਵੱਡਾ ਰੁੱਖ ਹੈ ਜਿਸ ਦੇ ਨਾਲੋ-ਨਾਲ  ਅਗਾਂਹ ਚੱਲਦਿਆਂ ਕੁਝ ਹੋਰ ਰੁੱਖਾਂ ਦਾ ਝੁੰਡ ਦਿਖਦਾ ਹੈ। ਸੱਜੇ ਵੱਲ ਨੂੰ ਵਗਦੇ ਪਾਣੀ ਦੀ ਖਾਲ ਹੈ। ਦੋਵੇਂ ਮੋਟਿਫ ਆਪੋ-ਆਪਣੀ ਥਾਂ ਕਾਇਮ ਹੁੰਦੇ ਹੋਏ ਤਿੰਨ ਅਰਥਾਂ ਨੂੰ ਦੱਸ ਰਹੇ ਹਨ।
ਪਸਰੇ ਮੈਦਾਨ ਉੱਪਰ ਘਾਹ, ਜੜੀ-ਬੂਟ, ਸਰਕੰਡਿਆਂ ਦੇ ਬੁੰਬਲ ਦਿਖ ਰਹੇ ਹਨ। ਇੱਥੇ ਸਾਨੂੰ ਪ੍ਰਕਿਰਤੀ ਦਾ ਉਹ ਰੂਪ ਨਹੀਂ ਦਿਸਦਾ ਜਿਸ ਨੂੰ ਮਾਣਿਆ ਜਾ ਸਕੇ, ਜਿੱਥੇ ਬੈਠ ਮਨ ਨੂੰ ਸਕੂਨ ਮਿਲ ਸਕੇ। ਕਿਸੇ ਵੇਲੇ ਚਿਤੇਰਾ ਵਸਤੂ-ਸਥਿਤੀ ਨੂੰ ਵਧਾਅ-ਚੜਾਅ ਕੇ ਪੇਸ਼ ਕਰਦਾ ਹੈ। ਉਹ ਹਰ ਸੰਭਵ-ਅਸੰਭਵ ਨੂੰ ਇੱਕ ਥਾਂ ਉੱਪਰ  ਇਕੱਤਰ ਕਰ ਕੈਨਵਸ ਨੂੰ ਸਜਾਵਟੀ ਬਣਾਉਣ ਦਾ ਉਪਰਾਲਾ ਕਰਦਾ ਹੈ। ਪੇਂਟਰ ਕਿਰਪਾਲ ਸਿੰਘ ਏਦਾਂ ਦਾ ਕੁਝ ਨਹੀਂ ਕਰਦੇ।
ਦ੍ਰਿਸ਼ ਮਨੋਕਲਪਿਤ ਹੈ ਜਿਹਦੇ ਵਿੱਚ ਸੱਚ ਦਾ ਰਲੇਵਾਂ ਹੈ। ਰੁੱਖ ਜਾਂ ਵਹਿੰਦਾ ਪਾਣੀ ਅੱਧ-ਅਧੂਰੇ ਰੂਪ ਨਾਲ ਹਾਜ਼ਰ ਹਨ, ਲੋੜਵੱਸ ਹਨ ਨਾ ਕਿ ਸੁੰਦਰਤਾਵੱਸ। ਅਜਿਹੇ ਚਿੱਤਰਤ ਮਾਹੌਲ ਵਿੱਚ ਦੋ ਆਦਮੀ ਆਪਣੇ ਹੱਥ ਫੜੇ ਦੋ ਨੇਜ਼ਿਆਂ ਉੱਪਰ ਦੋ ਸਿਰਾਂ ਨੂੰ ਚੁੱਕੀ ਜਾ ਰਹੇ ਹਨ। ਇਹ ਦ੍ਰਿਸ਼ ਸਾਧਾਰਨ ਸਮੇਂ ਦਾ ਨਹੀਂ। ਇਹ ਅਸਾਧਾਰਨ ਸਮੇਂ ਦਾ ਆਮ ਦ੍ਰਿਸ਼ ਹੈ। ਹੁਕਮਰਾਨ ਦਾ ਹੁਕਮ ਸੀ ਕਿ ਧਰਤੀ ਦੇ ਇਸ ਖ਼ਿੱਤੇ ਨੂੰ ਸਿੱਖ-ਵਿਹੂਣਾ ਕਰ ਦਿਓ, ਹੱਥਕੰਡਾ ਭਾਵੇਂ ਕੋਈ ਵੀ ਵਰਤਿਆ ਜਾਵੇ। ਮਾਰਨ ਵਾਲੇ ਨੂੰ ਲਾਲਚ ਦਿੱਤਾ ਗਿਆ ਕਿ ਮਾਰੇ ਗਏ ਸਿੱਖ ਦਾ ਕੱਟਿਆ ਸਿਰ ਜੇ ਹੁਕਮਰਾਨ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਉਸ ਨੂੰ ਨਗਦ ਇਨਾਮ ਦਿੱਤਾ ਜਾਵੇਗਾ। ਇਹ ਦੋ ਵਿਅਕਤੀ ਉਸੇ ਤੱਥ ਦੀ ਜ਼ਾਮਨੀ ਭਰ ਰਹੇ ਹਨ।
ਇੱਕ ਭਾਲੇ ਦੇ ਸਿਖਰ ਉੱਪਰ ਬਜ਼ੁਰਗ ਸਿੱਖ ਦਾ ਸਿਰ ਹੈ ਜਦੋਂਕਿ  ਦੂਜੇ ਦੇ ਸਿਖਰੀਂ ਨੌਜਵਾਨ ਦਾ ਸਿਰ ਪਰੁੱਚਿਆ ਹੋਇਆ ਹੈ। ਬਿਰਧ ਸਿਰ ਸਿਰੋਂ ਨੰਗਾ ਹੈ, ਪਰ ਨਿਸ਼ਾਨੀ ਵਜੋਂ ਉਹਦੇ ਸਿਰ ਜੂੜਾ ਹੈ, ਦਾੜ੍ਹੀ-ਮੁੱਛਾਂ ਹਨ। ਦੂਜੇ ਸਿਰ ਪਰਨਾ ਬੱਝਾ ਹੈ। ਚਿਹਰੇ ਉੱਪਰ ਹਲਕੀ-ਹਲਕੀ ਦਾੜ੍ਹੀ-ਮੁੱਛ ਹੈ। ਸੋਚ ਬਣਦੀ ਹੈ ਕਿ ਮਰਨ ਵਾਲਿਆਂ ਦਾ ਆਪਸ ਵਿੱਚ ਕੀ ਸਬੰਧ ਹੈ? ਕੀ ਇਹ ਪਿਉ-ਪੁੱਤ ਹਨ? ਕੀ ਇਹ ਇੱਕੋ ਪਿੰਡ ਦੇ ਹਨ ਜਾਂ ਵੱਖੋ-ਵੱਖਰੀ ਥਾਂ ਦੇ ਵਸਨੀਕ ਹਨ? ਕੁਝ ਵੀ ਹੋਵੇ ਇੱਕ ਗੱਲ ਸਾਫ਼ ਹੈ, ਉਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਮਾਰਨ ਵਾਲੇ ਉਨ੍ਹਾਂ ਦੇ ਸਿਰ ਦੇ ਪੈਸੇ ਵੱਟਣ ਜਾ ਰਹੇ ਹਨ।
ਵਿਚਾਰ ਹੋ ਸਕਦਾ ਹੈ ਕਿ ਇਹ ਮਾਰੇ ਕਿਵੇਂ ਗਏ? ਸਿੱਧੀ ਲੜਾਈ ਵਿੱਚ ਮਾਰੇ ਗਏ ਜਾਂ ਧੋਖੇ ਨਾਲ ਮਾਰਨ ਬਾਅਦ ਧੜੋਂ ਸਿਰ ਵੱਖ ਕਰ ਲਏ ਗਏ? ਕੀ ਇਹੋ ਅਸਲ ਕਾਤਲ ਹਨ ਜਾਂ ਅਸਲੀ ਕਾਤਲਾਂ ਕੋਲੋਂ ਇਨ੍ਹਾਂ ਨੇ ਸਿਰਾਂ ਨੂੰ ਲੁੱਟਿਆ ਹੈ। ਸਿਰਾਂ ਦੀ ਦਿੱਖ ਦਸਦੀ ਹੈ ਕਿ ‘ਇਹ ਲੁੱਟ ਦਾ ਮਾਲ ਨਹੀਂ।’
ਦੋਵਾਂ ਦੀ ਸਰੀਰਕ ਭਾਸ਼ਾ ਉਤਸ਼ਾਹੀ ਹੈ। ਇਨ੍ਹਾਂ ਦੀਆਂ ਗੱਲਾਂ ਆਮ  ਰਾਹੀਆਂ ਦੀਆਂ  ਗੱਲਾਂ ਨਹੀਂ ਹੋਣਗੀਆਂ ਸਗੋਂ ਵਿਸ਼ੇ ਨਾਲ ਜੁੜੀਆਂ ਹੋਣਗੀਆਂ। ਅੱਗੇ ਤੁਰ ਰਹੇ ਆਦਮੀ ਦੀ ਬਾਂਹ ਦਾ ਉਲਾਰ ਰਾਹ ਦਾ ਦਿਸ਼ਾ-ਨਿਰਦੇਸ਼ ਦੱਸਣ ਵਾਲਾ ਨਹੀਂ ਸਗੋਂ ਸੁਣੀ-ਦੱਸੀ ਗੱਲ ਦਾ ਉਨਮਾਦੀ ਪ੍ਰਗਟਾਵਾ ਹੈ।
ਇਹ ਆਪਣੀ ਵਸਤੂ ਦਾ ਮੁੱਲ ਲੈਣ ਤੁਰੇ ਹਨ। ਇਹ ਜਲਦੀ ਚੱਲ ਕੇ ਮੰਜ਼ਿਲ ਉੱਪਰ ਜਲਦੀ ਪੁੱਜਣਾ ਚਾਹੁੰਦੇ ਹਨ। ਹੁਕਮਰਾਨ ਵੀ ਇਨ੍ਹਾਂ ਸਿਰਾਂ ਨੂੰ ਦੇਖ ਕੇ ਖ਼ੁਸ਼ ਹੋਵੇਗਾ ਕਿਉਂਕਿ ‘ਇਹ ਸਿਰ ਕਾਫ਼ਿਰਾਂ (ਦੁਸ਼ਮਣਾਂ) ਦੇ ਹਨ।’
ਚਿਤੇਰੇ ਲਈ ਦੱਸਣਾ ਜ਼ਰੂਰੀ ਨਹੀਂ ਕਿ ਇਹ ਕਿੱਥੋਂ ਤੁਰ ਕਿੱਥੇ ਪਹੁੰਚੇ ਹਨ। ਉਹ ਆਪਣੇ ਰਾਹ ਉੱਪਰ ਹਨ, ਬਸ ਇਹੋ ਕਾਫ਼ੀ ਹੈ।
ਹਾਕਮ ਜਮਾਤ ਆਮ ਤੌਰ ‘ਤੇ ਆਪਣੀ ਰਿਆਇਆ ਨੂੰ ਵੰਡ ਕੇ ਰੱਖਣ ਵਿੱਚ ਯਕੀਨ ਰੱਖਦੀ ਹੈ। ਮਾਇਆ ਜਾਂ ਸਹੂਲਤ ਦਾ ਲਾਲਚ ਦੇ ਕੇ ਆਪਣੇ ਵੱਸ ਕਰਨਾ ਹਕੂਮਤ ਨੂੰ ਸਦਾ ਰਾਸ ਆਉਂਦਾ ਹੈ। ਚਿੱਤਰ ਵਿਚਲੀ ਕਿਰਿਆ ਅਤੇ ਇਸ ਦੇ ਬਾਹਰ ਹੋ ਰਹੀ ਕਿਰਿਆ ਕਹੇ ਦੀ ਪੁਸ਼ਟੀ ਹੈ। ਇਹ ਦੋਵੇਂ ਕਾਤਲ ਹਥਿਆਰਬੰਦ ਹਨ। ਜੋ ਮੂਹਰੇ ਹੈ, ਉਸ ਦੇ ਖੱਬੇ ਮੋਢੇ ਨਾਲ ਬੰਦੂਕ ਲਟਕਦੀ ਦਿਸ ਰਹੀ ਹੈ। ਸੱਜੇ ਹੱਥ ਨੇਜ਼ਾ ਹੈ ਤੇ ਪਿੱਛੇ ਤੁਰ ਰਹੇ ਆਦਮੀ ਨੇ ਆਪਣੇ ਕਮਰਕੱਸੇ ਵਿੱਚ ਤਲਵਾਰ ਫਸਾਈ ਹੋਈ ਹੈ। ਪਿੱਠ ਪਿੱਛੇ ਢਾਲ ਵੀ ਹੈ। ਇਉਂ ਦੋਵੇਂ ਜਣੇ ਲੜਾਕੂ ਹਨ। ਦੋਵੇਂ ਨੇੜਿਓਂ ਅਤੇ ਦੂਰੋਂ ਮਾਰ ਕਰਨ ਦੇ ਸਮਰੱਥ ਹਨ। ਸੰਭਵ ਹੈ ਕਿ ਮਰਨ ਵਾਲੇ ਬੰਦੂਕ ਦੀ ਗੋਲੀ ਨਾਲ ਮਾਰੇ ਗਏ ਹੋਣ। ਮਾਰ ਕੇ ਫਿਰ ਸਿਰ ਵੱਖ ਕਰਨੇ ਦੁਖਦ ਕਿਰਿਆ ਹੈ, ਪਰ ਕਰਨ ਵਾਲਿਆਂ ਲਈ ਇਹ ਸਹਿਜ ਕੰਮ ਹੈ। ਇਹ ਇਨ੍ਹਾਂ ਜਿਹਿਆਂ ਲਈ ਨਿੱਤ ਦੀ ਕਿਰਿਆ ਹੈ। ਇਸ ਕੰਮ ਦੀ ਕੋਈ ਪੜਤਾਲ ਨਹੀਂ ਹੋਣੀ। ਜੋ ਮਾਰੇ ਗਏ ਹਨ, ਉਹ ਪਹਿਲਾਂ ਹੀ ਦੋਖੀ ਅਤੇ ਮੁਜਰਿਮ ਐਲਾਨੇ ਜਾ ਚੁੱਕੇ ਹਨ। ਮਾਰਨ ਵਾਲੇ ਤਾਂ ਆਪਣੇ ਤੌਰ ‘ਤੇ ਨਿਆਂ ਕਰ ਰਹੇ ਹਨ।
ਇਹ ਸ਼ਾਂਤੀ ਸਥਾਪਿਤ ਕਰਨ ਵਾਲੇ ਨਹੀਂ ਸਗੋਂ ਆਪਣੇ ਤਰੀਕੇ ਨਾਲ ਸਮਾਜ ਦੇ ਇੱਕ ਵਰਗ ਵਿੱਚ ਦਹਿਸ਼ਤ ਪੈਦਾ ਕਰਕੇ ਉਸ ਨੂੰ ਸਿੱਧਿਆਂ-ਅਸਿੱਧਿਆਂ ਹਾਕਮ ਦੇ ਧਰਮ ਨੂੰ ਅਪਣਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਕਿਰਪਾਲ ਸਿੰਘ ਦਰਸ਼ਕ ਦੇ ਮਨ ਵਿੱਚ ਇਹ ਸ਼ੱਕ ਨਹੀਂ ਰਹਿਣ ਦਿੰਦੇ ਕਿ ਇਹ ਕਿਸ ਧਰਮ ਨਾਲ ਸਬੰਧਿਤ ਹਨ। ਇੱਕ ਦੇ ਸਿਰ ਵੱਟਦਾਰ ਕੱਪੜੇ ਦੀ ਪੱਗ ਹੈ ਜਦੋਂਕਿ ਦੂਜੇ ਦੇ ਸਿਰ ਟੋਪੀ ਹੈ। ਤੇੜ ਪਾਏ ਕੱਪੜੇ ਫਟੇ-ਪੁਰਾਣੇ ਅਤੇ ਅੱਧ-ਅਧੂਰੇ ਹਨ। ਦਰਅਸਲ, ਇਨ੍ਹਾਂ ਦਾ ਲਿਬਾਸ ਇਨ੍ਹਾਂ ਦੀ ਆਰਥਿਕ, ਸਮਾਜਿਕ, ਵਰਗ ਸਥਿਤੀ ਦੱਸਦਾ ਹੈ।
ਉਹ ਇਤਿਹਾਸ ਦਾ ਖੌਫ਼ਨਾਕ ਪੜਾਅ ਰਿਹਾ ਹੋਵੇਗਾ, ਜਦੋਂ ਸਿੱਖਾਂ ਨੂੰ ਲੱਭਣਾ ਅਤੇ ਲੱਭ ਕੇ ਮਾਰਨਾ ਇਨ੍ਹਾਂ ਲੋਕਾਂ ਦਾ ਕਿੱਤਾ ਬਣ ਚੁੱਕਾ ਸੀ। ਸਿਰਾਂ ਦੇ ਬਦਲੇ ਪੈਸਿਆਂ ਨਾਲ  ਘਰਾਂ ਦਾ ਗੁਜ਼ਰ-ਬਸਰ ਹੁੰਦਾ ਸੀ।
ਕਿਰਪਾਲ ਸਿੰਘ ਦੀ ਪੇਂਟਿੰਗ ਦਾ ਮਹੱਤਵ ਚਿੱਤਰ ਕਰਕੇ ਨਹੀਂ ਸਗੋਂ ਇਸ ਦੀ ਸਾਰਥਿਕਤਾ ਇਤਿਹਾਸਕ ਸੰਦਰਭ ਕਰਕੇ ਹੈ। ਰਾਜ ਆਪਣੇ ਹੀ ਅਧੀਨ ਖੇਤਰ ਉੱਪਰ ਰਹਿ ਰਹੀ ਵਸੋਂ ਦੇ ਇੱਕ ਹਿੱਸੇ ਨੂੰ ਦੁਸ਼ਮਣ ਵਾਂਗ ਦੇਖਣਾ ਆਪਣਾ ਫ਼ਰਜ਼ ਸਮਝਦਾ ਰਹਿੰਦਾ ਹੈ।
ਦੋ ਕਾਤਲਾਂ ਦੇ ਪਿੱਛੇ-ਪਿੱਛੇ ਤੁਰਿਆ ਹੋਇਆ ਇੱਕ ਕੁੱਤਾ ਹੈ। ਯਕੀਨਨ ਇਹ ਰਾਹਗੀਰਾਂ ਦਾ ਸਾਥੀ ਹੈ। ਅਜਿਹੇ ਲੋਕਾਂ ਵਾਸਤੇ ਇਹ ਜਾਨਵਰ ਵੀ ਇੱਕ ਹਥਿਆਰ ਹੀ ਹੈ। ਇਸ ਦੀ ਮਦਦ ਨਾਲ ਇਹ ਲੋਕ ਆਪਣੇ ਸ਼ਿਕਾਰ ਨੂੰ ਆਸਾਨੀ ਨਾਲ ਲੱਭ ਲੈਂਦੇ ਹੋਣਗੇ ਕਿਉਂਕਿ ਵਫ਼ਾਦਾਰ ਕੁੱਤਾ ਅਣਜਾਣ ਵਿਅਕਤੀ ਦੀ ਬਾਸ ਪਛਾਣ ਭੌਂਕਣ ਲੱਗ ਪੈਂਦਾ ਹੈ। ਮਾਸ ਦੀ ਗੰਧ ਕੁੱਤੇ ਨੂੰ ਖਿੱਚ ਆਪਣੇ ਨਾਲ ਤੋਰ ਰਹੀ ਹੈ, ਏਦਾਂ ਲੱਗਦਾ ਨਹੀਂ। ਉਸ ਸਥਿਤੀ ਵਿੱਚ ਕੁੱਤੇ ਦਾ ਵਿਹਾਰ ਖੂੰਖਾਰ ਹੋਣਾ ਸੀ। ਨਾਲ-ਨਾਲ ਤੁਰਿਆ ਕੁੱਤਾ ਆਪਣੇ ਮਾਲਕਾਂ ਦੀ ਆਪਣੀ ਸਮਰੱਥਾ ਅਨੁਸਾਰ ਹਿਫ਼ਾਜ਼ਤ ਕਰ ਰਿਹਾ ਹੈ ਅਤੇ ਕਿਸੇ ਅਣਹੋਣੀ ਨਾਲ ਮੇਲ ਹੋਣ ਦੀ ਅਗਾਉਂ ਸੂਚਨਾ ਵੀ ਦੇ ਰਿਹਾ ਹੋਵੇਗਾ। ਉਹ ਸਹਿਜ ਭਾਵ ਨਾਲ ਦੋਵਾਂ ਦੇ ਨਾਲ-ਨਾਲ ਤੁਰ ਰਿਹਾ ਹੈ।
ਇਨਾਮ ਦੀ ਇੱਛਾ ਰੱਖ ਘਰੋਂ ਤੁਰੇ ਇਹ ਲੋਕ ਕਿਸੇ ਬਣੇ-ਬਣਾਏ ਲਾਂਘੇ ਨੂੰ ਨਹੀਂ ਵਰਤ ਰਹੇ। ਜਿੱਧਰ ਜਾਣਾ ਹੈ, ਉਸ ਵੱਲ ਦਾ  ਰਾਹ ਖ਼ੁਦ ਬਣਾਉਣਾ ਪੈਣਾ ਹੈ। ਕੰਮ ਦੁਸ਼ਵਾਰ ਹੈ, ਪਰ ਦਿਸਦੇ-ਅਣਦਿਸਦੇ ਲਾਲਚ ਸਾਹਮਣੇ ਸਭ ਬੇਮਾਅਨੇ ਹੈ।
ਖੱਬੇ ਪਾਸੇ ਵੱਲ ਵੱਡਾ ਰੁੱਖ ਹੈ। ਉਹ ਜੜ੍ਹੋਂ ਨਿਕਲਿਆ ਹੋਇਆ ਹੈ, ਪਰ ਅਜੇ ਹਰਾ ਹੈ। ਜੰਗਲ-ਬੀਆਬਾਨ ਵਿੱਚ ਅਜਿਹੀ ਵਸਤੂ ਸਥਿਤੀ ਦਾ ਹੋਣਾ ਆਮ ਘਟਨਾ ਹੈ। ਕੁਝ ਨਾ ਕੁਝ ਬਣਦੇ ਮਿਟਦੇ ਰਹਿਣਾ ਜੰਗਲ ਦੇ ਸੁਭਾਅ ਦਾ ਅੰਗ ਹੈ।  ਖੜ੍ਹਾ ਰੁੱਖ ਛਾਂ ਦੇਣ ਦੇ ਸਮਰੱਥ ਹੋ ਸਕਦਾ ਸੀ, ਪਰ ਇਸ ਵੇਲੇ ਇਹ ਖ਼ੁਦ ਆਪਣੀ ਹੋਂਦ ਵਾਸਤੇ ਲੜ ਰਿਹਾ ਲੱਗਦਾ ਹੈ। ਰੁੱਖ ਭਾਰਾ ਹੈ ਅਤੇ ਪ੍ਰਮੁੱਖਤਾ ਨਾਲ ਪੇਂਟਿੰਗ ਵਿੱਚ ਦਰਜ਼ ਹੈ। ਰੁੱਖ ਅਤੇ ਵਹਿੰਦਾ ਪਾਣੀ ਚਿੱਤਰਕਾਰ ਨੇ ਜਾਣ-ਸਮਝ ਕੇ ਰਚੇ ਹਨ ਜਾਂ ਅਚੇਤ ਹੀ ਰਚ ਹੋ ਗਏ ਹਨ, ਸਪਸ਼ਟ ਕਿਹਾ ਨਹੀਂ ਜਾ ਸਕਦਾ। ਅਗਲੇਰਾ ਪ੍ਰਸ਼ਨ ਹੈ: ਕੀ ਇਨ੍ਹਾਂ ਦੋ ਮੋਟਿਫਾਂ ਨੂੰ ਪ੍ਰਤੀਕ ਰੂਪ ਵਿੱਚ ਵਿਚਾਰਿਆ ਜਾ ਸਕਦਾ ਹੈ? ਰੁੱਖ ਰਾਜ ਸੱਤਾ ਦਾ ਪ੍ਰਤੀਕ ਹੋ ਸਕਦਾ ਹੈ ਜੋ ਹੁਣ ਗਿਰਨ ਕੰਢੇ ਹੈ। ਕਦੇ ਸਮਾਂ ਸੀ, ਉਹ ਮਜ਼ਬੂਤ ਸੀ। ਛਾਂਦਾਰ ਹੋਣ ਕਰਕੇ ਸੁਖ ਦੇਣਹਾਰ ਰਿਹਾ, ਪਰ ਸਮੇਂ ਦੇ ਗੁਜ਼ਰਨ ਨਾਲ ਧਰਤੀ ਪ੍ਰਤੀ ਉਸ ਦੀ ਪਕੜ ਜਾਂਦੀ ਰਹੀ। ਦੂਜੇ ਨੂੰ ਸੁਖ ਦੇਣ ਦੀ ਬਜਾਏ ਉਹਦੇ ਲਈ ਖ਼ੁਦ ਨੂੰ ਬਚਾਉਣਾ ਔਖਾ ਹੋ ਗਿਆ ਹੈ। ਸਪਸ਼ਟ ਸੰਕੇਤ ਮੁਗ਼ਲ ਹਕੂਮਤ ਵੱਲ ਹੈ ਜੋ  ਪਰਜਾ ਨੂੰ ਨਿਆਂ ਦੇਣ ਦੀ ਬਜਾਏ ਉਸ ਦੇ ਸਿਰਾਂ ਦਾ ਮੁੱਲ ਪਾ ਰਹੀ ਹੈ। ਇਹਦੇ ਸਾਹਮਣੇ ਵਗਦੀ ਜਲਧਾਰਾ ਹੈ ਜੋ ਸਮੇਂ ਦੀ ਪ੍ਰਤੀਕ ਹੈ।
ਜਿਵੇਂ ਸਮਾਂ ਨਿਰਬਾਧ ਤੁਰਦਾ ਰਹਿੰਦਾ ਹੈ, ਠੀਕ ਉਸੇ ਤਰ੍ਹਾਂ ਪਾਣੀ ਹਰ ਵੇਲੇ ਗਤੀ ਵਿੱਚ ਰਹਿੰਦਾ ਹੈ। ਉਸ ਵਾਸਤੇ ਚੰਗੇ-ਬੁਰੇ ਦਾ ਕੋਈ ਸੰਕਲਪ ਨਹੀਂ।
ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਭੈੜਾ ਸਮਾਂ ਵੀ ਸਦਾ ਨਹੀਂ ਰਹਿਣਾ ਜਿਵੇਂ ਵਗਦਾ ਪਾਣੀ ਇੱਕ ਥਾਂ ਉਪਰ ਅਟਕਦਾ ਨਹੀਂ। ਨਿਰੰਤਰ ਬਦਲਾਅ ਕ੍ਰਾਂਤੀ ਦਾ ਸੰਕੇਤ ਵੀ ਦਿੰਦਾ ਹੈ। ਦੋਵੇਂ ਕਾਤਲ ਅਤੇ ਉਨ੍ਹਾਂ ਦੀ ਸੰਗਤ ਕਰ ਰਿਹਾ ਕੁੱਤਾ ਵੀ ਹਰਕਤ ਵਿੱਚ ਹੈ। ਹਰ ਇੱਕ ਦੇ ਪੈਰ ਦੀ ਪੁਜ਼ੀਸ਼ਨ ਦੱਸਦੀ ਹੈ ਕਿ ਅਗਲਾ ਪੈਰ ਚੁੱਕਣਾ ਹੀ ਪੈਣਾ ਹੈ। ਇਹ ਗਤੀਸ਼ੀਲਤਾ ਦਾ ਸੰਕੇਤ ਹੈ।
ਚਿੱਤਰ ਵਿੱਚ ਦਿਸਦੇ ਰੁੱਖ ਕਿਹੜੇ ਹਨ। ਬਨਾਵਟ ਤੋਂ ਕਿਸੇ ਦਾ ਨਾਮ ਚੇਤੇ ਵਿੱਚ ਨਹੀਂ ਉੱਭਰਦਾ। ਜੇ ਕੋਲ ਦੇ ਰੁੱਖ ਬਾਰੇ ਇਹ ਗੱਲ ਹੈ ਤਾਂ ਦੂਰ ਅਤੇ ਹੋਰ ਦੂਰ ਬਾਰੇ ਕੁਝ ਕਹਿਣਾ ਹੋਰ ਵੀ ਕਠਿਨ ਹੈ। ਹਰਿਆਵਲ ਵੀ ਭਰਪੂਰ ਹਰੀ-ਭਰੀ ਨਹੀਂ। ਪੇਂਟਿੰਗ ਦੀ ਸਮੁੱਚੀ ਦਿਖ ਪੱਤਝੜ ਮਾਹੌਲ ਦਾ ਪ੍ਰਭਾਵ ਦਿੰਦੀ ਹੈ। ਜਿਸ ਜ਼ਮੀਨ ਉਪਰ ਪ੍ਰਕਿਰਤੀ ਰਸੀ-ਵਸੀ ਹੈ, ਉਹ ਸਮਤਲ ਨਹੀਂ। ਇਸੇ ਜ਼ਮੀਨ ਤੋਂ ਉਤਾਂਹ ਖਲਾਅ ਦੀ ਸ਼ੁਰੂਆਤ ਹੁੰਦੀ ਹੈ। ਖਲਾਅ ਵੀ ਆਪਣੀ ਨਿਲੱਤਣ ਤੋਂ ਪੂਰੀ ਤਰ੍ਹਾਂ ਮੁਕਤ ਹੈ। ਰੰਗ ਸਪਸ਼ਟਤਾ ਦਾ ਸੰਗ ਪੂਰਦੇ ਹਨ, ਪਰ ‘ਜਿਨ੍ਹਾਂ ਸਿਦਕ ਨਹੀਂ ਹਾਰਿਆ’ ਚਿੱਤਰ ਦੇ ਆਸਮਾਨ ਉਪਰ ਹਲਕੇ ਬੱਦਲਾਂ ਦੀਆਂ  ਪਰਤਾਂ ਹਨ ਜੋ ਸੋਗੀ ਪ੍ਰਭਾਵ ਰਚਦੀਆਂ ਹਨ।
ਸਾਰੀ ਰਚਨਾ ਵਿੱਚ ਕਿਤੇ ਕੋਈ ਤੇਜ਼, ਚਮਕਦਾ ਰੰਗ ਨਹੀਂ। ਸਭ ਰੰਗ ਦੱਬੇ-ਦੱਬੇ ਅਤੇ ਭੂਸਲੇ ਰੰਗ ਦੀ ਪਰਤ ਵਾਲੇ ਪ੍ਰਤੀਤ ਹੁੰਦੇ ਹਨ। ਚਿੱਤਰ ਵਿਚਲੀ ਕਿਰਿਆ ਚਿੱਤਰ ਦੇ ਵਾਤਾਵਰਣ ਤੋਂ ਵੱਖਰੀ ਨਹੀਂ ਹੋ ਸਕਦੀ।
ਉਹ ਦੌਰ ਦੋ ਧਿਰਾਂ ਵਿਚਾਲੇ ਵਿਚਾਰਾਂ ਅਤੇ ਜੀਵਨ ਵਿਧੀ ਨੂੰ ਲੈ ਕੇ ਹੋਣ ਵਾਲੇ ਸੰਘਰਸ਼ ਦਾ ਦੌਰ ਸੀ। ਸਿੱਖ ਸਤਾਏ ਲੋਕਾਂ ਦੀ ਹਿਫ਼ਾਜ਼ਤ ਕਰਦੇ ਸਨ। ਉਧਾਲੀਆਂ ਕੁੜੀਆਂ-ਔਰਤਾਂ ਨੂੰ ਧਾੜਵੀ ਮੁਸਲਮਾਨਾਂ ਕੋਲੋਂ ਛੁਡਵਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪੂਰੇ ਆਦਰ ਨਾਲ ਪਹੁੰਚਾਉਂਦੇ ਸਨ। ਸਿੱਖਾਂ ਦਾ ਇਹ ਵਿਹਾਰ ਹਕੂਮਤ ਆਪਣੇ ਲਈ ਵੰਗਾਰ ਸਮਝਦੀ ਸੀ। ਇਹ ਚਿੱਤਰ ਹਾਕਮ ਧਿਰ ਦੇ ਰਵੱਈਏ ਦਾ ਪੇਂਟਿੰਗ ਰੂਪ ਵਿੱਚ ਅੰਸ਼ਮਾਤਰ ਚਿਤਰਣ ਹੈ।
(‘ਪੰਜਾਬੀ ਟ੍ਰਿਬਿਊਨ’ ‘ਚੋਂ  ਧੰਨਵਾਦ ਸਹਿਤ)