ਹਾਲੇ ਵੀ ਉਭਰਨ ਦਾ ਮੌਕਾ ਹੈ ‘ਆਪ’ ਕੋਲ

ਹਾਲੇ ਵੀ ਉਭਰਨ ਦਾ ਮੌਕਾ ਹੈ ‘ਆਪ’ ਕੋਲ

ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਅਕਾਲੀ ਦਲ ਨੂੰ ਮੁੜ ਉਭਰਨ ਦਾ ਮੌਕਾ ਮਿਲੇ, ਆਮ ਆਦਮੀ ਪਾਰਟੀ ਕਾਂਗਰਸ ਦੇ ਬਦਲ ਵਜੋਂ ਉਭਰ ਸਕਦੀ ਹੈ। ਪਰ ਅਜਿਹਾ ਕਰਨ ਲਈ ਉਸ ਨੂੰ ਆਪਣੀ ਉਸ ਸਭ ਤੋਂ ਵੱਡੀ ਕਮੀ ਦੀ ਪੂਰਤੀ ਕਰਨੀ ਹੋਵੇਗੀ, ਜਿਸ ਕਾਰਨ ਉਹ ਛੱਕਾ ਨਹੀਂ ਮਾਰ ਸਕੀ। ਇਹ ਕਮੀ ਹੈ ਪਾਰਟੀ ਕੋਲ ਪੰਜਾਬੀ (ਸਿੱਖ) ਕੇਜਰੀਵਾਲ ਦੇ ਨਾ ਹੋਣ ਦੀ।
ਮੋਦੀ ਦੇ ਗ੍ਰਹਿ ਸੂਬੇ ਵਿਚ ਭਾਜਪਾ ਇਸ ਸਮੇਂ ਪਟੇਲਾਂ, ਦਲਿਤਾਂ ਅਤੇ ਮੁਸਲਮਾਨਾਂ ਦੇ ਸਾਂਝੇ ਮੋਰਚੇ ਦੇ ਖ਼ਦਸ਼ਿਆਂ ਦਾ ਸਾਹਮਣਾ ਕਰ ਰਹੀ ਹੈ। ਉਸ ਖ਼ਿਲਾਫ਼ ਦੋ ਦਹਾਕੇ ਨਾਲੋਂ ਜ਼ਿਆਦਾ ਲਗਾਤਾਰ ਸ਼ਾਸਨ ਦੀ ਸੱਤਾ ਵਿਰੋਧੀ ਲਹਿਰ ਵੀ ਹੈ। ਇਸ ਸਥਿਤੀ ਦਾ ਲਾਭ ਲੈਣ ਲਈ ਉਥੇ ਕਾਂਗਰਸ ਚੰਗੀ ਹਾਲਤ ਵਿਚ ਨਹੀਂ ਹੈ। ਪੰਜਾਬ ਵਾਂਗ ਗੁਜਰਾਤ ਵੀ ‘ਆਪ’ ਦੇ ਦਾਅ ਦੀ ਉਡੀਕ ਕਰ ਰਿਹਾ ਹੈ।

ਅਭੈ ਕੁਮਾਰ ਦੁਬੇ
ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਚ ਵਿਚ ਆਖ਼ਰੀ ਗੇਂਦ ‘ਤੇ ਛੱਕਾ ਮਾਰ ਕੇ ਜਿੱਤਣਾ ਚਾਹੁੰਦੀ ਸੀ ਪਰ ਉਹ ਸਿਰਫ਼ ਚੌਕਾ ਹੀ ਮਾਰ ਸਕੀ। ਸਿੱਟੇ ਵਜੋਂ ਉਹ ਰਨਰ ਅਪ ਰਹੀ।
ਕੈਪਟਨ ਅਮਰਿੰਦਰ ਸਿੰਘ ਦੀ ਕੁਸ਼ਲ ਸਿਆਸਤ (ਆਮ ਆਦਮੀ ਪਾਰਟੀ ਨੂੰ ਮਾਝਾ ਤੇ ਦੁਆਬਾ ਵਿਚ ਪੈਰ ਨਾ ਜਮਾਉਣ ਦੇਣਾ ਤੇ ਮਾਲਵਾ ਵਿਚ ਵੀ ਉਸ ਨੂੰ ਕਿਤੇ ਛੋਟੇ ਇਲਾਕੇ ਵਿਚ ਸੀਮਤ ਕਰ ਦੇਣਾ) ਅਤੇ ਅਕਾਲੀ ਦਲ ਦੇ ਉਮੀਦ ਨਾਲੋਂ ਕਿਤੇ ਚੰਗੇ ਪ੍ਰਦਰਸ਼ਨ ਨੇ ਉਸ ਦੇ ਵੋਟ ਪ੍ਰਤੀਸ਼ੱਤ ਨੂੰ 2014 ਤੋਂ ਅੱਗੇ ਨਹੀਂ ਜਾਣ ਦਿੱਤਾ। ਇਸ ਨਿਰਾਸ਼ਾ ਦੇ ਬਾਵਜੂਦ ਇਹ ਆਪਣੇ ਆਪ ਵਿਚ ਕੋਈ ਛੋਟੀ-ਮੋਟੀ ਪ੍ਰਾਪਤੀ ਨਹੀਂ ਹੈ ਕਿਉਂਕਿ ਹੁਣ ਉਸ ਨੂੰ ਅਗਲੇ ਪੰਜ ਸਾਲ ਤਕ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ।
ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੱਡੇ ਘਾਟੇ ਵਿਚ ਡੁੱਬੀ ਹੋਈ ਅਜਿਹੀ ਅਰਥ ਵਿਵਸਥਾ ਮਿਲੇਗੀ, ਜਿਸ ਨੂੰ ਦਰੁਸਤ ਕਰਨਾ ਕਾਂਗਰਸ ਸਰਕਾਰ ਲਈ ਖ਼ਜ਼ਾਨਾ ਖਾਲੀ ਹੋਣ ਕਾਰਨ ਬਹੁਤ ਮੁਸ਼ਕਲ ਹੋਵੇਗਾ। ਕੇਜਰੀਵਾਲ ਦੀ ਪਾਰਟੀ ਨੇ ਜੇਕਰ ਵਿਰੋਧੀ ਧਿਰ ਦੀ ਭੂਮਿਕਾ ਠੀਕ ਤਰ੍ਹਾਂ ਨਿਭਾਈ ਤਾਂ ਉਹ ਅਗਲੀਆਂ ਚੋਣਾਂ ਤੋਂ ਪਹਿਲਾਂ ਹੀ ਆਪਣੀ ਜ਼ਮੀਨ ਨੂੰ ਪੁਖ਼ਤਾ ਕਰ ਸਕਦੀ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਅਕਾਲੀ ਦਲ ਨੂੰ ਮੁੜ ਉਭਰਨ ਦਾ ਮੌਕਾ ਮਿਲੇ, ਆਮ ਆਦਮੀ ਪਾਰਟੀ ਕਾਂਗਰਸ ਦੇ ਬਦਲ ਵਜੋਂ ਉਭਰ ਸਕਦੀ ਹੈ। ਪਰ ਅਜਿਹਾ ਕਰਨ ਲਈ ਉਸ ਨੂੰ ਆਪਣੀ ਉਸ ਸਭ ਤੋਂ ਵੱਡੀ ਕਮੀ ਦੀ ਪੂਰਤੀ ਕਰਨੀ ਹੋਵੇਗੀ, ਜਿਸ ਕਾਰਨ ਉਹ ਛੱਕਾ ਨਹੀਂ ਮਾਰ ਸਕੀ। ਇਹ ਕਮੀ ਹੈ ਪਾਰਟੀ ਕੋਲ ਪੰਜਾਬੀ (ਸਿੱਖ) ਕੇਜਰੀਵਾਲ ਦੇ ਨਾ ਹੋਣ ਦੀ।
ਦਿੱਲੀ ਤੋਂ ਆਏ ਕੇਜਰੀਵਾਲ ਪੱਗ ਬੰਨ੍ਹ ਕੇ ਅਤੇ ਹਿੰਦੀ ਵਿਚ ਭਾਸ਼ਣ ਦੇ ਕੇ ਪਾਰਟੀ ਨੂੰ ਸਿਰਫ਼ ਰਨਰ ਅਪ ਹੀ ਬਣਵਾ ਸਕਦੇ ਸਨ। ਬਿਨਾਂ ਸਥਾਨਕ ਲੀਡਰਸ਼ਿਪ ਦਾ ਵਿਕਾਸ ਕੀਤਿਆਂ ਪੰਜਾਬ ਵਿਚ ਆਮ ਆਦਮੀ ਪਾਰਟੀ ਆਪਣੀਆਂ ਸੰਭਾਵਨਾਵਾਂ ਨੂੰ ਜ਼ਮੀਨ ‘ਤੇ ਨਹੀਂ ਉਤਾਰ ਸਕਦੀ। ਇਹ ਕਮੀ ਨਾ ਤਾਂ ਭਗਵੰਤ ਮਾਨ ਪੂਰੀ ਕਰ ਸਕਦੇ ਹਨ, ਨਾ ਹੀ ਐਚ.ਐਸ. ਫੂਲਕਾ ਤੇ ਨਾ ਹੀ ਗੁਰਪ੍ਰੀਤ ਸਿੰਘ ਵੜੈਚ। ਇਹ ਠੀਕ ਹੈ ਕਿ ਭਗਵੰਤ ਮਾਨ ਤੇ ਗੁਰਪ੍ਰੀਤ ਵੜੈਚ ਦੇ ਕਾਮੇਡੀ ਟੈਲੰਟ ਦਾ ਪਾਰਟੀ ਨੂੰ ਲਾਭ ਹੋਇਆ ਹੈ ਪਰ ਇਹ ਦਲ ਪੰਜਾਬੀ ਕਾਮੇਡੀਅਨਾਂ ਅਤੇ ਦਿੱਲੀ ਤੋਂ ਆਏ ਨੇਤਾਵਾਂ ਤੇ ਚੋਣ ਪ੍ਰਬੰਧਕਾਂ ਦੀ ਪਾਰਟੀ ਬਣ ਕੇ ਨਹੀਂ ਰਹਿ ਸਕਦੀ।
ਉਸ ਨੂੰ ਇਕ ਨੇਤਾ ਚਾਹੀਦਾ ਹੈ ਤੇ ਇਸੇ ਦ੍ਰਿਸ਼ਟੀਕੋਨ ਤੋਂ ‘ਆਪ’ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਹੋਣੀ ਚਾਹੀਦੀ ਹੈ। ਪੰਜਾਬ ਵਿਚ ਆਸ ਮੁਤਾਬਕ ਨਤੀਜੇ ਨਾ ਆ ਸਕਣ ਦਾ ਵੱਡਾ ਕਾਰਨ ਇਹ ਵੀ ਸੀ ਕਿ ਇਸ ਪਾਰਟੀ ਨੂੰ ਉਥੋਂ ਰਿਮੋਰਟ ਕੰਟਰੋਲ ਨਾਲ ਚੱਲਣ ਵਾਲੇ ਸੰਗਠਨ ਵਜੋਂ ਦੇਖਿਆ ਜਾਣ ਲੱਗਾ ਸੀ।  ਪਾਰਟੀ ਜੇਕਰ ਪੰਜਾਬ ਵਿਚ ਕਾਂਗਰਸ ਨੂੰ ਪਿਛੇ ਛੱਡ ਕੇ ਅੱਗੇ ਨਿਕਲ ਜਾਂਦੀ ਤਾਂ ਕੇਜਰੀਵਾਲ ਨੂੰ ਕੌਮੀ ਪੱਧਰ ‘ਤੇ ਮੋਦੀ ਦੇ ਮੁੱਖ ਵਿਰੋਧੀ ਦੀ ਦਿਖ ਮਿਲ ਸਕਦੀ ਸੀ। ਦੂਸਰੇ, ਇਸ ਜਿੱਤ ਨਾਲ ਉਸ ਦੀ ਦਿੱਲੀ ਦੀ ਸਿਆਸਤ ਨੂੰ ਵੀ ਨਵਾਂ ਉਛਾਲ ਮਿਲਦਾ।
ਕਿਉਂਕਿ ਪੰਜਾਬ ਵਿਚ ਅਜਿਹਾ ਨਹੀਂ ਹੋ ਸਕਿਆ ਤੇ ਗੋਆ ਵਿਚ ਉਸ ਦੇ ਨਤੀਜੇ ਸਿਫ਼ਰ ਨਿਕਲੇ, ਇਸ ਲਈ ਹੁਣ ਉਸ ਨੂੰ ਉਲਟੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਵਿਰੋਧੀਆਂ ਅਤੇ ਆਲੋਚਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਪਾਰਟੀ ਲਈ ਅੱਗੇ ਦਾ ਰਸਤਾ ਬੰਦ ਹੋ ਚੁੱਕਾ ਹੈ। ਹਾਲਾਂਕਿ ਇਹ ਉਹੀ ਵਿਰੋਧੀ ਹਨ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਵਿਚ ਉਸ ਦੀ ਜ਼ਬਰਦਸਤ ਹਾਰ ਮਗਰੋਂ ਉਸ ਦਾ ਸ਼ੋਕ ਗੀਤ ਲਿਖ ਦਿੱਤਾ ਸੀ। ਪਰ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿਚ ਇਤਿਹਾਸਕ ਜਿੱਤ ਦਰਜ ਕਰਕੇ ਸਾਰਿਆਂ ਨੂੰ ਗ਼ਲਤ ਸਿੱਧ ਕਰ ਦਿੱਤਾ।
‘ਆਪ’ ਇਕ ਵਾਰ ਫਿਰ ਆਪਣੀ ‘ਮੌਤ’ ਦਾ ਐਲਾਨ ਕਰਨ ਵਾਲਿਆਂ ਨੂੰ ਗ਼ਲਤ ਸਿੱਧ ਕਰ ਸਕਦੀ ਹੈ, ਬਸ਼ਰਤੇ ਉਹ ਅਪ੍ਰੈਲ ਦੇ ਅੱਧ ਵਿਚ ਹੋਣ ਵਾਲੀਆਂ ਦਿੱਲੀ ਦੇ ਤਿੰਨ ਨਗਰ ਨਿਗਮਾਂ ਵਿਚ ਜ਼ਬਰਦਸਤ ਜਿੱਤ ਹਾਸਲ ਕਰਕੇ ਦਿਖਾਏ। ਅਜਿਹਾ ਉਸ ਨੂੰ ਕਰਨਾ ਹੀ ਪਏਗਾ। ਭਾਜਪਾ ਇਸ ਸਮੇਂ ਨਗਰ ਨਿਗਮ ਦੀ ਸਿਆਸਤ ਵਿਚ ਦਸ ਸਾਲ ਦੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਉਸ ਨੇ ਆਪਣੀ ਸੱਤਾ ਵਿਰੋਧੀ ਲਹਿਰ ਨੂੰ ਬੇਅਸਰ ਕਰਨ ਲਈ ਸਿਆਸੀ ਤੌਰ ‘ਤੇ ਤੈਅ ਕਰ ਲਿਆ ਹੈ ਕਿ ਉਹ ਮੌਜੂਦਾ ਕੌਂਸਲਰਾਂ ਨੂੰ ਟਿਕਟ ਨਹੀਂ ਦੇਵੇਗੀ ਤਾਂ ਕਿ ਵਾਰਡ ਪੱਧਰ ‘ਤੇ ਕੌਂਸਲਰਾਂ ਖ਼ਿਲਾਫ਼ ਜੜ੍ਹ ਜਮਾ ਚੁੱਕੀ ਨਾਰਾਜ਼ਗੀ ਤੋਂ ਬਚਿਆ ਜਾ ਸਕੇ। ਸੂਬਾਈ ਪ੍ਰਧਾਨ ਪੱਧਰ ‘ਤੇ ਭਾਜਪਾ ਪਹਿਲਾਂ ਹੀ ਬਦਲਾਅ ਕਰ ਚੁੱਕੀ ਹੈ ਤੇ ਉਸ ਦੇ ਨਵੇਂ ਪ੍ਰਧਾਨ ਨੇ ਝੁੱਗੀਆਂ ਤੇ ਪੁਨਰਵਾਸ ਕਾਲੋਨੀਆਂ ਵਿਚ ਆਪਣਾ ਡੇਰਾ ਜਮਾ ਲਿਆ ਹੈ ਤਾਂ ਕਿ ‘ਆਪ’ ਦੇ ਜਨ ਆਧਾਰ ਨੂੰ ਸੰਨ੍ਹ ਲਾਈ ਜਾ ਸਕੇ।
ਜਿੱਥੋਂ ਤਕ ਕਾਂਗਰਸ ਦਾ ਸਵਾਲ ਹੈ, ਉਹ ਸੰਗਠਨ ਅਤੇ ਹੌਸਲੇ ਦੇ ਲਿਹਾਜ਼ ਨਾਲ ਪਸਤ ਹਾਲਤ ਵਿਚ ਹੈ। ਉਸ ਦੀ ਅਗਵਾਈ ਚਮਕਦਾਰ ਨਹੀਂ ਹੈ। ਇਸ ਦੇ ਬਾਵਜੂਦ ਜੇਕਰ ਕਾਂਗਰਸ ਨੇ ਨਿਗਮ ਚੋਣ ਵਿਚ ਚੰਗਾ ਪ੍ਰਦਰਸ਼ਨ ਕਰ ਦਿੱਤਾ ਤਾਂ ਉਸ ਨੂੰ ਪੰਜਾਬ ਦੀ ਕਾਮਯਾਬੀ ਮਗਰੋਂ ਉਸੇ ਸਿਲਸਿਲੇ ਵਿਚ ਉਸ ਦਾ ਦੂਸਰਾ ਛੱਕਾ ਮੰਨਿਆ ਜਾਵੇਗਾ।
ਨਾਲ ਹੀ ਇਹ ਵੀ ਮੰਨ ਲਿਆ ਜਾਵੇਗਾ ਕਿ ਭਾਜਪਾ ਖ਼ਿਲਾਫ਼ ਕਾਂਗਰਸ ਦੀ ਥਾਂ ਲੈਣ ਦੀਆਂ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਆਪਣੀਆਂ ਸਮਰਥਾਵਾਂ ਨਾਲੋਂ ਜ਼ਿਆਦਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਹਨ। ਇਸ ਲਈ ਨਗਰ ਨਿਗਮ ਚੋਣਾਂ ਵਿਚ ‘ਆਪ’ ਚੌਕਾ ਮਾਰ ਕੇ ਕੰਮ ਨਹੀਂ ਚਲਾ ਸਕਦੀ। ਜਿੱਤ ਅਤੇ ਪ੍ਰਭਾਵਸ਼ਾਲੀ ਜਿੱਤ ਤੋਂ ਬਿਨਾਂ ਨਾ ਸਿਰਫ਼ ਪੰਜਾਬ ਦੀ ਨਿਰਾਸ਼ਾ ਨਹੀਂ ਧੋਤੀ ਜਾਵੇਗੀ, ਸਗੋਂ ਦਿੱਲੀ ਦੀ ਸਿਆਸਤ ਵਿਚ ਵੀ ਉਸ ਦੇ ਪ੍ਰਭਾਵ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਸਕਦੀ ਹੈ।
ਇਸ ਤੋਂ ਇਲਾਵਾ ‘ਆਪ’ ਨੂੰ ਆਪਣੀਆਂ ਕੌਮੀ ਇਛਾਵਾਂ ਨੂੰ ਸਪਰਸ਼ ਦੇਣ ਦਾ ਇਕ ਹੋਰ ਮੌਕਾ ਅਕਤੂਬਰ ਵਿਚ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਮਿਲੇਗਾ। ਮੋਦੀ ਦੇ ਗ੍ਰਹਿ ਸੂਬੇ ਵਿਚ ਭਾਜਪਾ ਇਸ ਸਮੇਂ ਪਟੇਲਾਂ, ਦਲਿਤਾਂ ਅਤੇ ਮੁਸਲਮਾਨਾਂ ਦੇ ਸਾਂਝੇ ਮੋਰਚੇ ਦੇ ਖ਼ਦਸ਼ਿਆਂ ਦਾ ਸਾਹਮਣਾ ਕਰ ਰਹੀ ਹੈ। ਉਸ ਖ਼ਿਲਾਫ਼ ਦੋ ਦਹਾਕੇ ਨਾਲੋਂ ਜ਼ਿਆਦਾ ਲਗਾਤਾਰ ਸ਼ਾਸਨ ਦੀ ਸੱਤਾ ਵਿਰੋਧੀ ਲਹਿਰ ਵੀ ਹੈ। ਇਸ ਸਥਿਤੀ ਦਾ ਲਾਭ ਲੈਣ ਲਈ ਉਥੇ ਕਾਂਗਰਸ ਚੰਗੀ ਹਾਲਤ ਵਿਚ ਨਹੀਂ ਹੈ। ਪੰਜਾਬ ਵਾਂਗ ਗੁਜਰਾਤ ਵੀ ‘ਆਪ’ ਦੇ ਦਾਅ ਦੀ ਉਡੀਕ ਕਰ ਰਿਹਾ ਹੈ।