ਦੀਵਾਲੀ ਦੀ ਰਾਤ ਦੀਵੇ ਬਾਲੀਅਨਿ

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ

ਜਸਬੀਰ ਸਿੰਘ ਵੈਨਕੂਵਰ
ਹਰੇਕ ਦੇਸ਼ ਅਥਵਾ ਸਭਿਆਚਾਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਉਤਸਵ ਅਰਥਾਤ ਤਿਉਹਾਰ ਮਨਾਉਣ ਦੀ ਪੰਰਪਰਾ ਹੈ। ਇਨ੍ਹਾਂ ਤਿਉਹਾਰਾਂ ਦਾ ਸਿੱਖਿਆ ਅਤੇ ਸਮਾਜਕ ਪਹਿਲੂ ਤੋਂ ਇਲਾਵਾ ਧਾਰਮਕ ਪਹਿਲੂ ਵੀ ਹੈ। ਕਈ ਤਿਉਹਾਰ ਮੌਸਮੀ ਹਨ, ਕਈ ਕਿਸੇ ਵਿਸ਼ੇਸ਼ ਵਿਅਕਤੀ ਦੇ ਜਨਮ ਦਿਨ, ਕਿਸੇ ਜਿੱਤ ਦੀ ਖ਼ੁਸ਼ੀ ਜਾਂ ਵਿਸ਼ੇਸ਼ ਘਟਣਾ ਦਾ ਪ੍ਰਤੀਕ ਹਨ। ਇਨ੍ਹਾਂ ਤਿਉਹਾਰਾਂ ਨਾਲ ਕਈ ਤਰ੍ਹਾਂ ਦੀਆਂ ਇਤਿਹਾਸਕ ਅਤੇ ਮਿਥਿਹਾਸਕ ਘਟਨਾਵਾਂ ਜੁੜੀਆਂ ਹੋÂਆਂ ਹਨ। ਭਾਵੇਂ ਜ਼ਿਆਦਾਤਰ ਤਿਉਹਾਰ ਮੌਸਮੀ ਹਨ, ਪਰ ਇਨ੍ਹਾਂ ਮੌਸਮੀ ਤਿਉਹਾਰਾਂ ਨਾਲ ਵੀ ਕਈ ਤਰ੍ਹਾਂ ਦੀਆਂ ਇਤਿਹਾਸਕ ਅਤੇ ਮਿਥਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਨੂੰ ਮਨਾਉਣ ਦੇ ਤੌਰ ਤਰੀਕਿਆਂ ਵਿੱਚ ਵੀ ਭਿੰਨਤਾ ਦੇ ਨਾਲ ਨਾਲ ਮੌਸਮ ਅਨੁਸਾਰ ਖਾਣ ਪੀਣ ਦੀ ਭਿੰਨਤਾ ਵੀ ਹੈ। ਤਿਉਹਾਰਾਂ ਨੂੰ ਪੂਜਾ, ਵਰਤ, ਜਗਰਾਤਾ, ਕਿਸੇ ਵਿਸ਼ੇਸ਼ ਸਥਾਨ ਦੀ ਯਾਤਰਾ ਜਾਂ ਇਸ਼ਨਾਨ ਅਤੇ ਦਾਨ-ਪੁੰਨ ਆਦਿ ਕਰਕੇ ਮਨਾਏ ਜਾਣ ਦੀ ਪਰੰਪਰਾ ਹੈ।
ਇਨ੍ਹਾਂ ਤਿਉਹਾਰਾਂ ਵਿਚੋਂ ਹੀ ਇੱਕ ਦੀਵਾਲੀ ਦਾ ਤਿਉਹਾਰ ਹੈ। ਮੂਲ ਰੂਪ ਵਿੱਚ ਭਾਵੇਂ ਇਹ ਮੌਸਮੀ ਤਿਉਹਾਰ ਹੀ ਹੈ ਪਰ ਇਸ ਧਾਰਮਕ ਅਤੇ ਮਿਥਿਹਾਸਕ ਘਟਨਾਵਾਂ ਸਬੰਧਤ ਹੋਣ ਨਾਲ ਧਾਰਮਕ ਉਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਾਰਤ ਵਿੱਚ ਜਿਸ ਤਰ੍ਹਾਂ ਦੂਜੇ ਤਿਉਹਾਰਾਂ ਨਾਲ ਕਈ ਤਰ੍ਹਾਂ ਦੇ ਵਹਿਮ-ਭਰਮ ਵੀ ਪ੍ਰਚਲਤ ਹਨ, ਇਸੇ ਤਰ੍ਹਾਂ ਇਸ ਤਿਉਹਾਰ ਸਬੰਧੀ ਵੀ ਕਈ ਤਰ੍ਹਾਂ ਦੇ ਵਹਿਮ-ਭਰਮ ਪ੍ਰਚਲਤ ਹਨ। ਹਿੰਦੂ ਧਰਮ ਦੇ ਪੈਰੋਕਾਰ ਇਸ ਦਿਨ ਆਪਣੇ ਦਰਵਾਜ਼ਿਆਂ ‘ਤੇ ਦੀਵੇ ਜਾਂ ਮੋਬੱਤੀਆਂ ਜਗਾ ਕੇ ਰੱਖਦੇ ਹਨ। ਇਸ ਦਿਨ ਭਾਂਡੇ ਖਰੀਦਨ ਨੂੰ ਵੀ ਪਿਛਲੇ ਕੁੱਝ ਸਮੇਂ ਤੋਂ ਚੰਗਾਂ ਸ਼ਗਨ ਸਮਝਿਆ ਜਾਣ ਲੱਗ ਪਿਆ ਹੈ। ਇਸ ਲਈ ਕਈ ਭਾਂਡਿਆਂ ਦੀ ਖਰੀਦਦਾਰੀ ਕਰਨ ਲਈ ਇਸ ਦਿਨ ਦੀ ਉਡੀਕ ਵਿੱਚ ਰਹਿੰਦੇ ਹਨ। ਇਸ ਦਿਨ ਲੋਕੀਂ ਲਕਸ਼ਮੀ ਦੀ ਪੂਜਾ ਵੀ ਕਰਦੇ ਹਨ। ਰਾਮਚੰਦ੍ਰ ਜੀ ਦੇ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਉਣ ਦੀ ਘਟਨਾ ਵੀ ਇਸ ਨਾਲ ਸਬੰਧਤ ਹੈ। ਰਾਮ ਚੰਦ੍ਰ ਜੀ ਦੀ ਅਯੁੱਧਿਆ ਵਾਪਸੀ ਬਦੀ ਉੱਤੇ ਨੇਕੀ ਦੇ ਜਿੱਤ ਦਾ ਪ੍ਰਤੀਕ ਵੀ ਬਣ ਗਈ ਹੈ।
ਸਿੱਖ ਜਗਤ ਦੇ ਤਿਉਹਾਰ ਧਰਮ ਨਾਲ ਹੀ ਸਬੰਧਤ ਤਿਉਹਾਰ ਹਨ। ਮੌਸਮੀ ਤਿਉਹਾਰਾਂ ਨੂੰ ਵੀ ਮੌਸਮ ਦੀ ਤਬਦੀਲੀ ਕਰਕੇ ਨਹੀਂ ਬਲਕਿ ਧਾਰਮਕ ਮਹੱਤਾ ਕਰਕੇ ਹੀ ਮਨਾਇਆ ਜਾਂਦਾ ਹੈ। ਇਸ ਲਈ ਦੀਵਾਲੀ ਨੂੰ ਵੀ ਬੰਦੀ ਛੋੜ ਦਿਵਸ ਦੇ ਰੂਪ ਮਨਾਇਆ ਜਾਂਦਾ ਹੈ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਨ੍ਹਾਂ ਮੌਕਿਆਂ ‘ਤੇ ਖ਼ਾਸ ਤਰ੍ਹਾਂ ਦਾ ਲਿਬਾਸ ਪਹਿਣਨ ਜਾਂ ਖਾਣ ਪੀਣ ਸਬੰਧੀ ਕਿਸੇ ਤਰ੍ਹਾਂ ਦਾ ਵਹਿਮ-ਭਰਮ ਨਹੀਂ ਹੈ। ਇਤਨਾ ਹੀ ਨਹੀਂ ਵਿਸ਼ੇਸ਼ ਸਥਾਨਾਂ ਦੀ ਯਾਤਰਾ ਜਾਂ ਵਿਸ਼ੇਸ਼ ਸੱਜ-ਧੱਜ ਦੀ ਵੀ ਕੋਈ ਵਿਸ਼ੇਸ਼ ਵਿਧੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੱਲ ਕੀ, ਤਿਉਹਾਰਾਂ ਨਾਲ ਜੁੜੇ ਕਿਸੇ ਤਰ੍ਹਾਂ ਦੇ ਵੀ ਵਹਿਮ-ਭਰਮ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਗੁਰਮਤਿ ਦੀ ਜੀਵਨ-ਜੁਗਤ ਵਿੱਚ ਮਨੁੱਖ ਨੂੰ ਸਮੁੱਚੇ ਰੂਪ ਵਿੱਚ ਇਹ ਸੇਧ ਦਿੱਤੀ ਗਈ ਹੈ ਕਿ ਉਸ ਨੇ ਕਿਸੇ ਵੀ ਉਤਸਵ ਜਾਂ ਰੀਤ ਨੂੰ ਇਸ ਢੰਗ ਨਾਲ ਨਹੀਂ ਮਨਾਉਣਾ ਹੈ ਕਿ ਮਨੁੱਖ ਦੀਆਂ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਹੋਵੇ, ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲਦਾ ਹੋਵੇ ਜਾਂ ਮਨੁੱਖਤਾ ਦਾ ਕਿਸੇ ਵੀ ਰੂਪ ਵਿੱਚ ਨੁਕਸਾਨ ਹੁੰਦਾ ਹੋਵੇ: ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ£ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ£ (ਪੰਨਾ ੫੯੦) ਅਰਥ: ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ, ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ।
ਭਾਵੇਂ ਗੁਰਮਤਿ ਦੀ ਜੀਵਨ-ਜੁਗਤ ਦਾ ਇਹ ਪੱਖ ਬਿਲਕੁਲ ਸਪਸ਼ਟ ਹੈ ਪਰ ਫਿਰ ਵੀ ਕੁੱਝ ਕੁ ਰਾਗੀ ਸਾਹਿਬਾਨ ਅਤੇ ਪ੍ਰਚਾਰਕਾਂ ਵਲੋਂ ਭਾਈ ਗੁਰਦਾਸ ਜੀ ਦੀ ਇੱਕ ਪਉੜੀ ਦੀ (ਦੀਵਾਲੀ ਦੀ ਰਾਤ ਦੀਵੇ ਬਾਲੀਅਨਿ) ਪਹਿਲੀ ਪੰਗਤੀ ਤੋਂ ਇਹ ਭਾਵ ਲਿਆ ਜਾਂਦਾ ਹੈ ਜਿਵੇਂ ਭਾਈ ਸਾਹਿਬ ਦੀਵਾਲੀ ਦੀ ਰਾਤ ਨੂੰ ਉਚੇਚੇ ਤੌਰ ‘ਤੇ ਦੀਵੇ ਬਾਲਣ ਦੀ ਹਿਦਾਇਤ ਕਰ ਰਹੇ ਹਨ। ਪਰੰਤੂ ਭਾਈ ਗੁਰਦਾਸ ਜੀ ਦੀ ਇਸ ਪਉੜੀ ਵਿੱਚ ਇਸ ਤਰ੍ਹਾਂ ਦੀ ਧਾਰਨਾ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਅਸੀਂ ਵਿਸ਼ੇਸ਼ ਤੌਰ ‘ਤੇ ਇਸ ਗੱਲ ਦਾ ਹੀ ਇਸ ਲੇਖ ਵਿੱਚ ਵਰਣਨ ਕਰ ਰਹੇ ਹਾਂ।
ਜਿਵੇਂ ਗੁਰਬਾਣੀ ਨੂੰ ਸਮਝਣ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਸਮਝਣ ਲਈ ਵੀ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਰਖਾਂਗੇ ਤਾਂ ਭਾਈ ਸਾਹਿਬ ਦੀ ਰਚਨਾ ਨੂੰ ਸਮਝਣੋਂ ਉਕਾਈ ਖਾ ਜਾਵਾਂਗੇ। ਜਿੱਥੇ ਗੁਰਬਾਣੀ ਨੂੰ ਸਮਝਣ ਲਈ ਇੱਕ ਤੋਂ ਵਧੀਕ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਉੱਥੇ ਭਾਈ ਸਾਹਿਬ ਦੀ ਰਚਨਾਵਾਂ ਨੂੰ ਸਮਝਣ ਲਈ ਕੇਵਲ ਮੁੱਖ ਰੂਪ ਵਿੱਚ ਦੋ ਗੱਲਾਂ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਇਨ੍ਹਾਂ ਦੋਹਾਂ ਗੱਲਾਂ ਵਿਚੋਂ ਇੱਕ ਇਹ ਹੈ ਕਿ ਭਾਈ ਗੁਰਦਾਸ ਜੀ ਜੋ ਗੱਲ ਕਹਿਣਾ ਚਾਹੁੰਦੇ ਹਨ ਉਹ ਕਬਿੱਤਾਂ ਅਤੇ ਪਉੜੀਆਂ ਦੇ ਅੰਤ ਵਿੱਚ ਆਉਂਦੀ ਹੈ। ਪਹਿਲਾਂ ਭਾਈ ਸਾਹਿਬ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਉਦਾਹਰਣਾਂ ਦੇਂਦੇ ਹਨ। ਇਹ ਉਦਾਹਰਣਾਂ ਆਮ ਤੌਰ ‘ਤੇ ਪਹਿਲੀਆਂ ਪੰਗਤੀਆਂ ਵਿੱਚ ਹੁੰਦੀਆਂ ਹਨ। ਇਨ੍ਹਾਂ ਦ੍ਰਿਸ਼ਟਾਤਾਂ ਮਗਰੋਂ ਭਾਈ ਸਾਹਿਬ ਨੇ ਜਿਸ ਮਨੋਰਥ ਲਈ ਇਹ ਦ੍ਰਿਸ਼ਟਾਂਤ ਦਿੱਤੇ ਹਨ ਉਸ ਗੱਲ ਦਾ ਵਰਣਨ ਕਰਦੇ ਹਨ। ਜਿਵੇਂ:
ਚੀਟੀ ਕੈ ਉਦਰ ਬਿਖੈ ਹਸਤੀ ਸਮਾਇ ਕੈਸੇ, ਅਤੁਲ ਪਹਾਰ ਭਾਰ ਭ੍ਰਿੰਗੀ ਨ ਉਠਾਵਈ।
ਮਛਰ ਕੇ ਡੰਗ ਨ ਮਰਤ ਹੈ ਬਾਸਕ ਨਾਗ, ਮਕਰੀ ਨ ਚੀਤੈ ਜੀਤੈ ਸਰਿ ਨ ਪੂਜਾਵਈ।
ਤਮਚਰ ਉਡਤ ਨ ਪਹੂਚੈ ਆਕਾਸ ਬਾਸ, ਮੂਸਾ ਤਉ ਨ ਪੈਰਤ ਸਮੁੰਦ੍ਰ ਪਾਰ ਪਾਵਈ।
ਤੈਸੇ ਪ੍ਰਿਅ ਪ੍ਰੇਮ ਨੇਮ ਅਗਮ ਅਗਾਧਿ ਬੋਧਿ, ਗੁਰਮੁਖਿ ਸਾਗਰ ਜਿਉ ਬੂੰਦ ਹੁਇ ਸਮਾਵਈ£
ਇਸ ਕਬਿੱਤ ਵਿੱਚ ਭਾਈ ਗੁਰਦਾਸ ਜੀ ਜੋ ਮੁੱਖ ਰੂਪ ਵਿੱਚ ਆਖਣਾ ਚਾਹੁੰਦੇ ਹਨ ਉਹ ਅਖ਼ਰੀਲੀ ਪੰਗਤੀ ਵਿੱਚ ਹੈ। ਇਸ ਅੰਤਲੀ ਪੰਗਤੀ ਦੇ ਭਾਵ ਨੂੰ ਦਰਸਾਉਣ ਲਈ ਆਪ ਉਦਾਹਰਣ ਦੇਂਦੇ ਹਨ ਕਿ ਜਿਸ ਤਰ੍ਹਾਂ ਚੀਟੀ ਦੇ ਪੇਟ ਵਿੱਚ ਹਾਥੀ ਨਹੀਂ ਸਮਾਅ ਸਕਦਾ, ਭ੍ਰਿੰਗੀ ਛੋਟਾ ਜਿਹਾ ਕੀੜਾ ਪਹਾੜ ਨਹੀਂ ਚੁਕ ਸਕਦਾ; ਮੱਛਰ ਦੇ ਡੰਗ ਨਾਲ ਬਾਸ਼ਕ ਨਾਗ ਨਹੀਂ ਮਰਦਾ, ਮਕੜੀ ਚੀਤੇ ਨੂੰ ਨਹੀਂ ਜਿਤ ਸਕਦੀ ਤੇ ਨਾ ਹੀ ਉਸ ਦੀ ਬਰਾਬਰੀ ਕਰ ਸਕਦੀ ਹੈ; ਉਲੂ ਉੱਡ ਕੇ ਆਕਾਸ਼ ‘ਤੇ ਪਹੁੰਚ ਨਹੀਂ ਸਕਦਾ ਅਤੇ ਚੂਹਾ ਤਰ ਕੇ ਸਮੁੰਦਰ ਦੇ ਦੂਜੇ ਕਿਨਾਰੇ ਨਹੀਂ ਪਹੁੰਚ ਸਕਦਾ; ਇਸ ਤਰ੍ਹਾਂ ਪ੍ਰਭੂ ਪਿਆਰੇ ਦੇ ਪ੍ਰੇਮ ਦੀ ਮਰਯਾਦਾ ਵੀ ਸਾਡੀ ਸਮਝ-ਸੋਝੀ ਤੋਂ ਪਰੇ ਹੈ ਅਤੇ ਅਤਿ ਗੰਭੀਰ ਹੈ। ਜਿਸ ਤਰ੍ਹਾਂ ਸਮੁੰਦਰ ਵਿੱਚ ਜਲ ਦੀ ਬੂੰਦ ਸਮਾ ਜਾਂਦੀ ਹੈ, ਇਸੇ ਤਰ੍ਹਾਂ ਹੀ ਗੁਰੂ ਦਾ ਅਨਿੰਨ ਸੇਵਕ-ਸਿੱਖ, ਜਲ ਦੀ ਬੂੰਦ ਹੋ ਕੇ ਆਪਣੇ ਪਿਆਰੇ ਪ੍ਰੀਤਮ ਵਿੱਚ ਲੀਨ ਹੋ ਜਾਂਦਾ ਹੈ।
ਇਸੇ ਤਰ੍ਹਾਂ ਵਾਰ ਦੀਆਂ ਜਿਨ੍ਹਾਂ ਪਉੜੀਆਂ ਵਿੱਚ ਗੁਰਮਤਿ ਦੇ ਕਿਸੇ ਪਹਿਲੂ ਨੂੰ ਸਪਸ਼ਟ ਕਰਨ ਲਈ ਆਪ ਉਦਾਹਰਣਾਂ ਦੇਂਦੇ ਹਨ, ਉਸ ਪਉੜੀ ਦੀ ਅਖਰੀਲੀ ਤੁਕ ਵਿੱਚ ਪਉੜੀ ਦਾ ਮੁਖ ਸਿਧਾਂਤ ਹੁੰਦਾ ਹੈ। ਇਸ ਦੇ ਨਾਲ ਹੀ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਜਦੋ ਕਿਸੇ ਗੱਲ ਨੂੰ ਸਪਸ਼ਟ ਜਾਂ ਪ੍ਰਮਾਣਤ ਕਰਨ ਲਈ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ ਤਾਂ ਉਸ ਦਾ ਕੇਵਲ ਇੱਕ ਪੱਖ ਹੀ ਲਿਆ ਜਾਂਦਾ ਹੈ। ਉਸ ਨਾਲ ਸਬੰਧਤ ਦੂਜੇ ਪਹਿਲੂਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਜਾਂਦਾ। ਉਦਾਹਰਣ ਵਜੋਂ ਜਿਵੇਂ ਗੁਰਬਾਣੀ ਵਿੱਚ ਕੁੱਤੇ ਨਾਲ ਸਬੰਧਤ ਇਸ ਦੇ ਭਿੰਨ ਭਿੰਨ ਪੱਖਾਂ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(À) ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ£ (ਪੰਨਾ ੪੧੧) ਅਰਥ: ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ।
ਜਦ ਮਨੁੱਖ ਦੀ ਭਟਕਣਾ ਦਾ ਵਰਣਨ ਆਇਆ ਹੈ ਤਾਂ ਆਖਿਆ ਗਿਆ ਹੈ ਕਿ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਪ੍ਰਾਣੀ ਕੁੱਤੇ ਵਾਂਗ ਦਰ ਦਰ ‘ਤੇ ਭਟਕਦਾ ਫਿਰਦਾ ਹੈ। ਇੱਥੇ ਕੁੱਤੇ ਦੇ ਦਰ ਦਰ ਭਟਕਣ ਵਾਲੇ ਸੁਭਾਵ ਦਾ ਇਹ ਪੱਖ ਹੀ ਲਿਆ ਗਿਆ ਹੈ।
(ਅ) ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ£ (ਪੰਨਾ ੫੩੬) ਅਰਥ: ਜੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ।
ਇਸ ਪੰਗਤੀ ਵਿੱਚ ਮਨੁੱਖੀ ਮਨ ਦੇ ਟੇਢੇਪਣ ਨੂੰ ਦਰਸਾਉਣ ਲਈ, ਇਸ ਨੂੰ ਕੁੱਤੇ ਦੀ ਪੂਛ ਵਾਂਗ ਵਿੰਗਾ ਹੀ ਰਹਿਣ ਵਾਂਗ ਦਰਸਾਉਣ ਲਈ, ਕੁੱਤੇ ਨਾਲ ਸਬੰਧਤ ਇਸ ਪੱਖ ਨੂੰ ਹੀ ਸਾਹਮਣੇ ਰੱਖਿਆ ਗਿਆ ਹੈ।
(Â) ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ£ (ਪੰਨਾ ੬੭੨) ਅਰਥ: (ਸੁਆਦਲੇ ਖਾਣਿਆ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜਓਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ।
ਇਨ੍ਹਾਂ ਪੰਗਤੀਆਂ ਵਿਚ, ਚਸਕਿਆਂ ਦੇ ਸ਼ਿਕਾਰ ਹੋ ਕੇ, ਸਦਾ ਅਤ੍ਰਿਪਤ ਰਹਿਣ ਵਾਲੇ ਪ੍ਰਾਣੀ ਦੇ ਇਸ ਸੁਭਾਅ ਦਾ ਵਰਣਨ ਕਰਦਿਆਂ ਹੋਇਆਂ ਇਸ ਨੂੰ ਕੁੱਤੇ ਵਾਂਗ ਦੌੜ-ਭੱਜ ਕਰਦਿਆਂ ਦਰਸਾਇਆ ਹੈ। ਕੁੱਤੇ ਦੇ ਸੁਭਾਅ ਦਾ ਤ੍ਰਿਪਤ ਨਾ ਹੋਣ ਵਾਲੇ ਪੱਖ ਦਾ ਹੀ ਇੱਥੇ ਜ਼ਿਕਰ ਕੀਤਾ ਗਿਆ ਹੈ।
(ਬਾਕੀ ਪ੍ਰਮਾਣ ਹੇਠਾਂ ਨੋਟ ਵਿੱਚ ਦੇਖੋ)
ਗੁਰੂ ਗ੍ਰੰਥ ਸਾਹਿਬ ਵਿੱਚ ਸੁਆਨ/ਕੁੱਤੇ ਦੇ ਸੁਭਾਅ ਆਦਿ ਦੇ ਵੱਖ ਵੱਖ ਪਹਿਲੂਆਂ ‘ਚੋਂ, ਕਿਸੇ ਗੱਲ ਨੂੰ ਦਰਸਾਉਂਣ ਲਈ ਕਿਸੇ ਇੱਕ ਪਹਿਲੂ ਦਾ ਹੀ ਵਰਣਨ ਕੀਤਾ ਗਿਆ ਹੈ। ਇਹ ਨਿਯਮ ਆਮ ਹੀ ਸਾਹਿਤ ਦੇ ਹਰੇਕ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਦ੍ਰਿਸ਼ਟਾਂਤ ਦੇਣ ਸਮੇਂ ਜਿਸ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ, ਉਸ ਦੇ ਸਾਰੇ ਪਹਿਲੂਆਂ ਦਾ ਨਹੀਂ ਬਲਕਿ ਉਸ ਦੇ ਕੇਵਲ ਇੱਕ ਪਹਿਲੂ ਨੂੰ ਸਾਹਮਣੇ ਰੱਖਿਆ ਜਾਂਦਾ ਹੈ।
ਇਸ ਸੰਖੇਪ ਜਿਹੀ ਚਰਚਾ ਪਿੱਛੋਂ ਭਾਈ ਗੁਰਦਾਸ ਜੀ ਦੀ ੧੯ਵੀਂ ਵਾਰ ਦੀ ੬ਵੀਂ ਪਉੜੀ ਦੀ ਵਿਚਾਰ ਕਰਦੇ ਹਾਂ। ਇਸ ਪਉੜੀ ਵਿੱਚ ਭਾਈ ਸਾਹਿਬ ਮੁੱਖ ਰੂਪ ਵਿੱਚ ਜੋ ਗੱਲ ਆਖ ਰਹੇ ਹਨ ਉਹ ਇਸ ਪਉੜੀ ਦੇ ਅਖ਼ੀਰ ਵਿੱਚ ਹੈ: ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ£ ਇਸ ਤੁਕ ਤੋਂ ਪਹਿਲੀਆਂ ਪੰਗਤੀਆਂ ਵਿੱਚ ਭਾਈ ਸਾਹਿਬ ਨੇ ਸੰਸਾਰ ਦੀ ਨਾਸ਼ਮਾਨਤਾ ਨੂੰ ਦਰਸਾਉਣ ਲਈ ਕੁੱਝ ਉਦਾਹਰਣਾਂ ਦਿੱਤੀਆਂ ਹਨ: ਦੀਵਾਲੀ ਦੀ ਰਾਤ ਦੀਵੇ ਬਾਲੀਅਨਿ£ ਤਾਰੇ ਜਾਤ ਸਨਾਤ ਅੰਬਰ ਭਾਲੀਅਨਿ£ ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ£ ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ£ ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ£
ਇਸ ਪਉੜੀ ਦਾ ਭਾਵ ਹੈ ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੋਸ਼ਨੀ ਕੁੱਝ ਦੇਰ ਤੀਕ ਹੀ ਰਹਿੰਦੀ ਹੈ। ਰਾਤ ਨੂੰ ਤਾਰੇ ਦਿਖਾਈ ਦੇਂਦੇ ਹਨ ਪਰ ਸੂਰਜ ਚੜ੍ਹਿਆਂ ਇਹ ਤਾਰੇ ਦਿਖਾਈ ਨਹੀਂ ਦੇਂਦੇ। ਜਿਵੇਂ ਕਿਸੇ ਪੁਰਬ ਆਦਿ ਦੇ ਸਮੇਂ ਲੋਕੀਂ ਕਿਸੇ ਤੀਰਥ ਸਥਾਨ ‘ਤੇ ਜਾਂਦੇ ਹਨ। ਕੁੱਝ ਦਿਨ ਉਸ ਥਾਂ ਤੇ ਬੜਾ ਰੌਣਕ ਮੇਲਾ ਹੁੰਦਾ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਰੀ ਲੋਕਾਈ ਹੀ ਉੱਥੇ ਉਮਡ ਪਈ ਹੈ। ਪਰ ਫਿਰ ਸਹਿਜੇ ਸਹਿਜੇ ਲੋਕੀਂ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ। ਇੰਜ ਕੁੱਝ ਦਿਨਾਂ ਪਿੱਛੋਂ ਉਸ ਸਥਾਨ ‘ਤੇ ਲੋਕਾਂ ਦਾ ਇਹ ਜਮਘਟਾ ਦੇਖਣ ਨੂੰ ਨਹੀਂ ਮਿਲਦਾ। ਚੂੰਕਿ ਲੋਕ ਕੇਵਲ ਯਾਤਰਾ ਕਰਨ ਲਈ ਹੀ ਉਸ ਸਥਾਨ ਤੇ ਜਾਂਦੇ ਹਨ ਨਾ ਕਿ ਹਮੇਸ਼ਾਂ ਉੱਥੇ ਰਹਿਣ ਲਈ। ਬਦਲਾਂ ਦੇ ਆਕਾਸ਼ੀ ਮਹੱਲ ਦਿਖਾਈ ਦੇਂਦੇ ਹਨ ਪਰ ਉਨ੍ਹਾਂ ਦੀ ਹੋਂਦ ਨਹੀਂ ਹੁੰਦੀ, ਇਸ ਲਈ ਛੇਤੀ ਹੀ ਛਾਈਂ-ਮਾਈਂ ਹੋ ਜਾਂਦੇ ਹਨ। ਗੁਰਮੁਖ ਜਨ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਦੀਵਾਲੀ ਦੀ ਰਾਤ ਦੀ ਰੋਸ਼ਨੀ, ਤਾਰੇ, ਫੁਲ ਅਤੇ ਤੀਰਥਾਂ ਦੇ ਮੇਲਿਆਂ ਵਾਂਗ ਸੰਸਾਰ ਨੂੰ ਅਲਪ ਕਾਲ ਦੀ ਖ਼ੁਸ਼ੀ ਮੰਨ ਕੇ ਨਿਰਲੇਪ ਰਹਿੰਦੇ ਹਨ।
ਇਸ ਪਉੜੀ ਦਾ ਗਾਇਣ ਕਰਨ ਜਾਂ ਵਿਆਖਿਆ ਕਰਨ ਵਾਲੇ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਭਾਈ ਸਾਹਿਬ ਨੇ ਇਸ ਪਉੜੀ ਵਿੱਚ ਮੂਲ ਰੂਪ ਜੋ ਸੁਨੇਹਾ ਦਿੱਤਾ ਹੈ, ਉਸ ਉੱਤੇ ਜ਼ੋਰ ਦੇਣ, ਨਾ ਕਿ ਜਿਸ ਗੱਲ ਨੂੰ ਸਮਝਾਉਣ ਲਈ ਦ੍ਰਿਸ਼ਟਾਂਤ ਦਿੱਤੇ ਹਨ, ਉਨ੍ਹਾਂ ਨੂੰ ਪ੍ਰਚਾਰਨ। ਪ੍ਰਚਾਰਕ ਸ਼੍ਰੇਣੀ ਭਾਵੇਂ ਉਹ ਕਥਾ ਵਾਚਕ, ਪ੍ਰਚਾਰਕ ਜਾਂ ਰਾਗੀ ਦੇ ਰੂਪ ਵਿੱਚ ਹੈ, ਸਾਰਿਆਂ ਦਾ ਹੀ ਇਹ ਮੁੱਢਲਾ ਫ਼ਰਜ਼ ਹੈ ਕਿ ਸਿੱਖ ਸੰਗਤਾਂ ਵਿੱਚ ਗੁਰਮਤਿ ਦੀ ਜੀਵਨ-ਜੁਗਤ ਹੀ ਦ੍ਰਿੜ ਕਰਵਾਈ ਜਾਵੇ। ਗੁਰਦੁਆਰੇ ਗੁਰਮਤਿ ਦੀ ਟਕਸਾਲ ਹਨ। ਇੱਥੋਂ ਹੀ ਸੰਗਤਾਂ ਨੇ ਗੁਰਮਤਿ ਦੀ ਜੀਵਨ-ਜੁਗਤ ਨੂੰ ਸਿੱਖਣਾ ਅਥਵਾ ਸਮਝਣਾ ਹੈ। ਇਸ ਲਈ ਇਸ ਪਉੜੀ ਦਾ ਗਾਇਣ ਕਰਨ ਸਮੇਂ ਇਸ ਪਉੜੀ ਦੀ ਅੰਤਲੀ ਪੰਗਤੀ ਨੂੰ ਹੀ ਅਸਥਾਈ ਬਣਾ ਕੇ ਗਾਵਿਆ ਜਾਵੇ ਤਾਂ ਕਿ ਇਸ ਵਿੱਚ ਭਾਈ ਗੁਰਦਾਸ ਜੀ ਜੋ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਹਨ ਉਸ ਨੂੰ ਸਮਝਿਆ ਜਾ ਸਕੇ।
ਨੋਟ: (ਸ) ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ£ (ਪੰਨਾ ੮੨੯) ਅਰਥ: (ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾਂ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿੱਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿੱਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।
ਇਨ੍ਹਾਂ ਤੁਕਾਂ ਵਿੱਚ ਮਾਇਆ ਦੇ ਨਸ਼ੇ ਵਿੱਚ ਮਸਤੇ ਹੋਏ ਮਨੁੱਖ ਨੂੰ ਹਲਕੇ ਹੋਏ ਕੁੱਤੇ ਵਾਂਗ ਭਟਕਦਾ ਹੋਇਆ ਦਰਸਾਉਂਣ ਲਈ ਕੁੱਤੇ ਦੇ ਇਸ ਪੱਖ ਨੂੰ ਹੀ ਸਾਹਮਣੇ ਰੱਖਿਆ ਗਿਆ ਹੈ।
(ਹ) ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ£ (ਪੰਨਾ ੯੮੩) ਅਰਥ: ਹੇ ਭਾਈ! ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤਿ ਵਿੱਚ ਲੋਭੀ ਬਣਾਈ ਜਾਂਦਾ ਹੈ)।
ਇਨ੍ਹਾਂ ਪੰਗਤੀਆਂ ਵਿੱਚ ਲੋਭੀ ਮਨੁੱਖ ਦਾ ਹੋਰਨਾਂ ਨੂੰ ਵੀ ਲੋਭੀ ਬਣਾਉਣ ਵਾਲੇ ਕੰਮ ਨੂੰ ਦਰਸਾਉਣ ਲਈ ਹਲਕਾਏ ਕੁੱਤੇ ਦੇ ਇਸ ਪੱਖ ਨੂੰ ਹੀ ਲਿਆ ਗਿਆ ਹੈ ਜੋ ਦੂਜਿਆਂ ਨੂੰ ਵਢ ਕੇ ਇਸ ਰੋਗ ਦਾ ਸ਼ਿਕਾਰ ਬਣਾ ਦੇਂਦਾ ਹੈ।
(ਕ) ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ£ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ£ (ਪੰਨਾ ੧੪੨੮) ਅਰਥ: ਹੇ ਨਾਨਕ! (ਆਖਔਹੇ ਭਾਈ!) ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ, ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ।
ਇਨ੍ਹਾਂ ਪੰਗਤੀਆਂ ਵਿੱਚ ਪ੍ਰਭੂ ਦੀ ਭਗਤੀ ਤੋਂ ਰਹਿਤ ਪ੍ਰਾਣੀ ਵਲੋਂ ਭੱਖ ਅਭੱਖ ਖਾਣ ਦੇ ਸੁਭਾਵ ਵਾਲੇ ਭਾਵ ਨੂੰ ਦਰਸਾਉਣ ਲਈ ਸੂਕਰ ਅਤੇ ਸੁਆਨ ਸ਼ਬਦ ਵਰਤੇ ਗਏ ਹਨ।
(ਖ) ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ£ ਨਾਨਕ ਇਹ ਬਿਧਿ ਹਰਿ ਭਜਉ ਇੱਕ ਮਨਿ ਹੁਇ ਇੱਕ ਚਿਤਿ£ ੪੫£ (ਪੰਨਾ ੧੪੨੮) ਅਰਥ: ਹੇ ਨਾਨਕ! (ਆਖਔਹੇ ਭਾਈ!) ਇਕ-ਮਨ ਹੋ ਕੇ ਇਕ-ਚਿੱਤ ਹੋ ਕੇ ਪਰਮਾਤਮਾ ਦਾ ਭਜਨ ਇਸੇ ਤਰੀਕੇ ਨਾਲ ਕਰਿਆ ਕਰੋ (ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾਹ ਜਾਏ) ਜਿਵੇਂ ਕੁੱਤਾ (ਆਪਣੇ) ਮਾਲਕ ਦਾ ਘਰ (ਘਰ ਦਾ ਬੂਹਾ) ਸਦਾ (ਮੱਲੀ ਰੱਖਦਾ ਹੈ) ਕਦੇ ਭੀ ਛੱਡਦਾ ਨਹੀਂ ਹੈ।)
ਇਸ ਸ਼ਲੋਕ ਵਿੱਚ ਗੁਰਦੇਵ ਕੁੱਤੇ ਦਾ ਆਪਣੇ ਮਾਲਕ ਦਾ ਦਰ ਮੱਲੀ ਰੱਖਣ ਵਾਲੇ ਗੁਣ/ਸੁਭਾਵ ਦਾ ਵਰਣਨ ਕਰਦਿਆਂ ਹੋਇਆਂ ਮਨੁੱਖ ਨੂੰ ਇਸ ਤੋਂ ਪ੍ਰੇਰਣਾ ਲੈ ਕੇ ਪ੍ਰਭੂ ਦਾ ਲੜ ਪਕੜਨ ਦੀ ਪ੍ਰੇਰਨਾ ਕਰਦੇ ਹਨ।