ਕੁੜੀਆਂ ਦੀ ਹਾਕੀ ‘ਚ ਹਾਲੈਂਡ ਦੀ ਸਰਦਾਰੀ ਬਰਕਰਾਰ

ਕੁੜੀਆਂ ਦੀ ਹਾਕੀ ‘ਚ ਹਾਲੈਂਡ ਦੀ ਸਰਦਾਰੀ ਬਰਕਰਾਰ

ਲੰਡਨ/ਬਿਊਰੋ ਨਿਊਜ਼ :
ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ਵਿਚ ਹਾਲੈਂਡ ਨੇ ਇੱਥੇ ਹੇਠਲੇ ਦਰਜੇ ਦੀ ਟੀਮ ਆਇਰਲੈਂਡ ਨੂੰ 6-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਉਹ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਗਿਆ। ਇਸ ਤੋਂ ਪਹਿਲਾਂ ਆਇਰਲੈਂਡ ਨੇ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਕੇ ਇਤਿਹਾਸ ਸਿਰਜਿਆ ਹੈ।
ਆਇਰਲੈਂਡ ਵਿਸ਼ਵ ਕੱਪ ਦੇ ਇਤਿਹਾਸ ਵਿਚ ਫਾਈਨਲ ਵਿਚ ਪਹੁੰਚਣ ਵਾਲੀ ਸਭ ਤੋਂ ਹੇਠਲੀ ਰੈਂਕਿੰਗ ਦੀ ਪਹਿਲੀ ਟੀਮ ਬਣ ਗਈ। ਹਾਲੈਂਡ ਵੱਲੋਂ ਆਇਰਲੈਂਡ ਖ਼ਿਲਾਫ਼ ਲਿਡਵਿਜ਼ ਵੈਲਟਨ (7ਵੇਂ ਮਿੰਟ), ਕੈਲੀ ਜੌਂਕਰ (19ਵੇਂ ਮਿੰਟ), ਵਾਨ ਮੇਲ ਕਿੱਟੀ (28ਵੇਂ ਮਿੰਟ), ਫੈਨਿਕਸ ਫਲੌਅ (30ਵੇਂ ਮਿੰਟ), ਕੀਟਲਜ਼ ਮਾਰਲੋਜ਼ (32ਵੇਂ ਮਿੰਟ) ਅਤੇ ਵਾਨ ਮਾਸਕੌਰ ਕਾਇਆ (34ਵੇਂ ਮਿੰਟ) ਨੇ ਲਗਾਤਾਰ ਇਕ-ਇਕ ਗੋਲ ਦਾਗ਼ਿਆ।
ਇਸ ਤੋਂ ਪਹਿਲਾਂ ਵਿਸ਼ਵ ਰੈਂਕਿੰਗ ਵਿਚ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਸੈਮੀ ਫਾਈਨਲ ਵਿੱਚ ਸਪੇਨ ਨੂੰ ਤੈਅ ਸਮੇਂ ਤਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਮਗਰੋਂ ਪੈਨਲਟੀ ਸ਼ੂਟਆਊਟ ਵਿਚ 3-2 ਗੋਲਾਂ ਨਾਲ ਹਰਾਇਆ ਸੀ। ਇਸੇ ਤਰ੍ਹਾਂ ਦੂਜੇ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਹਾਲੈਂਡ ਨੇ ਆਸਟਰੇਲੀਆ ਨੂੰ ਤੈਅ ਸਮੇਂ ਤਕ ਮੁਕਾਬਲਾ 1-1 ਨਾਲ ਡਰਾਅ ਰਹਿਣ ਮਗਰੋਂ ਪੈਨਲਟੀ ਸ਼ੂਟਆਊਟ ਵਿਚ 3-1 ਗੋਲਾਂ ਨਾਲ ਹਰਾ ਕੇ ਫਾਈਨਲ ਵਿਚ ਪਹੁੰਚੀ ਸੀ। ਇਕ ਹੋਰ ਮੁਕਾਬਲੇ ਵਿਚ ਓਸਨੀਆ ਚੈਂਪੀਅਨ ਆਸਟਰੇਲੀਆ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿਚ 11ਵੀਂ ਦਰਜਾ ਪ੍ਰਾਪਤ ਸਪੇਨ ਤੋਂ 1-3 ਗੋਲਾਂ ਨਾਲ ਹਾਰ ਗਈ। ਇਸ ਲਈ ਆਸਟਰੇਲੀਆ ਨੂੰ ਚੌਥੇ ਸਥਾਨ ‘ਤੇ ਰਹਿ ਕੇ ਸਬਰ ਕਰਨਾ ਪਿਆ।