ਦਾਗ਼ੀ ਗੇਂਦਬਾਜ਼ ਸ੍ਰੀਸੰਤ ਮਾਮਲੇ ‘ਚ ਹੁਣ ਬੋਰਡ ਬੀਸੀਸੀਆਈ ਕੋਲ ਅਪੀਲ ਕਰੇਗਾ

ਦਾਗ਼ੀ ਗੇਂਦਬਾਜ਼ ਸ੍ਰੀਸੰਤ ਮਾਮਲੇ ‘ਚ ਹੁਣ ਬੋਰਡ ਬੀਸੀਸੀਆਈ ਕੋਲ ਅਪੀਲ ਕਰੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਗੇਂਦਬਾਜ਼ ਐਸ. ਸ੍ਰੀਸੰਤ ਨੂੰ ਭਾਰਤੀ ਕ੍ਰਿਕਟ ਬੋਰਡ ਤੋਂ ਫੌਰੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਬੋਰਡ ਨੇ ਇਸ ਦਾਗ਼ੀ ਤੇਜ਼ ਗੇਂਦਬਾਜ਼ ‘ਤੇ ਲੱਗੀ ਤਾਉਮਰ ਦੀ ਪਾਬੰਦੀ ਹਟਾਉਣ ਖ਼ਿਲਾਫ਼ ਕੇਰਲਾ ਹਾਈ ਕੋਰਟ ਦੇ ਬੈਂਚ ਕੋਲ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ। ਯਾਦ ਰਹੇ ਕਿ ਸਾਲ 2013 ਵਿੱਚ ਆਈਪੀਐਲ ਸਪਾਟ ਫਿਕਸਿੰਗ ਮਾਮਲੇ ਵਿਚ ਕਥਿਤ ਭੂਮਿਕਾ ਲਈ ਬੀਸੀਸੀਆਈ ਨੇ ਗੇਂਦਬਾਜ਼ ‘ਤੇ ਤਾਉਮਰ ਲਈ ਪਾਬੰਦੀ ਲਾ ਦਿੱਤੀ ਸੀ। ਲੰਘੇ ਸੋਮਵਾਰ ਨੂੰ ਕੇਰਲਾ ਹਾਈ ਕੋਰਟ ਦੇ ਇਕਹਿਰੇ ਬੈਂਚ ਨੇ ਸ੍ਰੀਸੰਤ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਕਿਹਾ ਸੀ। ਬੀਸੀਸੀਆਈ ਹਾਲਾਂਕਿ ਇਸ ਗੱਲ ‘ਤੇ ਬਜ਼ਿੱਦ ਹੈ ਕਿ ਉਹ ਇਸ ਤੇਜ਼ ਗੇਂਦਬਾਜ਼ ਨੂੰ ਮੈਦਾਨ ਵਿੱਚ ਤੁਰੰਤ ਵਾਪਸੀ ਦੀ ਇਜਾਜ਼ਤ ਅਜੇ ਨਹੀਂ ਦੇਵੇਗਾ।
ਬੋਰਡ ਦੇ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਬੋਰਡ ਦੀ ਕਾਨੂੰਨੀ ਟੀਮ ਨੇ ਕੇਰਲਾ ਹਾਈ ਕੋਰਟ ਦੇ ਹੁਕਮਾਂ ਦਾ ਅਧਿਐਨ ਕੀਤਾ ਹੈ। ਇਹ ਹੁਕਮ ਇਕਹਿਰੇ ਬੈਂਚ ਨੇ ਦਿੱਤੇ ਹਨ ਤੇ ਬੀਸੀਸੀਆਈ ਕੋਲ ਕੇਰਲ ਹਾਈ ਕੋਰਟ ਦੇ ਵੱਡੇ ਬੈਂਚ ਕੋਲ ਅਪੀਲ ਕਰਨ ਦਾ ਅਧਿਕਾਰ ਹੈ। ਲਿਹਾਜ਼ਾ ਅਸੀਂ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਾਂਗੇ।’ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਉੱਕਾ ਹੀ ਨਾ ਸਹਿਣ ਕਰਨ ਦੀ ਨੀਤੀ ਰਹੀ ਹੈ ਤੇ ਇਹੀ ਵਜ੍ਹਾ ਹੈ ਕਿ ਭਾਰਤ ਵੱਲੋਂ 27 ਟੈਸਟ, 53 ਇਕ ਰੋਜ਼ਾ ਤੇ ਦਸ ਟੀ-20 ਕੌਮਾਂਤਰੀ ਮੁਕਾਬਲੇ ਖੇਡਣ ਵਾਲੇ ਸ੍ਰੀਸੰਤ ਲਈ ਉਸ ਕੋਲ ਕੋਈ ਹਮਦਰਦੀ ਨਹੀਂ।