ਅੰਤਰਰਾਸ਼ਟਰੀ ਖੋਜ : ਸਾਂਝੇ ਪੰਜਾਬ ਦੇ ਧਰਤੀ ਹੇਠਲੇ ਪਾਣੀ ‘ਚ ਘੁਲਿਆ ਜਾਨਲੇਵਾ ਸੰਖੀਆ

ਅੰਤਰਰਾਸ਼ਟਰੀ ਖੋਜ : ਸਾਂਝੇ ਪੰਜਾਬ ਦੇ ਧਰਤੀ ਹੇਠਲੇ ਪਾਣੀ ‘ਚ ਘੁਲਿਆ ਜਾਨਲੇਵਾ ਸੰਖੀਆ

ਚੰਡੀਗੜ੍ਹ/ਬਿਊਰੋ ਨਿਊਜ਼ :
ਇਕ ਅੰਤਰ-ਰਾਸ਼ਟਰੀ ਖੋਜ ਨੇ ਇਹ ਖੁਲਾਸਾ ਕੀਤਾ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਵਸਦੇ ਲੋਕ ਅਜਿਹਾ ਪਾਣੀ ਵਰਤ ਰਹੇ ਹਨ ਜਿਸ ਵਿਚ ਵੱਡੇ ਪੱਧਰ ਉੱਤੇ ਸੰਖੀਆ(ਅਰਸੇਨਿਕ) ਘੁਲਿਆ ਹੋਇਆ ਹੈ।
ਸਟੇਟ ਆਫ ਦੀ ਪਲੈਨਟ, ਅਰਥ ਇੰਸਟੀਟਊਟ ਕੋਲੰਬੀਆ ਯੁਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਇਕ ਸੂਚਨਾ ਵਿਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਸੰਖੀਆ (ਅਰਸੇਨਿਕ) ਵੱਡੇ ਪੱਧਰ ਉੱਤੇ ਘੁਲ ਚੁੱਕਾ ਹੈ ਜੋ ਕਿ ਬਹੁਤ ਸਾਰੇ ਰੋਗਾਂ ਦਾ ਕਾਰਣ ਬਣਦਾ ਹੈ ਜੋ ਕਈਂ ਤਰ੍ਹਾਂ ਦੀਆਂ ਦਿਲ ਨਾਲ ਸਬੰਧਤ ਬਿਮਾਰੀਆਂ ਅਤੇ ਬੱਚਿਆਂ ਦੀ ਦਿਮਾਗੀ ਸ਼ਕਤੀ ‘ਤੇ ਅਸਰ ਕਰਦਾ ਹੈ।
ਇਹ ਖੋਜ ਇਹ ਖੁਲਾਸਾ ਕਰਦੀ ਹੈ ਕਿ ਪੰਜਾਬ ਦੇ ਖੂਹਾਂ ਵਿਚ ਸੰਖੀਆ ਕਿੰਨਾ ਵਧੇਰੇ ਆ ਚੁੱਕਿਆ ਹੈ ਅਤੇ ਇਸ ਨਾਲ ਹੁਣ ਕਿਵੇਂ ਨਜਿੱਠਿਆ ਜਾ ਸਕਦਾ ਹੈ।
ਇਸ ਖੋਜ ਅਨੂਸਾਰ, ਜਿਹੜੀ ਕਿ ਸਾਇੰਸ ਆਫ ਦੀ ਟੋਟਲ ਇਨਵਾਇਰਮੈਂਟ ਦੀ ਵੈਬਸਾਇਟ ਉੱਤੇ ਨਵੰਬਰ ਵਿਚ ਛਾਇਆ ਕੀਤੀ ਗਈ ਸੀ, ਕੋਲੰਬੀਆ ਯੁਨੀਵਰਸਿਟੀ ਦੇ ਭੋਂਇ ਵਿਗਿਆਨੀਆਂ ਨੇ ਸਾਊਥ-ਈਸਟ ਰਿਸਰਚ ਪ੍ਰੋਫੈਸਰਾਂ ਨਾਲ ਰਲ ਕੇ ਭਾਰਤ ਅਤੇ ਪਾਕਿਸਤਾਨ ਦੇ 400 ਪਿੰਡਾਂ ਦੇ 30000 ਤੋਂ ਵੀ ਵੱਧ ਪਾਣੀ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ। ਇਹ ਪਿੰਡ ਸਿੰਧੂ ਦਰਿਆ ਅਤੇ ਨਾਲ ਦੇ ਦਰਿਆਵਾਂ ਦੇ ਘੇਰੇ ਵਿਚ ਆਉਂਦੇ ਹਨ ਜਿਹੜੇ ਕਿ ਸੰਖੀਏ ਨੂੰ ਹਿਮਾਲਿਆ ਪਹਾੜਾਂ ਤੋਂ ਵਹਾ ਕੇ ਲਿਆਉਂਦੇ ਹਨ। ਬੰਗਲਾਦੇਸ਼ ਵਿਚ ਸੰਖੀਆ ਘੁਲੇ ਖੂਹ ਦੇ ਪਾਣੀ ਨਾਲ ਤਕਰੀਬਨ 40000 ਜਣਿਆਂ ਦੀ ਮੌਤ ਹੁੰਦੀ ਹੈ।ਇਹ ਪੰਜਾਬ ਵਿਚ ਘੱਟ ਉਮਰ ਦੇ ਲੋਕਾਂ ਦੀ ਮੌਤ ਦਾ ਕਾਰਣ ਵੀ ਹੋ ਸਕਦਾ ਹੈ।
ਕੋਲੰਬੀਆ ਯੁਨੀਵਰਸਿਟੀ ਦੇ ਖੋਜੀ ਪ੍ਰੋਫੈਸਰ ਲੈਕਸ ਵੈਨ ਜੀਨ ਦਾ ਕਹਿਣੈ ਕਿ ਇਸ ਦਾ ਸੌਖਾ ਹੱਲ ਇਹੋ ਹੈ ਕਿ ਪਿੰਡ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੁਰੱਖਿਅਤ ਖੂਹ ਕਿਹੜੇ ਹਨ ।
ਪੰਜਾਬ ਦੇ ਪਿੰਡਾਂ ‘ਚ ਖੋਜ ਕਰਨ ਗਏ “ਕਾਇਦ ਏ ਆਜ਼ਮ” ਯੁਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਇਹ ਸਲਾਹ ਦਿੱਤੀ ਐ ਕਿ ਉਹ ਨਮੂਨਿਆਂ ਦੀ ਜਾਂਚ ‘ਚ ਸੁਰੱਖਿਅਤ ਜਾਹਰ ਹੋਏ ਖੂਹਾਂ ਦੇ ਪਾਣੀ ਨੂੰ ਹੀ ਵਰਤਣ।
ਇਸ ਨਿਰੀਖਣ ਦੇ ਮੋਹਰੀ ਖੋਜੀਆਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਇਹ ਸੁਝਾਅ ਦਿੱਤਾ ਹੈ ਕਿ ਉਹ ਵੱਡੇ ਪੱਧਰ ਉੱਤੇ ਖੂਹਾਂ ਦੀ ਜਾਂਚ ਕਰਵਾਉਣ ਤਾਂ ਜੋ ਸੁਰੱਖਿਅਤ ਅਤੇ ਅਸੁਰੱਖਿਅਤ ਖੂਹਾਂ ਦਾ ਪਤਾ ਲੱਗ ਸਕੇ ।