ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀਆਂ ਨੇ ਮਲੀ ਕਾਲਖ

ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀਆਂ ਨੇ ਮਲੀ ਕਾਲਖ

ਕਾਂਗਰਸੀ ਆਗੂ ਵੱਲੋਂ ਦਸਤਾਰ ਦੀ ਬੇਅਦਬੀ
ਲੁਧਿਆਣਾ /ਬਿਊਰੋ ਨਿਊਜ਼ :
ਅਕਾਲੀ ਆਗੂਆਂ ਨੇ ਸ਼ਹਿਰ ਦੇ ਸਲੇਮ ਟਾਬਰੀ ਇਲਾਕੇ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲ਼ ਦਿੱਤੀ ਤੇ ਹੱਥਾਂ ਨੂੰ ਲਾਲ ਰੰਗ ਵਿਚ ਰੰਗ ਦਿੱਤਾ। ਕੁਝ ਸਮੇਂ ਬਾਅਦ ਇਕ ਕਾਂਗਰਸੀ ਲੀਡਰ ਨੇ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਧੋ ਕੇ ਸਾਫ਼ ਕੀਤਾ। ਸੱਜਣ ਕੁਮਾਰ ਨੂੰ ਸੰਨ 1984 ਦੇ ਸਿੱਖ ਕਤਲੇਆਮ ਦੇ ਦੋਸ਼ ਵਿਚ ਤਾ-ਉਮਰ ਕੈਦ ਤੋਂ ਬਾਅਦ ਅਕਾਲੀ ਲਗਾਤਾਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਿਵਾਰ ਦਾ ਬਚਾਅ ਕਰਦੇ ਆਏ ਹਨ। ਸਵੇਰੇ ਦੋ ਅਕਾਲੀ ਲੀਡਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲ਼ਣ ਪਿੱਛੋਂ ਰਾਜੀਵ ਗਾਂਧੀ ਦੇ ਸੰਨ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਹੋਣ ਨੂੰ ਇਸ ਦਾ ਕਾਰਨ ਦੱਸਿਆ।
ਮਿਲੀ ਜਾਣਕਾਰੀ ਮੁਤਾਬਕ ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਸਵੇਰੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲੇ-ਲਾਲ ਰੰਗ ਵਿਚ ਰੰਗਣ ਤੋਂ ਬਾਅਦ ਕਿਹਾ ਕਿ ਰਾਜੀਵ ਗਾਂਧੀ ਸੰਨ 1984 ‘ਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਸੀ। ਦੋਵਾਂ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਤੇ ਨਾ ਹੀ ਕਾਂਗਰਸ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਉਹ ਡਰਦੇ ਹਨ। ਅਕਾਲੀ ਲੀਡਰਾਂ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਇਸ ਕਾਰਨਾਮੇ ਦੀ ਨਿੰਦਾ ਕੀਤੀ ਤੇ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਸਥਾਨਕ ਲੀਡਰ ਗੁਰਸਿਮਰਨ ਸਿੰਘ ਮੰਡ ਨੇ ਗਾਂਧੀ ਦੇ ਬੁੱਤ ਨੂੰ ਦੁੱਧ ਨਾਲ ਸਾਫ ਕੀਤਾ। ਲੁਧਿਆਣਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਬਿੱਟੂ ਨੇ ਵੀ ਅਕਾਲੀਆਂ ਵੱਲੋਂ ਕੀਤੀ ਇਸ ਹਰਕਤ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੁਣ ਅਕਾਲੀ ਦਲ ਕੋਲ ਮੁੱਦੇ ਮੁੱਕ ਗਏ ਹਨ ਤੇ ਉਹ ਹੋਛੀ ਸਿਆਸਤ ‘ਤੇ ਉੱਤਰ ਆਇਆ ਹੈ।
ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਲੁਧਿਆਣਾ ਪੁਲਿਸ ਨੇ ਅੱਠ ਤੋਂ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਦੋ ਦੀ ਸ਼ਨਾਖ਼ਤ ਹੋਈ ਹੈ। ਲੁਧਿਆਣਾ ਦੇ ਉਪ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ ਨੇ ਦੱਸਿਆ ਕਿ ਮਾਮਲੇ ਵਿਚ ਐਫਆਈਆਰ ਨੰਬਰ 431, ਭਾਰਤੀ ਸੰਵਿਧਾਨ ਦੀ ਧਾਰਾ 153ਏ (ਆਈਪੀਸੀ) ਅਤੇ 68 ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਕਾਂਗਰਸੀ ਆਗੂ ਨੇ ਕੀਤੀ ਦਸਤਾਰ ਦੀ ਬੇਅਦਬੀ : ਰਾਜੀਵ ਗਾਂਧੀ ‘ਤੇ ਪੰਜਾਬ ਦੀ ਸਿਆਸਤ ਦਿਨ-ਬ-ਦਿਨ ਭਖ਼ਦੀ ਜਾ ਰਹੀ ਹੈ। ਜਿੱਥੇ ਅਕਾਲੀਆਂ ਨੇ ਲੁਧਿਆਣਾ ਸ਼ਹਿਰ ਵਿੱਚ ਲੱਗੇ ਹੋਏ ਰਾਜੀਵ ਦੇ ਬੁੱਤ ‘ਤੇ ਕਾਲਖ਼ ਮਲ਼ ਦਿੱਤੀ, ਉੱਥੇ ਹੀ ਕਾਂਗਰਸੀਆਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਲੱਗੇ ਕਾਲੇ ਤੇ ਲਾਲ ਰੰਗ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਸਿਰ ‘ਤੇ ਬੰਨ੍ਹੀ ਦਸਤਾਰ ਨਾਲ ਸਾਫ਼ ਵੀ ਕੀਤਾ।ਦਰਅਸਲ, ਰਾਜੀਵ ਗਾਂਧੀ ਦੇ ਬੁੱਤ ਨਾ ਅਜਿਹਾ ਵਤੀਰਾ ਦੇਖ ਕਾਂਗਰਸ ਦੇ ਲੀਡਰ ਗੁਰਸਿਮਰਨ ਸਿੰਘ ਮੰਡ ਨੇ ਵੀ ਚਾਪਲੂਸੀ ਦੀ ਹੱਦ ਕਰਦਿਆਂ ਹੋਇਆ ਤੁਰੰਤ ਗਾਂਧੀ ‘ਤੇ ਬੁੱਤ ‘ਤੇ ਲੱਗੀ ਕਾਲਖ਼ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਸਿਰ ‘ਤੇ ਬੰਨ੍ਹੀ ਦਸਤਾਰ ਨਾਲ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਵੀ ਕੀਤੀ। ਇਹ ਸ਼ਖ਼ਸ ਕਾਂਗਰਸ ਦੇ ਪੰਜਾਬ ਸਥਾਨਕ ਸਰਕਾਰਾਂ ਸੈੱਲ ਦਾ ਉਪ-ਪ੍ਰਧਾਨ ਰਹਿ ਚੁੱਕਾ ਹੈ ਅਤੇ ਉੱਤਰ ਭਾਰਤ ਜ਼ੋਨ ਦੇ ਸੈਂਸਰ ਬੋਰਡ ਦਾ ਮੈਂਬਰ ਵੀ ਰਹਿ ਚੁੱਕਾ ਹੈ।
ਚੰਗੇ ਅਹੁਦਿਆਂ ‘ਤੇ ਰਹਿ ਚੁੱਕੇ ਗੁਰਸਿਮਰਨ ਸਿੰਘ ਮੰਡ ਨੇ ਦਸਤਾਰ ਦੀ ਅਹਿਮੀਅਤ ਨਾ ਸਮਝੀ ਤੇ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਕਰ ਦਿੱਤੀ। ਉਨ੍ਹਾਂ ਆਪਣੇ ਇਸ ‘ਭੱਦਰ ਕਾਰੇ’ ਦੀ ਵੀਡੀਓ ਆਪਣੇ ਫੇਸਬੁੱਕ ਖਾਤੇ ‘ਤੇ ਲਾਈਵ ਵੀ ਸਾਂਝੀ ਕੀਤੀ ਤੇ ਖ਼ੁਦ ਨੂੰ ਗਾਂਧੀ ਪਰਿਵਾਰ ਦਾ ਸੱਚਾ ਸਿਪਾਹੀ ਦੱਸਿਆ ਅਤੇ ਬੁੱਤ ‘ਤੇ ਕਾਲਖ਼ ਮਲਣ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਉਂਝ, ਕਿਸੇ ਜ਼ਖ਼ਮੀ ਵਿਅਕਤੀ ਦਾ ਵਹਿੰਦਾ ਖ਼ੂਨ ਰੋਕਣ ਜਾਂ ਕਿਸੇ ਡੁੱਬਦੇ ਨੂੰ ਬਚਾਉਣ ਲਈ ਪੱਗ ਦੀ ਵਰਤੋਂ ਕੀਤੇ ਜਾਣ ਦੀਆਂ ਖ਼ਬਰਾਂ ਅਕਸਰ ਸੁਣੀਆਂ ਹਨ ਅਤੇ ਲੋਕ ਅਜਿਹੇ ਕਾਰਨਾਮਿਆਂ ਦੀ ਤਾਰੀਫ਼ ਵੀ ਕਰਦੇ ਹਨ ਪਰ ਮੰਡ ਵੱਲੋਂ ਦਸਤਾਰ ਦੀ ਮਰਿਆਦਾ ਦਾ ਖ਼ਿਆਲ ਨਾ ਰੱਖਣ ਕਰ ਕੇ ਉਨ੍ਹਾਂ ਦੇ ਇਸ ਕਾਰੇ ਦੀ ਸੋਸ਼ਲ ਮੀਡੀਆ ‘ਤੇ ਰੱਜ ਕੇ ਆਲੋਚਨਾ ਹੋ ਰਹੀ ਹੈ। ਉਨ੍ਹਾਂ ਦੇ ਕਈ ਸਮਰਥਕ ਵੀ ਵੀਡੀਓ ਹੇਠ ਕੁਮੈਂਟ ਵਿਚ ਇਹੋ ਸਲਾਹ ਦੇ ਰਹੇ ਹਨ ਕਿ ਪੱਗ ਦੀ ਥਾਂ ਕੱਪੜੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਪਰ ਗੁਰਸਿਮਰਨ ਸਿੰਘ ਮੰਡ ਵੱਲੋਂ ਲਿਖੇ ਵਾਕ, ‘ਗਾਂਧੀ ਪਰਿਵਾਰ ਨੂੰ ਮੇਰਾ ਸਲੂਟ! ਮੈਂ ਹਾਂ ਸੱਚਾ ਕਾਂਗਰਸੀ’ ਤੋਂ ਮਾਮਲਾ ਸਿਆਸੀ ਲਾਹਾ ਲੈਣ ਵਾਲਾ ਜਾਪਦਾ ਹੈ।