ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ ਸੱਜਣ ਕੁਮਾਰ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਹੋਏ

ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ਵਿਚ ਸੱਜਣ ਕੁਮਾਰ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਹੋਏ
ਸੱਜਣ ਕੁਮਾਰ

ਨਵੀਂ ਦਿੱਲੀ: ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸਬੰਧਿਤ ਇਕ ਹੋਰ ਮਾਮਲੇ ਵਿਚ ਦਿੱਲੀ ਦੀ ਜ਼ਿਲ੍ਹਾ ਅਦਾਲਤ ਨੇ 28 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ ਵਿਚ ਸੱਜਣ ਕੁਮਾਰ ਨੂੰ ਲੰਬੀ ਅਦਾਲਤੀ ਲੜਾਈ ਮਗਰੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਹੁਣ ਸੱਜਣ ਕੁਮਾਰ ਦਿੱਲੀ ਦੀ ਬੁੜੈਲ ਜ਼ੇਲ੍ਹ ਵਿਚ ਨਜ਼ਰਬੰਦ ਹੈ। 

ਦਿੱਲੀ ਜ਼ਿਲ੍ਹਾ ਅਦਾਲਤ ਵਿਚ ਜੱਜ ਪੂਰਨਿਮਾ ਏ ਬਾਂਬਾ ਨੇ ਸਿੱਖ ਕਤਲੇਆਮ ਦੌਰਾਨ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਕਤਲ ਕੀਤੇ ਗਏ ਸਿੱਖ ਸੁਰਜੀਤ ਸਿੰਘ ਦੇ ਕਤਲ ਮਾਮਲੇ ਵਿਚ ਦੋਸ਼ੀ ਸੱਜਣ ਕੁਮਾਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿਚ ਸੱਜਣ ਕੁਮਾਰ ਸਮੇਤ ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ਖਿਲਾਫ ਸਿੱਖ ਕਤਲੇਆਮ ਦੌਰਾਨ ਕਤਲ ਅਤੇ ਫਸਾਦ ਦੀਆਂ ਧਾਰਾਵਾਂ ਅਧੀਨ ਮਾਮਲਾ ਚੱਲ ਰਿਹਾ ਹੈ।

ਅੱਜ ਇਸ ਮਾਮਲੇ ਦੀ ਅਦਾਲਤ ਵਿਚ ਸੁਣਵਾਈ ਸੀ, ਪਰ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸੱਜਣ ਕੁਮਾਰ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ। ਇਸ ਲਈ ਜੱਜ ਨੇ ਸੱਜਣ ਕੁਮਾਰ ਖਿਲਾਫ ਵਾਰੰਟ ਜਾਰੀ ਕਰਕੇ ਉਸਨੂੰ 28 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। 

ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਭਾਰਤ ਦੇ ਹੋਰ ਵੱਡੇ ਸ਼ਹਿਰਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਦੇ ਇਰਾਦੇ ਨਾਲ ਵੱਡਾ ਕਤਲੇਆਮ ਕੀਤਾ ਗਿਆ ਸੀ ਜਿਸ ਨੂੰ ਉਸ ਸਮੇਂ ਦੀ ਭਾਰਤੀ ਕੇਂਦਰੀ ਹਕੂਮਤ ਦੀ ਸ਼ਹਿ ਹੇਠ ਭਾਰਤ ਦੇ ਰਾਜਨੀਤਕ ਆਗੂਆਂ ਨੇ ਪੂਰੇ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤਾ ਸੀ।