ਸ਼ੱਟਡਾਊਨ ਦੇ ਝੰਬੇ ਸਰਕਾਰੀ ਮੁਲਾਜ਼ਮਾਂ ਲਈ ਸਿੱਖਾਂ ਨੇ ਲਗਾਇਆ ਲੰਗਰ

ਸ਼ੱਟਡਾਊਨ ਦੇ ਝੰਬੇ ਸਰਕਾਰੀ ਮੁਲਾਜ਼ਮਾਂ ਲਈ ਸਿੱਖਾਂ ਨੇ ਲਗਾਇਆ ਲੰਗਰ

ਸਾਂ ਅੰਤੋਨੀਓ ਗੁਰਦੁਆਰੇ ਵਿਚ ਲੰਗਰ ਲਈ ਪ੍ਰਸ਼ਾਦੇ ਤਿਆਰ ਕਰਦੀਆਂ ਹੋਈਆਂ ਬੀਬੀਆਂ।
ਹਿਊਸਟਨ/ਬਿਊਰੋ ਨਿਊਜ਼ :
ਸਿੱਖ ਕੌਮ ਦੇ ਨਿਆਰੇਪਣ ਦੇ ਬਹੁਤ ਸਾਰੇ ਰੰਗਾਂ ਵਿਚੋਂ ਇਕ ”ਗੁਰੂ ਕਾ ਲੰਗਰ” ਦੁਨੀਆ ਭਰ ਵਿਚ ਹਰ ਧਰਮ, ਨਸਲ, ਰੰਗ ਤੇ ਜਾਤੀ ਦੇ ਲੋਕਾਂ ਲਈ ਔਖੀਆਂ ਘੜੀਆਂ ਵਿਚ ਸਹਾਰਾ ਬਣ ਜਾਂਦਾ ਹੈ। ਅਜਿਹੀ ਹੀ ਇਕ ਮਿਸਾਲ ਇਨ੍ਹੀ ਦਿਨੀਂ ਉਦੋਂ ਦੇਖਣ ਨੂੰ ਮਿਲੀ ਜਦੋਂ ਟੈਕਸਸ ਦੇ ਸਾਂ ਅੰਤੋਨੀਓ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਇਕ ਨਿਵੇਕਲੇ ਉੱਦਮ ਤਹਿਤ ਲੰਗਰ ਲਗਾ ਕੇ ਤਿੰਨ ਦਿਨ ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਦਾ ਢਿੱਡ ਭਰਿਆ। ਇਹ ਸੈਂਕੜੇ ਮੁਲਾਜ਼ਮ, ਸਦਰ ਡੋਨਲਡ ਟਰੰਪ ਦੀ ‘ਕੰਧ ਦੀ ਅੜੀ’ ਨੂੰ ਲੈ ਕੇ ਫੰਡਾਂ ਦੀ ਘਾਟ ਦੇ ਚੱਲਦਿਆਂ ਸਰਕਾਰ ਦੀ ਆਰਜ਼ੀ ਤਾਲਾਬੰਦੀ (ਸ਼ੱਟਡਾਊਨ) ਮਗਰੋਂ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਹਨ। ਪਿਛਲੇ ਤਿੰਨ ਹਫ਼ਤਿਆਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਅਹਿਮ ਵਿਭਾਗਾਂ ‘ਚ ਕੰਮ ਕਰਦੇ ਅੱਠ ਲੱਖ ਤੋਂ ਵੱਧ ਸੰਘੀ ਮੁਲਾਜ਼ਮ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਨੇ ਬਿਨਾ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਸਾਰੇ ਸੰਘੀ ਮੁਲਾਜ਼ਮਾਂ ਜਾਂ ਆਰਜ਼ੀ ਤਾਲਾਬੰਦੀ ਕਰਕੇ ਫਰਲੋ ਮਾਰਨ ਵਾਲੇ ਮੁਲਾਜ਼ਮਾਂ ਲਈ ਲੰਗਰ ਲਗਾ ਕੇ ਉਨ੍ਹਾਂ ਦਾ ਢਿੱਡ ਭਰਿਆ। ਤਿੰਨ ਦਿਨ ਲਈ ਲਾਏ ਗਏ ਲੰਗਰ ਵਿਚ ਤਾਜ਼ਾ ਤੇ ਗਰਮ ਸ਼ਾਕਾਹਾਰੀ ਖਾਣਾ ਵਰਤਾਇਆ ਗਿਆ। ਸਿੱਖ ਭਾਈਚਾਰੇ ਨੇ ਲੰਗਰ ਲਈ ਗੁਰਦੁਆਰੇ ਦੇ ਮੀਨੂ ਮੁਤਾਬਕ ਵਸਤਾਂ ਜਿਵੇਂ ਮਸਰਾਂ ਦੀ ਦਾਲ, ਸਬਜ਼ੀਆਂ, ਚੌਲ ਤੇ ਪ੍ਰਸ਼ਾਦੇ ਤਿਆਰ ਕੀਤੇ। ਸਾਂ ਅੰਤੋਨੀਓ ਦੇ ਗੁਰਦੁਆਰੇ ਦੇ ਪ੍ਰਧਾਨ ਬਲਵਿੰਦਰ ਢਿੱਲੋਂ ਨੇ ਦੱਸਿਆ ਕਿ ‘ਸਿੱਖ ਭਾਈਚਾਰਾ ਉਨ੍ਹਾਂ ਸੰਘੀ ਮੁਲਾਜ਼ਮਾਂ ਦੇ ਨਾਲ ਡਟ ਕੇ ਖੜ੍ਹਾ ਹੈ, ਜਿਨ੍ਹਾਂ ਨੂੰ ਅਜੇ ਤਕ ਤਨਖਾਹਾਂ ਨਹੀਂ ਮਿਲੀਆਂ।’ ਸਾਂ ਅੰਤੋਨੀਓ ਦਾ ਸਿੱਖ ਸੈਂਟਰ ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਜੋ ਸੰਨ 2001 ਵਿਚ ਸਥਾਪਤ ਕੀਤਾ ਗਿਆ ਸੀ। ਗੁਰਦੁਆਰੇ ਵੱਲੋਂ ਨਵੇਂ ਪਰਵਾਸੀਆਂ ਨੂੰ ਵੀ ਉਨ੍ਹਾਂ ਦੀ ਲੋੜ ਮੁਤਾਬਕ ਖਾਣਾ, ਕੱਪੜੇ ਤੇ ਆਸਰਾ ਦਿੱਤਾ ਜਾਂਦਾ ਹੈ।