ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵੱਲੋਂ ਪੰਥਕ ਕਨਫੈਡਰੇਸ਼ਨ ਦਾ ਐਲਾਨਨਾਮਾ ਜਾਰੀ

ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵੱਲੋਂ ਪੰਥਕ ਕਨਫੈਡਰੇਸ਼ਨ ਦਾ ਐਲਾਨਨਾਮਾ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ ਇਸ ਦਾ ਅਗਲਾ ਪੜਾਅ ਆਖੀ ਜਾਂਦੀ ਪੰਥਕ ਕਨਫੈਡਰੇਸ਼ਨ ਦਾ ਐਲਾਨ ਕੀਤਾ ਗਿਆ ਹੈ। ਪੰਥਕ ਕਨਫੈਡਰੇਸ਼ਨ ਦੇ ਪ੍ਰਬੰਧਕਾਂ ਵਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਵਿਚ ‘ਪੰਥਕ ਕਨਫੈਡਰੇਸ਼ਨ” ਦਾ ਐਲਾਨਨਾਮਾ ਜਾਰੀ ਕੀਤਾ ਹੈ।
ਪੰਥਕ ਕਨਫੈਡਰੇਸ਼ਨ ਦਾ ਐਲਾਨਨਾਮਾ ਜਾਰੀ ਕਰਨ ਸਮੇਂ ਕਿਹਾ ਗਿਆ ਕਿ

ਪਿਛਲੇ ਸਾਲ 20-21 ਅਕਤੂਬਰ, 2018 ਨੂੰ ਅੰਮ੍ਰਿਤਸਰ ਵਿਚ ਵੱਖ ਵੱਖ ਸਿੱਖ ਧਿਰਾਂ ਅਤੇ ਗਰੁੱਪਾਂ ਦੀ ‘ਪੰਥਕ ਅਸੈਂਬਲੀ’ ਹੋਈ ਸੀ। ਇਸ ਤੋਂ ਉਤਸ਼ਾਹਿਤ ਹੋ ਕੇ ਅਤੇ ਚਿਰਾਂ ਤੋਂ ਸਾਂਝੇ ਪੰਥਕ ਪਲੇਟਫਾਰਮ ਦੀ ਅਣਹੋਂਦ ਨੂੰ ਧਿਆਨ ਵਿਚ ਰੱਖਦਿਆਂ ਸਿੱਖ ਬੁੱਧੀਜੀਵੀਆਂ ਨੇ ਪੰਥਕ ਅਸੈਂਬਲੀ ਦਾ ਵਿਸਥਾਰ ਕਰਕੇ ਪੰਥਕ ਕਨਫੈਡਰੇਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਕਨਫੈਡਰੇਸ਼ਨ ਸਰਬ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਮੰਨਣ ਵਾਲੀਆਂ ਸਿੱਖ ਧਿਰਾਂ ਨੂੰ ਇੱਕ ਪਲੇਟਫਾਰਮ ਉਤੇ ਲਿਆ ਕੇ ਸਿੱਖ ਪੰਥ ਦੀ ਸਾਂਝੀ ਸੋਚ ਨੂੰ ਬੁਲੰਦ ਕਰੇਗੀ ਅਤੇ ਉਸ ਉਤੇ ਪਹਿਰਾ ਵੀ ਦੇਵੇਗੀ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਸਿਆਸਤ ਦਾ ਆਪਸੀ ਅਟੁੱਟ ਰਿਸ਼ਤਾ ਹੈ। ਇਸ ਕਰਕੇ ਪੰਥਕ ਕਨਫੈਡਰੇਸ਼ਨ ਪੰਥ ਦੀ ਆਜ਼ਾਦ ਹਸਤੀ ਅਤੇ ਸਿੱਖ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਲਈ ਅਤੇ ਸਿੱਖ ਭਾਈਚਾਰੇ ਦੀ ਬਣਦੀ ਸਿਆਸੀ ਸਪੇਸ ਨੂੰ ਹਾਸਲ ਕਰਨ ਲਈ ਸਮੇਂ ਸਮੇਂ ਲੋੜ ਅਨੁਸਾਰ ਸਿਆਸਤ ਵਿਚ ਸਰਗਰਮ ਰੋਲ ਨਿਭਾਏਗੀ।
ਇਸ ਦੇ ਨਾਲ ਹੀ ਕਨਫੈਡਰੇਸ਼ਨ ਪੰਜਾਬ ਤੋਂ ਬਾਹਰ ਦੇਸ਼-ਵਿਦੇਸ਼ ਵਿਚ ਆਪਣੇ ਯੂਨਿਟ ਖੜ੍ਹੇ ਕਰੇਗੀ। ਸਿੱਖ ਧਾਰਮਿਕ ਅਦਾਰਿਆਂ ਦੀ ਪਾਕੀਜ਼ਗੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਹਮੇਸ਼ਾ ਤਤਪਰ ਰਹੇਗੀ। ਕਨਫੈਡਰੇਸ਼ਨ ਪੰਜਾਬ ਦੇ ਪਾਣੀਆਂ ਸਮੇਤ ਕੁਦਰਤੀ ਸਾਧਨਾਂ ਤੇ ਸਮੂਹ ਪੰਜਾਬੀ ਲੋਕਾਂ, ਖਾਸ ਕਰਕੇ ਦਲਿਤਾਂ ਦੀ ਆਰਥਿਕ, ਮਾਨਸਿਕ ਅਤੇ ਆਤਮਿਕ ਲੁੱਟ ਦਾ ਵਿਰੋਧ ਕਰੇਗੀ। ਪੰਧਕ ਆਗੂਆਂ ਨੇ ਕਿਹਾ ਕਿ ਅਸਲ ਵਿਚ, ਅਜੋਕੀ ਵਿੱਦਿਆ ਬੱਚਿਆਂ ਨੂੰ ਸਾਮਰਾਜੀ ਖਪਤਕਾਰੀ ਮਸ਼ੀਨ ਦੇ ਪੁਰਜ਼ੇ ਬਣਾ ਕੇ ਮੁਨਾਫੇ ਲਈ ਹਾਬੜੀ ਸਾਮਰਾਜੀ ਮਸ਼ੀਨ ਵਿਚ ਫਿੱਟ ਕਰ ਰਹੀ ਹੈ। ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਲਿਆ ਕੇ ਪੰਜਾਬੀਆਂ ਨੂੰ ਮਹਿੰਗੇ ਇਲਾਜਾਂ ਦੇ ਵਸ ਪਾਇਆ ਜਾ ਰਿਹਾ ਹੈ। ਰੂਹਾਨੀਅਤ ਵਿਹੂਣੀ ਇਸ ਜੀਵਨ ਜਾਚ ਤੋਂ ਸਤੇ ਬੱਚੇ ਨਸ਼ੇੜੀ ਬਣਦੇ ਜਾ ਰਹੇ ਹਨ ਅਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ।

ਇਸ ਸਾਰੇ ਕੁੱਝ ਨੂੰ ਧਿਆਨ ਵਿਚ ਰੱਖ ਕੇ ਪੰਥਕ ਕਨਫੈਡਰੇਸ਼ਨ ਪੰਜਾਬ ਦੇ ਮੌਜੂਦਾ ਜਾਤ-ਪਾਤ ਸਿਸਟਮ ਨੂੰ ਤੋੜ ਕੇ, ਮਾਨਵਤਾ ਦੇ ਕਲਿਆਣ ਲਈ ਹਮੇਸ਼ਾ ਉੱਦਮਸ਼ੀਲ ਰਹੇਗੀ ਅਤੇ ਸਾਰਿਆਂ ਨਾਲ ਰਲ-ਮਿਲ ਕੇ ਸਿੱਖ ਪੰਥ ਦੀ ਵਿਚਾਰਧਾਰਕ ਦਿਸ਼ਾ ਤਹਿ ਕਰਨ ਦੇ ਯਤਨ ਕਰੇਗੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਪੰਥਕ ਕਨਫੈਡਰੇਸ਼ਨ ਹਮੇਸ਼ਾ ਯਤਨਸ਼ੀਲ ਰਹੇਗੀ। ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਦਖਲ-ਅੰਦਾਜ਼ੀ ਕਿਵੇਂ ਕੀਤੀ ਜਾਵੇ, ਇਸ ਦਾ ਫੈਸਲਾ ਫਰਵਰੀ ਦੇ ਪਹਿਲੇ ਹਫਤੇ ਪੰਥਕ ਅਸੈਂਬਲੀ ਬੁਲਾ ਕੇ ਕੀਤਾ ਜਾਵੇਗਾ। ਜਥੇਦਾਰ ਸੁਖਦੇਵ ਸਿੰਘ ਭੌਰ ਪੰਥਕ ਕਨਫੈਡਰੇਸ਼ਨ ਦੇ ਕਨਵੀਨਰ ਅਤੇ ਨਵਕਿਰਨ ਸਿੰਘ ਐਡਵੋਕੇਟ ਤੇ ਪੱਤਰਕਾਰ ਜਸਪਾਲ ਸਿੰਘ ਦੋਵੇਂ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਣਗੇ।