ਸਿੱਖ ਸੰਗਤਾਂ ਵੱਲੋਂ ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਸਿਜਦਾ

ਸਿੱਖ ਸੰਗਤਾਂ ਵੱਲੋਂ ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਸਿਜਦਾ

ਸ੍ਰੀ ਚਮਕੌਰ ਸਾਹਿਬ /ਬਿਊਰੋ ਨਿਊਜ਼ :
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਤਿੰਨ ਪਿਆਰੇ ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਹਿੰਮਤ ਸਿੰਘ ਤੇ 40 ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਚ ਤਿੰਨ ਦਿਨਾ ਤਕ ਚੱਲਿਆ ਸ਼ਹੀਦੀ ਜੋੜ ਮੇਲ ਸਮਾਪਤ ਹੋ ਗਿਆ। ਇਥੇ ਮੌਜੂਦ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਗੜ੍ਹੀ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਤਾੜੀ ਸਾਹਿਬ, ਸ੍ਰੀ ਰੰਜੀਤਗੜ੍ਹ ਸਾਹਿਬ, ਸ਼ਹੀਦ ਬੁਰਜ ਬਾਬਾ ਜੀਵਨ ਸਿੰਘ, ਸ੍ਰੀ ਬੁੰਗਾ ਸਾਹਿਬ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਜੋੜ-ਮੇਲ ਦੀ ਸਮਾਪਤੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਰ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿਚ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਰਵਾਇਤ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ।
ਜ਼ਿਕਰਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਯਾਦ ਵਿਚ ਸ਼ਹੀਦੀ ਜੋੜ ਮੇਲ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ਵਿਚ ਗੁ. ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜੋੜ-ਮੇਲ ਹੁੰਦਾ ਹੈ।