‘ਅਬ ਨਹੀਂ’ : ਪਰਵਾਸੀ ਪਤੀਆਂ ਦੀਆਂ ਸਤਾਈਆਂ ਪੰਜਾਬਣਾਂ ਦੇ ਦਰਦ ਦੀ ਹੂਕ

‘ਅਬ ਨਹੀਂ’ : ਪਰਵਾਸੀ ਪਤੀਆਂ ਦੀਆਂ ਸਤਾਈਆਂ ਪੰਜਾਬਣਾਂ ਦੇ ਦਰਦ ਦੀ ਹੂਕ

ਜਲੰਧਰ/ਬਿਊਰੋ ਨਿਊਜ਼ :
ਪਿਛਲੇ ਤਿੰਨ ਕੁ ਦਹਾਕਿਆਂ ‘ਚ ਪੰਜਾਬ ਦੀਆਂ ਹਜ਼ਾਰਾਂ ਧੀਆਂ ਨੂੰ ਪਰਵਾਸੀ ਲਾੜਿਆਂ ਦੀ ਬੇਵਫਾਈ ਦਾ ਅਜਿਹਾ ਡੰਗ ਵੱਜਿਆ ਹੈ ਕਿ ਉਹ ਦਰ-ਦਰ ਭਟਕ ਰਹੀਆਂ ਹਨ। ਆਖਿਰ ਹੁਣ ਇਨ੍ਹਾਂ ਪੀੜਤ ਔਰਤਾਂ ਨੇ ਹੋਣੀ ਅੱਗੇ ਸਿਰ ਸੁੱਟ ਕੇ ਜਿਊਣ ਦੀ ਥਾਂ ਸਿਰ ਉਠਾ ਕੇ ਚੱਲਣ ਦਾ ਬੀੜਾ ਚੁੱਕਿਆ ਹੈ ਤੇ ਉਨ੍ਹਾਂ ‘ਅਬ ਨਹੀਂ’ ਵੈਲਫ਼ੇਅਰ ਸੁਸਾਇਟੀ ਕਾਇਮ ਕਰ ਲਈ ਹੈ। ਇਸ ਸੰਸਥਾ ਦੀ ਮੀਟਿੰਗ ਤੋਂ ਬਾਅਦ ਤਿੰਨ ਦਰਜਨ ਦੇ ਕਰੀਬ ਪੀੜਤ ਔਰਤਾਂ ਨੇ ਪੱਤਰਕਾਰਾਂ ਨਾਲ ਆਪਣੇ ਦੁੱਖ ਸਾਂਝੇ ਕਰਦਿਆਂ ਦੱਸਿਆ ਕਿ ਪਤੀ ਹੀ ਨਹੀਂ, ਸਹੁਰੇ, ਪੁਲਿਸ, ਅਦਾਲਤਾਂ ਤੇ ਸਰਕਾਰਾਂ ਸਾਰੇ ਹੀ ਜਿਵੇਂ ਉਨ੍ਹਾਂ ਦੇ ਵੈਰੀ ਬਣ ਗਏ ਹਨ।
ਸੰਸਥਾ ਦੀ ਪ੍ਰਧਾਨ ਲੁਧਿਆਣਾ ਦੇ ਪਿੰਡ ਟੂਸਾ ਦੀ ਵਾਸੀ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਯੂਕਰੇਨ ‘ਚ ਰਹਿੰਦੇ ਅਰਵਿੰਦਰ ਪਾਲ ਸਿੰਘ ਨਾਲ ਉਹ ਸੰਨ 2009 ‘ਚ ਵਿਆਹੀ ਗਈ ਸੀ। ਇਕ ਸਾਲ ਬਾਅਦ ਹੀ ਪਤੀ ਧੋਖਾ ਦੇ ਕੇ ਸਦਾ ਲਈ ਪਛਤਾਵੇ ਵਾਲੀ ਜ਼ਿੰਦਗੀ ਜਿਊਣ ਲਈ ਛੱਡ ਗਿਆ। ਅਦਾਲਤੀ ਮੁਕੱਦਮੇ ਰਾਹੀਂ 10 ਹਜ਼ਾਰ ਰੁਪਏ ਖ਼ਰਚਾ ਤੇ ਇਕ ਮਕਾਨ ਮਿਲਿਆ ਪਰ ਸਹੁਰੇ ਘਰ ਵਾਲਿਆਂ ਪਤੀ ਨੂੰ ਬੇਦਖ਼ਲ ਕਰਕੇ ਮਕਾਨ ‘ਚੋਂ ਵੀ ਕੱਢ ਦਿੱਤਾ ਤੇ ਖ਼ਰਚਾ ਵੀ ਕਦੇ ਨਹੀਂ ਮਿਲਿਆ। ਰਾਜਪੁਰਾ ਸ਼ਹਿਰ ਦੀ ਹਰਪ੍ਰੀਤ ਕੌਰ ਨਾਲ ਵੀ ਇਹੀ ਬੀਤੀ। ਉਹ ਜਰਮਨ ਰਹਿੰਦੇ ਰਣਜੀਤ ਸਿੰਘ ਨਾਲ ਵਿਆਹੀ ਸੀ। ਇਕ ਸਾਲ ਬਾਅਦ ਉਹ ਛੱਡ ਗਿਆ। ਅਦਾਲਤ ਵਲੋਂ ਲਾਇਆ ਖ਼ਰਚਾ ਉਸ ਨੂੰ ਕਦੇ ਨਹੀਂ ਮਿਲਿਆ ਤੇ ਪਤੀ ਨੇ ਪਲਾਟ ਤੇ ਜ਼ਮੀਨ ਵੀ ਛੋਟੇ ਭਰਾ ਤੇ ਭੈਣਾਂ ਦੇ ਨਾਂ ਕਰ ਦਿੱਤੀ ਹੈ। ਹੰਝੂ ਕੇਰਦੀ ਜਗਰਾਵਾਂ ਦੀ ਸੀਮਾ ਨੇ ਦੱਸਿਆ ਕਿ ਕੁਵੈਤ ਰਹਿੰਦਾ ਲਖਬੀਰ ਸਿੰਘ ਉਸ ਨੂੰ ਛੱਡ ਗਿਆ ਤੇ ਉਸ ਕੋਲ ਪੰਜ ਸਾਲ ਦੀ ਪੁੱਤਰੀ ਹੈ। ਉਹ ਵੀ ਕਹਿ ਰਹੀ ਸੀ ਕਿ ਕਾਨੂੰਨ ਜਾਂ ਸਰਕਾਰ ਨੇ ਸਾਡਾ ਕਦੇ ਪੱਖ ਨਹੀਂ ਪੂਰਿਆ। ਉੋ ਮੁਤਾਬਕ, ”ਮੈਂ ਤਾਂ ਹੁਣ ਲੜਾਈ ਇਸ ਲਈ ਲੜ ਰਹੀ ਹਾਂ ਕਿ ਕਿਤੇ ਮੇਰੀ ਬੱਚੀ ਦਾ ਭਵਿੱਖ ਵੀ ਮੇਰੇ ਵਾਲਾ ਨਾ ਬਣ ਜਾਵੇ।” ਗੁਰਦਾਸਪੁਰ ਦੀ ਨੌਜਵਾਨ ਸਰਬਜੀਤ ਕੌਰ 9 ਸਾਲ ਦੀ ਪੁੱਤਰੀ ਦੀ ਮਾਂ ਹੈ, ਉਸ ਦਾ ਪਤੀ ਦਲੇਰ ਸਿੰਘ ਕੈਨੇਡਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਦਲੇਰ ਨੇ ਮੁਸਲਿਮ ਧਰਮ ਅਪਣਾ ਕੇ ਉੱਥੇ ਹੋਰ ਵਿਆਹ ਕਰਵਾ ਲਿਆ ਹੈ। ਲੁਧਿਆਣਾ ਦੀ ਹਰਪਿੰਦਰ ਕੌਰ ਦਾ ਸੰਨ 2006 ‘ਚ ਹਾਲੈਂਡ ਰਹਿੰਦੇ ਐਨਆਰਆਈ. ਨਾਲ ਵਿਆਹ ਹੋਇਆ ਸੀ, ਉਸ ਦੀ 9 ਸਾਲ ਦੀ ਬੇਟੀ ਹੈ ਪਰ ਪਤੀ ਤੇ ਸਹੁਰਾ ਪਰਿਵਾਰ ਦੋਵਾਂ ਨੇ ਧਿਰਕਾਰ ਛੱਡਿਆ ਹੈ। ਹੋਰ ਅਨੇਕਾਂ ਔਰਤਾਂ ਦੀਆਂ ਵੀ ਇਹੋ ਜਿਹੀਆਂ ਹੀ ਕਹਾਣੀਆਂ ਸਨ।
ਇਸ ਤਰ੍ਹਾਂ ਪ੍ਰਵਾਸੀ ਪੰਜਾਬੀ ਲਾੜਿਆਂ ਵਲੋਂ ਧਿਰਕਾਰੀਆਂ 32 ਹਜ਼ਾਰ ਦੇ ਕਰੀਬ ਔਰਤਾਂ ਦੀ ਦਾਸਤਾਨ ਬੇਹੱਦ ਦਰਦਨਾਕ ਹੈ। ਇਨਸਾਫ਼ ਤੇ ਘਰ ਵਸਾਉਣ ਲਈ ਦਰ-ਦਰ ਭਟਕਦੀਆਂ ਫਿਰਦੀਆਂ ਹਟਕੋਰੇ ਲੈਂਦੀਆਂ ਇਹ ਧੀ-ਧਿਆਣੀਆਂ ਤੇ ਉਨ੍ਹਾਂ ਦੇ ਬੱਚੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਵਿਆਹ ਕਰਵਾ ਕੇ ਵਿਦੇਸ਼ੀਂ ਜਾ ਵੜੇ ਅਜਿਹੀਆਂ ਮੰਦਭਾਗੀਆਂ ਔਰਤਾਂ ਦੇ ਪਤੀ ਮੁੜ ਕੇ ਨਹੀਂ ਬਹੁੜੇ ਤੇ ਉਹ ਸਹੁਰੇ ਪਰਿਵਾਰਾਂ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤੀਆਂ। ਸਹੁਰੇ ਪਰਿਵਾਰਾਂ ਨੇ ਧੋਖੇ ਨਾਲ ਉਨ੍ਹਾਂ ਦੇ ਪਤੀਆਂ ਦੀਆਂ ਜਾਇਦਾਦਾਂ ਨਣਦ ਜਾਂ ਦਿਉਰ ਦੇ ਨਾਂਅ ਚੜ੍ਹਾ ਦਿੱਤੀਆਂ। ਥਾਣਿਆਂ ਤੇ ਕਚਹਿਰੀ ਕਿਤੇ ਵੀ ਉਨ੍ਹਾਂ ਦੀ ਬਾਤ ਨਹੀਂ ਪੁੱਛੀ ਜਾ ਰਹੀ। ਅਨੇਕਾਂ ਪਤਨੀਆਂ ਅਤੇ ਆਸ਼ਰਤ ਬੱਚਿਆਂ ਨੇ ਅਦਾਲਤ ਦਾ ਬੂਹਾ ਖੜਕਾ ਕੇ ਖ਼ਰਚੇ ਤਾਂ ਬੰਨ੍ਹਵਾ ਲਏ ਪਰ ਪੱਲੇ ਕਿਸੇ ਦੇ ਅੱਜ ਤੱਕ ਫੁੱਟੀ ਕੌਡੀ ਵੀ ਨਹੀਂ ਪਈ। ਸਰਕਾਰਾਂ ਨੇ ਅਨੇਕ ਵਾਰ ਬਿਆਨ ਤਾਂ ਦਿੱਤੇ ਹਨ ਕਿ ਅਜਿਹੇ ਪ੍ਰਵਾਸੀ ਪੰਜਾਬੀ ਲਾੜਿਆਂ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਹਵਾਲਗੀ ਲਈ ਅੱਜ ਤਕ ਇਕ ਵੀ ਕੇਸ ਸਾਹਮਣੇ ਨਹੀਂ ਆਇਆ।
‘ਅਬ ਨਹੀਂ’ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਧਿਰਕਾਰੀਆਂ ਧੀਆਂ ਦੇ ਕੇਸ 6 ਮਹੀਨੇ ‘ਚ ਨਿਪਟਾਏ ਜਾਣ ਲਈ ਫ਼ਾਸਟ ਟਰੈਕ ਅਦਾਲਤਾਂ ਬਣਨ ਤੇ ਧੋਖਾ ਦੇਣ ਵਾਲੇ ਪਤੀਆਂ ਨੂੰ ਵਾਪਸ ਲਿਆਉਣ ਲਈ ਸਖ਼ਤ ਕਾਨੂੰਨ ਬਣੇ। ਪਤੀਆਂ ਤੇ ਸਹੁਰਿਆਂ ਵਲੋਂ ਧਿਰਕਾਰੇ ਜਾਣ ਕਾਰਨ ਬੇਸਹਾਰਾ ਹੋਈਆਂ ਇਨ੍ਹਾਂ ਔਰਤਾਂ ਦੇ ਮੁੜ ਵਸੇਬੇ ਲਈ ਕਾਨੂੰਨ ਪਾਸ ਹੋਵੇ ਜਿਸ ਤਹਿਤ ਹਰ ਔਰਤ ਨੂੰ ਗੁਜ਼ਾਰਾ ਭੱਤਾ, ਸਰਕਾਰੀ ਘਰ (ਰੈਣ ਬਸੇਰਾ) ਅਤੇ ਬੱਚਿਆਂ ਦੀ ਪੜ੍ਹਾਈ ਦਾ ਮੁਫ਼ਤ ਪ੍ਰਬੰਧ ਹੋਵੇ। ਉਨ੍ਹਾਂ ਕਿਹਾ ਕਿ ਧਾਰਾ 497 ਖ਼ਤਮ ਕਰਕੇ ਪੱਛਮੀ ਦੇਸ਼ਾਂ ਦੀ ਨਕਲ ਕੀਤੀ ਗਈ ਹੈ ਪਰ ਪੱਛਮੀ ਦੇਸ਼ਾਂ ਵਾਂਗ ਸਰਕਾਰ ਨਿਆਸਰਾ ਔਰਤਾਂ ਤੇ ਬੱਚਿਆਂ ਦੇ ਵਸੇਬੇ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਵੇ। ਉਨ੍ਹਾਂ ਕਿਹਾ ਕਿ ਅਸੀਂ ਹਰ ਜ਼ਿਲ੍ਹੇ ਵਿਚ ਜਾ ਕੇ ਔਰਤਾਂ ਨੂੰ ਲਾਮਬੰਦ ਕਰਾਂਗੀਆਂ ਅਤੇ ਚੋਣਾਂ ਦੌਰਾਨ ਵੋਟਾਂ ਮੰਗਣ ਵਾਲੀਆਂ ਪਾਰਟੀਆਂ ਸਾਹਮਣੇ ਵੀ ਪੱਖ ਰੱਖਾਂਗੀਆਂ।