ਬਾਦਲਕਿਆਂ ਦੇ ‘ਲਾਡਲੇ ਲੌਂਗੋਵਾਲ’ ਕੋਲ ਹੀ ਰਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

ਬਾਦਲਕਿਆਂ ਦੇ ‘ਲਾਡਲੇ ਲੌਂਗੋਵਾਲ’ ਕੋਲ ਹੀ ਰਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

ਸੁਖਬੀਰ ਨੇ ਪਾਰਟੀ, ਐਸਜੀਪੀਸੀ ਤੇ ਦਮਦਮੀ ਟਕਸਾਲ ਨੂੰ ਪਤਿਆਉਣ ਦੀ ਕੀਤੀ ਕੋਸ਼ਿਸ਼
ਬਾਗੀਆਂ ਦੇ ਨਜ਼ਦੀਕੀਆਂ ਨੂੰ ਵੰਡੀਆਂ ਅਹੁਦਿਆਂ ਦੀਆਂ ਰਿਉੜੀਆਂ
ਬੀਬੀ ਕਿਰਨਜੋਤ ਕੌਰ ਨਾਲ ਬਦਸਲੂਕੀ

ਅੰਮ੍ਰਿਤਸਰ ਤੋਂ ਅਮਨਦੀਪ ਕੌਰ ਦੀ ਵਿਸ਼ੇਸ਼ ਰਿਪੋਰਟ

ਐਤਕੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਗੁਣਾ ਕਾਬਜ਼ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ, ਜਾਂ ਜੀ ਹਜ਼ੂਰੀਆ ਵੀ ਕਹਿ ਸਕਦੇ ਹਾਂ, ਭਾਈ ਗੋਬਿੰਦ ਸਿੰਘ ਲੌਂਗੋਵਾਲ ਉਤੇ ਹੀ ਪਿਆ ਹੈ। ਇਸ ਬਾਰੇ ਪਹਿਲਾਂ ਹੀ ਚਰਚਾ ਸੀ ਅਤੇ ਵਧੇਰੇ ਉਮੀਦ ਵੀ ਸੀ, ਕਿਉਂਕਿ ਮਾਝੇ ਅਤੇ ਮਾਲਵੇ ਵਿੱਚ ਟਕਸਾਲੀਆਂ ਦੀ ਬਗਾਵਤ ਮਗਰੋਂ ਅਜਿਹਾ ਕੋਈ ਚਿਹਰਾ ਫਿਲਹਾਲ ਬਾਦਲਾਂ ਨੂੰ ਨਹੀਂ ਦਿਖ ਰਿਹਾ ਸੀ ਜੋ ਉਨ੍ਹਾਂ ਪ੍ਰਤੀ ਵਫਾਦਾਰੀ ਦੇ ਨਾਲ-ਨਾਲ ਕੋਈ ਵਿਵਾਦ ਖੜ੍ਹੇ ਕਰਨ ਵਾਲਾ ਵੀ ਨਾ ਹੋਵੇ। ਲੌਂਗੋਵਾਲ ਦੀ ਦੁਬਾਰਾ ਨਿਯੁਕਤੀ ਨਾਲ ਸੁਖਬੀਰ ਸਿੰਘ ਬਾਦਲ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਵਿੰਨ੍ਹੇ ਜਾਪਦੇ ਹਨ। ਲੌਂਗੋਵਾਲ ਨੂੰ ਦੁਬਾਰਾ ਜ਼ਿਮੇਵਾਰੀ ਸਂੌਪ ਕੇ ਸੰਗਰੂਰ ਹਲਕੇ ‘ਚ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਨਾਲ ਹੋਣ ਵਾਲੇ ਨੁਕਸਾਨ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੂਜਾ ਭਾਈ ਲੌਂਗੋਵਾਲ ਨੂੰ ਨਾ ਹਟਾ ਕੇ ਇਸ ਅਹੁਦੇ ਲਈ ਹੱਥ-ਪੈਰ ਮਾਰ ਰਹੇ ਦੂਜੇ ਆਗੂਆਂ ਵਿਚੋਂ ਕਿਸੇ ਦੀ ਨਿਯੁਕਤੀ ਕਰਨਾ ਜੋਖਿਮ ਭਰਿਆ ਹੋ ਸਕਦਾ ਸੀ, ਇਸ ਕਰਕੇ ਫਿਲਹਾਲ ਮੁੜ ਲੌਂਗੋਵਾਲ ਦੀ ਨਿਯੁਕਤੀ ਕਰਕੇ ਮਾਮਲਾ ਸ਼ਾਂਤ ਰੱਖ ਲਿਆ ਗਿਆ। ਤੀਜਾ ਅਕਾਲੀ ਦਲ ਦੇ ਮੌਜੂਦਾ ਬਗਾਵਤੀ ਸੰਕਟ ਵਿਚ ਲੌਂਗੋਵਾਲ ਵੱਲੋਂ ਚੁਣੌਤੀ ਬਣ ਜਾਣ ਦਾ ਭੋਰਾ ਵੀ ਖਤਰਾ ਨਹੀਂ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਪੇਸ਼ ਕੀਤਾ। ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਦੀ ਤਾਇਦ ਕੀਤੀ। ਹਾਲਾਂਕਿ ਇਹ ਵੀ ਜਾਪਿਆ ਕਿ ਇਸ ਉਤੇ ਨਾ ਤਾਂ ਬੀਬੀ ਜਗੀਰ ਕੌਰ ਖੁਸ਼ ਸੀ ਤੇ ਨਾ ਜਥੇਦਾਰ ਮੱਕੜ। ਉਹ ਕਾਰਵਾਈ ਪੂਰੀ ਹੋਣ ਤੋਂ ਤੁਰੰਤ ਉਥੋਂ ਚਲੇ ਵੀ ਗਏ।
ਹੋਰ ਅਹੁਦੇਦਾਰ : ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਿੱਕਰ ਸਿੰਘ ਚੰਨੋ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂਵਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਕਾਰਜਕਾਰੀ ਮੈਂਬਰਾਂ ਵਿੱਚ ਗੁਰਮੀਤ ਸਿੰਘ ਤ੍ਰਿਲੋਕੇਵਾਲ, ਭੁਪਿੰਦਰ ਸਿੰਘ. ਜਰਨੈਲ ਸਿੰਘ, ਜਗਜੀਤ ਸਿੰਘ ਤਲਵੰਡੀ, ਖੁਸ਼ਵਿੰਦਰ ਸਿੰਘ ਭਾਟੀਆ, ਅਮਰੀਕ ਸਿੰਘ, ਜਸਵੀਰ ਕੌਰ ਜੱਫਰਵਾਲ, ਤਾਰਾ ਸਿੰਘ ਸਿੱਲਾ, ਅਮਰੀਕ ਸਿੰਘ ਕੋਟਸ਼ਮੀਰ, ਭਾਈ ਮਨਜੀਤ ਸਿੰਘ ਤੇ ਸ਼ਿੰਗਾਰਾ ਸਿੰਘ ਲੋਹੀਆ ਸ਼ਾਮਲ ਹਨ।
ਬਾਦਲਾਂ ਨੇ ਪਾਰਟੀ, ਐਸਜੀਪੀਸੀ ਤੇ ਦਮਦਮੀ ਟਕਸਾਲ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ : ਸੁਖਬੀਰ ਬਾਦਲ ਨੇ ਸਿਆਸੀ ਦਾਅ ਖੇਡਦਿਆਂ ਅਕਾਲੀ ਦਲ, ਐਸਜੀਪੀਸੀ ਤੇ ਦਮਦਮੀ ਟਕਸਾਲ ਨੂੰ ਪਤਿਆ ਕੇ ਰੱਖਣ ਲਈ ਨਵੇਂ ਐਸਜੀਪੀਸੀ ਅਹੁਦੇਦਾਰਾਂ ਦੀ ਚੋਣ ਕੀਤੀ ਦਿਖ ਰਹੀ ਹੈ। ਦਮਦਮੀ ਟਕਸਾਲ ਦੇ 13ਵੇਂ ਮੁਖੀ ਗਿਆਨੀ ਕਰਤਾਰ ਸਿੰਘ ਖਾਲਸਾ ਦੇ ਪੁੱਤਰ ਭਾਈ ਮਨਜੀਤ ਸਿੰਘ ਨੂੰ ਬ੍ਰਹਮਪੁਰਾ, ਅਜਨਾਲਾ, ਸੇਖਵਾਂ ਧੜੇ ਨਾਲੋਂ ਤੋੜਨ ਲਈ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ। ਬ੍ਰਹਮਪੁਰਾ ਦੇ ਭਾਣਜੇ ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਖਡੂਰ ਸਾਹਿਬ ਦਾ ਹਲਕਾ ਇੰਚਾਰਜ ਲਾ ਕੇ ਅਗਲੀ ਚੋਣ ਲੜਾਉਣ ਦਾ ਭਰੋਸਾ ਦਿੱਤਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਪ੍ਰਛਾਵੇਂ ਵਾਂਗ ਵਿਚਰਦੇ ਰਹੇ ਗੁਰਬਚਨ ਸਿੰਘ ਕਰਮੂਵਾਲਾ ਨੂੰ ਐਸਜੀਪੀਸੀ ਸੈਕਟਰੀ ਲਾ ਦਿੱਤਾ ਗਿਆ ਹੈ, ਤਾਂ ਜੋ ਉਹ ਬਾਦਲ ਪਰਿਵਾਰ ਨਾਲ ਨਜ਼ਦੀਕੀ ਬਣਾਈ ਰੱਖੇ।
ਦਰਅਸਲ ਸੁਖਬੀਰ ਬਾਦਲ ਨੇ ਪਾਰਟੀ ਅੰਦਰਲੇ ਸਭ ਧੜਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਕੁਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਇਸ ਨਾਲ ਕੁਝ ਪੁਰਾਣੇ ਚਿਹਰਿਆਂ ‘ਤੇ ਉਦਾਸੀ ਜ਼ਰੂਰ ਨਜ਼ਰ ਆਈ ਕਿਉਂਕਿ ਉਹ ਮੁੜ ਅਹੁਦਿਆਂ ‘ਤੇ ਨਜ਼ਰ ਲਾਈ ਬੈਠੇ ਸੀ।

ਕੁਝ ਜਾਣਕਾਰੀ ਭਾਈ ਲੌਂਗੋਵਾਲ ਬਾਰੇ : ਦੂਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਸੰਤ ਹਰਚਨ ਸਿੰਘ ਲੌਂਗੋਵਾਲ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਗੋਬਿੰਦ ਸਿੰਘ ਸਾਲ 2000 ਦੌਰਾਨ ਬਾਦਲ ਸਰਕਾਰ ਵਿਚ ਸੂਬੇ ਦੇ ਸਿੰਚਾਈ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰਾਈਵੇਟ ਤੌਰ ‘ਤੇ ਗ੍ਰੈਜੂਏਸ਼ਨ ਕਰ ਚੁੱਕੇ ਗੋਬਿੰਦ ਸਿੰਘ ਲੌਂਗੋਵਾਲ ਸਾਲ 1987 ਵਿਚ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਤੇ ਸਾਲ 2009 ਵਿਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਹਨ।
ਲੌਂਗੋਵਾਲ ਸਾਲ 1985, 1997 ਅਤੇ 2002 ਵਿਚ ਧਨੌਲਾ ਤੋਂ ਜਿੱਤ ਪ੍ਰਾਪਤ ਕਰਕੇ ਵਿਧਾਇਕ ਰਹੇ। ਇਸ ਤੋਂ ਬਾਅਦ ਸੰਨ 2007 ਅਤੇ 2012 ਵਿਚ ਲਗਾਤਾਰ ਦੋ ਵਾਰ ਚੋਣਾਂ ਹਾਰ ਗਏ। ਇਸ ਦਰਮਿਆਨ ਸੰਨ 2015 ਵਿਚ ਸੰਗਰੂਰ ਵਿਚ ਜ਼ਿਮਨੀ ਚੋਣ ਹੋਈ। ਇਥੇ ਫਿਰ ਅਕਾਲੀ ਦਲ ਵਲੋਂ ਲੌਂਗੋਵਾਲ ‘ਤੇ ਕਿਸਮਤ ਅਜ਼ਮਾਈ ਗਈ ਅਤੇ ਇਸ ਚੋਣ ਵਿਚ ਲੌਂਗੋਵਾਲ ਨੇ ਫਤਿਹ ਹਾਸਲ ਕੀਤੀ। ਸੰਨ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਭਾਈ ਲੌਂਗੋਵਾਲ ਨੂੰ ਸੁਨਾਮ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ। ਸੂਬੇ ਵਿਚ ਹੋਈਆਂ ਬੇਅਦਬੀਆਂ ਦਾ ਸੇਕ ਭਾਈ ਲੌਂਗੋਵਾਲ ਤੱਕ ਵੀ ਪਹੁੰਚਿਆ ਅਤੇ ਉਹ ਚੋਣ ਹਾਰ ਗਏ।

ਬੀਬੀ ਕਿਰਨਜੋਤ ਕੌਰ ਨਾਲ ਬਦਸਲੂਕੀ, ਮਾਈਕ ਖੋਹਿਆ : ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕਮੇਟੀ ਮੈਂਬਰ ਬੀਬਾ ਕਿਰਨਜੋਤ ਕੌਰ ਹੁਰਾਂ ਤੋਂ ਮਾਈਕ੍ਰੋਫ਼ੋਨ ਖੋਹ ਲਿਆ ਗਿਆ। ਕਿਰਨਜੋਤ ਕੌਰ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ 20 ਤੋਂ ਵੀ ਵੱਧ ਮੈਂਬਰਾਂ ਨੇ ਉਸਦੀ ਖਿੱਚ-ਧੂਹ ਕੀਤੀ। ਦਰਅਸਲ, ਬੀਬਾ ਕਿਰਨਜੋਤ ਕੌਰ ਇਸ ਵੇਲੇ ਉੱਘੇ ਸਿੱਖ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਦੇ ਹੱਕ ਵਿੱਚ ਡਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਬਾ ਕਿਰਨਜੋਤ ਕੌਰ ਨੇ ਆਖਿਆ ਕਿ ਦਰਜਨਾਂ ਮੈਂਬਰਾਂ ਨੇ ਚੀਖ-ਚੀਖ ਕੇ ਮੈਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ। ਮੇਰਾ ਬੋਲਣਾ ਬੰਦ ਕਰਵਾਉਣ ਲਈ ਇੱਕ ਗ੍ਰੰਥੀ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਮੈਨੂੰ ਉਹ ਮੁੱਦਾ ਵੀ ਉਠਾਉਣ ਨਹੀਂ ਦਿੱਤਾ ਕਿ ਏਅਰ-ਕੈਨੇਡਾ ਦੀ ਕੌਮਾਂਤਰੀ ਉਡਾਣ ਵਿੱਚ ਕੋਈ ਸਿੰਘ ਤੇ ਸਿੰਘਣੀ ਬਹੁਤ ਆਰਾਮ ਨਾਲ ਤੇ ਬਿਨਾ ਕਿਸੇ ਪਾਬੰਦੀ ਦੇ ਕ੍ਰਿਪਾਨ ਆਪਣੇ ਨਾਲ ਲਿਜਾ ਸਕਦੇ ਹਨ ਪਰ ਭਾਰਤ ਵਿਚ ਹੀ ਜੇ ਕਿਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ, ਤਾਂ ਸਿੱਖ ਹਵਾਈ ਯਾਤਰੀ ਦੀ ਕ੍ਰਿਪਾਨ ਵੀ ਪਹਿਲਾਂ ਹੀ ਲੁਹਾ ਦਿੱਤੀ ਜਾਂਦੀ ਹੈ।
ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਇੱਕ ਪ੍ਰੋਜੈਕਟ ਦੇ ਮੁਖੀ ਦੇ ਅਹੁਦੇ ਤੋਂ ਡਾ ਕ੍ਰਿਪਾਲ ਸਿੰਘ ਨੂੰ ਬਰਤਰਫ਼ ਕਰ ਦਿੱਤਾ ਸੀ ਕਿਉਂਕਿ ਅਕਾਲੀ ਦਲ ਦੋਸ਼ ਲਾਉਂਦਾ ਆ ਰਿਹਾ ਹੈ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚ ਸਿੱਖ ਗੁਰੂ ਸਾਹਿਬਾਨ ਬਾਰੇ ਗ਼ਲਤ ਜਾਣਕਾਰੀਆਂ ਦਰਜ ਕੀਤੀਆਂ ਗਈਆਂ ਹਨ ਤੇ ਪਾਠ-ਪੁਸਤਕਾਂ ਤਿਆਰ ਕਰਨ ਵਾਲੀ ਪੰਜਾਬ ਸਰਕਾਰ ਦੀ ਕਮੇਟੀ ਦੇ ਮੁਖੀ ਵੀ ਕ੍ਰਿਪਾਲ ਸਿੰਘ ਹੀ ਸਨ। ਜਦੋਂ ਇਸ ਮੁੱਦੇ ਉੱਤੇ ਬੀਬਾ ਕਿਰਨਜੋਤ ਕੌਰ ਗੱਲ ਕਰਨ ਲੱਗੇ ਤਾਂ ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਬੀਬਾ ਕਿਰਨਜੋਤ ਕੌਰ ਤੋਂ ਮਾਈਕ ਖੋਹ ਕੇ ਸਵਿੱਚ ਆਫ਼ ਕਰ ਦਿੱਤਾ ਸੀ।
ਬੈਂਸ ਨੇ ਕੀਤਾ ਹੰਗਾਮਾ : ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਲੁਧਿਆਣਾ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਏ। ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਅਰੇ ਲਾਉਂਦੇ ਇਜਲਾਸ ਤੋਂ ਬਾਹਰ ਚਲੇ ਗਏ। ਮਹਿੰਦਰ ਸਿੰਘ ਹੁਸੈਨੀਵਾਲਾ ਵੀ ਹਾਊਸ ਦੀ ਕਾਰਵਾਈ ਵਿੱਚ ਹਿੱਸਾ ਲਏ ਬਗੈਰ ਵਾਪਸ ਪਰਤੇ ਤੇ ਨਾਅਰੇਬਾਜ਼ੀ ਕਰਦੇ ਇਜਲਾਸ ਨੂੰ ਵਿੱਚੇ ਛੱਡ ਦਿੱਤਾ। ਸੇਵਾ ਸਿੰਘ ਸੇਖਵਾਂ ਵੀ ਜਨਰਲ ਇਜਲਾਸ ਵਿੱਚੋਂ ਗ਼ੈਰ ਹਾਜ਼ਰ ਰਹੇ।
ਲਿਫਾਫਾ ਕਲਚਰ ਜਾਇਜ਼ ਕਰਾਰ : ਸਿੱਖ ਸੰਸਥਾਵਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਬਜ਼ੇ ਦੇ ਨਾਲ-ਨਾਲ ਇਹ ਗੱਲ ਵੀ ਮਸ਼ਹੂਰ ਹੈ ਕਿ ਸਾਰੇ ਅਹੁਦੇਦਾਰ ਬਾਦਲਾਂ ਦੀ ਜੇਬ ਵਾਲੇ ਲਿਫਾਫੇ ਵਿਚੋਂ ਹੀ ਨਿਕਲਦੇ ਹਨ। ਉਧਰ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ‘ਲਿਫਾਫਾ ਕਲਚਰ’ ਨੂੰ ਜਮਹੂਰੀ ਤਰੀਕਾ ਕਰਾਰ ਦਿੱਤਾ ਹੈ। ਅਕਾਲੀ ਦਲ ਕਹਿਣਾ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਮੈਂਬਰਾਂ ਵੱਲੋਂ ਦਿੱਤੇ ਅਧਿਕਾਰ ਦੀ ਵਰਤੋਂ ਕਰਦਿਆਂ ਆਪਣੀ ਰਾਏ ਇਸ ਢੰਗ ਤਰੀਕੇ ਨਾਲ ਮੈਂਬਰਾਂ ਕੋਲ ਪੁੱਜਦੀ ਕੀਤੀ ਜਾਂਦੀ ਹੈ। ਇਸ ਲਈ ਇਹ ਕੋਈ ਗਲਤ ਤਰੀਕਾ ਨਹੀਂ ਹੈ। ਇਸ ਬਾਰੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਇਹ ਜਮਹੂਰੀ ਤਰੀਕਾ ਹੈ। ਇਸ ਵਿੱਚ ਇੱਕ-ਇੱਕ ਮੈਂਬਰ ਕੋਲੋਂ ਉਸ ਦੇ ਵਿਚਾਰ ਪੁੱਛੇ ਗਏ ਹਨ। ਉਨ੍ਹਾਂ ਕਿਹਾ ਕਿ ‘ਲਿਫਾਫਾ ਕਲਚਰ’ ਵੀ ਜਮਹੂਰੀ ਤਰੀਕਾ ਹੀ ਹੈ।
ਵਿਰੋਧੀ ਧਿਰ ਨੇ ਕੀਤਾ ਵਿਰੋਧ : ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਵਿਰੋਧੀ ਧਿਰ ਨੇ ਬਹੁ ਗਿਣਤੀ ਮੈਂਬਰਾਂ ਉੱਤੇ ‘ਪੰਥ-ਪ੍ਰਸਤ’ ਹੋਣ ਦੀ ਥਾਂ ‘ਬਾਦਲ-ਪ੍ਰਸਤ’ ਹੋਣ ਦਾ ਦੋਸ਼ ਲਾਉਂਦਿਆਂ ਇਜਲਾਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ।  ਲਗਪਗ 15 ਮੈਂਬਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਇਥੇ ਪੁੱਜੇ ਸਨ ਪਰ ਉਨ੍ਹਾਂ ਨੇ ਮੀਟਿੰਗ ਮਗਰੋਂ ਇਜਲਾਸ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ। ਭੌਰ ਨੇ ਆਖਿਆ ਕਿ ਬਹੁਗਿਣਤੀ ਮੈਂਬਰ ਪੰਥ-ਪ੍ਰਸਤ ਹੋਣ ਦੀ ਥਾਂ ‘ਬਾਦਲ-ਪ੍ਰਸਤ’ ਹਨ। ਇਸ ਲਈ ਇਜਲਾਸ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਚੋਣ ਇਜਲਾਸ ਵਿਚ ਜਾਣ ਦਾ ਕੋਈ ਲਾਭ ਨਹੀਂ। ਉਹ ਆਪਣੇ ਪੱਧਰ ‘ਤੇ ਹੀ ਸੀਮਤ ਸਾਧਨਾਂ ਰਾਹੀਂ ਪੰਥ-ਪ੍ਰਸਤੀ ਦਾ ਹੋਕਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸੰਨ 2017 ਵਿਚ ਜਨਰਲ ਇਜਲਾਸ ਵਿਚ ਵਿਰੋਧੀ ਧਿਰ ਨੇ ਆਪਣੀ ਹੋਂਦ ਦਿਖਾਉਂਦਿਆਂ ਉਮੀਦਵਾਰ ਮੈਦਾਨ ਵਿਚ ਖੜ੍ਹੇ ਕੀਤੇ ਸਨ ਪਰ ਇਸ ਦੇ ਬਾਵਜੂਦ ਬਹੁਗਿਣਤੀ ਮੈਂਬਰਾਂ ਦੀ ਸੋਚ ਵਿਚ ਕੋਈ ਬਦਲਾਅ ਨਹੀਂ ਆਇਆ।
ਤੇਜਾ ਸਿੰਘ ਸਮੁੰਦਰੀ ਹਾਲ ਵਿਚ  ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸਿਰਫ 15 ਮਿੰਟ ਦੀ ਕਾਰਵਾਈ ਵਿਚ ਹੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਦੀ ਬਿਨਾਂ ਕਿਸੇ ਵਿਰੋਧ ਦੇ ਚੋਣ ਹੋ ਗਈ। ਸਮੁੱਚਾ ਇਜਲਾਸ ਸਿਰਫ ਇਕ ਘੰਟੇ ਵਿਚ ਸਮਾਪਤ ਹੋ ਗਿਆ।
ਲੌਂਗੋਵਾਲ ਨੇ ਕਈ ਵਾਅਦੇ ਤੇ ਮੰਗਾਂ ਦੁਹਰਾਈਆਂ : ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੌਂਗੋਵਾਲ ਨੇ ਆਖਿਆ ਕਿ ਇਸ ਵਰ੍ਹੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਅਤੇ ਇਕਜੁੱਟਤਾ ਨਾਲ ਮਨਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਪੰਜਾਬ ਸਰਕਾਰ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਨਗੇ ਕਿ ਗੁਰਪੁਰਬ ਇਕ ਮੰਚ ਤੋਂ ਹੀ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਮਨਾਇਆ ਜਾਵੇ। ਇਸ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੰਗਤ ਵਾਸਤੇ ਖੋਲ੍ਹਣ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਇਹ ਮਾਮਲਾ ਕੇਂਦਰੀ ਕਮੇਟੀ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਵੀ ਰੱਖਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਇਕ ਵਫਦ ਪਾਕਿਸਤਾਨ ਭੇਜੇਗੀ, ਜਿਥੇ ਪਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਪ੍ਰੋਗਰਾਮ ਸਾਂਝੇ ਤੌਰ ‘ਤੇ ਮਨਾਉਣ ਬਾਰੇ ਗੱਲਬਾਤ ਕੀਤੀ ਜਾਵੇਗੀ। ਬਰਗਾੜੀ ਮੋਰਚੇ ਬਾਰੇ ਉਨ੍ਹਾਂ ਆਖਿਆ ਕਿ ਸਮੁੱਚੇ ਸਦਨ ਵੱਲੋਂ ਬਰਗਾੜੀ ਘਟਨਾ ਅਤੇ ਬੇਅਦਬੀ ਘਟਨਾਵਾਂ ਦੀ ਨਿੰਦਾ ਕੀਤੀ ਗਈ ਹੈ। ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੇ ਖੇਤਰ ਵਿਚ ਵੀ ਵਿਸ਼ੇਸ਼ ਉਪਰਾਲੇ ਕਰੇਗੀ ਤਾਂ ਜੋ ਨਵੀਂ ਪੀੜ੍ਹੀ ਅਤੇ ਪਤਿਤ ਹੋ ਰਹੇ ਸਿੱਖ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ। ਸਿੱਖ ਸੰਸਥਾ ਨਸ਼ਿਆਂ ਦੇ ਰੁਝਾਨ ਨੂੰ ਖਤਮ ਕਰਨ ਲਈ ਵੀ ਗੰਭੀਰਤਾ ਨਾਲ ਉਸਾਰੂ ਯਤਨ ਕਰੇਗੀ। ਉਪਰੰਤ ਉਨ੍ਹਾਂ ਨਵੇਂ ਚੁਣੇ ਗਏ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

ਅਕਾਲੀ ਬਾਗੀਆਂ ਦੇ ਸੁਰ ਹੋਏ ਤਿੱਖੇ : ਖੋਲ੍ਹਣਗੇ ਜੀਜੇ-ਸਾਲੇ ਦੀਆਂ ਪੋਲਾਂ
ਚੰਡੀਗੜ੍ਹ : ਆਖਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉੱਤੇ ਸਵਾਲ ਚੁੱਕਣ ਵਾਲੇ ਮਾਝੇ ਦੇ ਦੋ ਟਕਸਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਜਥੇਦਾਰ ਡਾ. ਰਤਨ ਸਿੰਘ ਅਜਨਾਲਾ ਨੂੰ ਪੁੱਤਰਾਂ ਸਮੇਤ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਛੇ ਸਾਲਾਂ ਲਈ ਕੱਢ ਦਿੱਤਾ ਹੈ। ਪਿਛਲੇ ਹਫ਼ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗ਼ਾਵਤ ਦਾ ਬਿਗਲ ਵਜਾਉਣ ਵਾਲੇ ਟਕਸਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਸੀ।
ਕੋਰ ਕਮੇਟੀ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਮਾਝੇ ਵਿਚ ਵੱਡੀ ਢਾਹ ਲੱਗਣ ਦੇ ਆਸਾਰ ਹਨ, ਉਥੇ ਇਨ੍ਹਾਂ ਆਗੂਆਂ ਕੋਲ ਹੁਣ ਨਵੀਂ ਪਾਰਟੀ ਬਣਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ।
ਅਕਾਲੀ ਸੀ-ਅਕਾਲੀ ਹੀ ਰਹਾਂਗੇ : ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ਦਾ ਉਸ ਦਿਨ ਹੀ ਪਤਾ ਸੀ ਜਦੋਂ ਉਨ੍ਹਾਂ ਨੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ। ਅਸੀਂ ਕੁਝ ਦਿਨਾਂ ਵਿਚ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰਾਂਗੇ। ਸਾਡੇ ਪੱਲੇ ਸੱਚ ਹੈ ਤੇ ਪਾਪੀਆਂ ਕੋਲ ਕੋਈ ਜੁਆਬ ਨਹੀਂ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਢਾਹ ਲਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਥਾਰਿਟੀ ਦਾ ਸਤਿਆਨਾਸ ਕਰਨ ਵਿਰੁਧ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਅਸਤੀਫ਼ਾ ਮੰਗਿਆ । ਉਨ੍ਹਾਂ ਆਖਿਆ ਕਿ ਉਹ ਅਕਾਲੀ ਪੈਦਾ ਹੋਏ ਸਨ, ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ।
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਪਾਰਟੀ ਨੇ ਪੰਜ ਸਾਲ ਪਹਿਲਾਂ ਹੀ ਵਿਸਾਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਪਾਰਟੀ ‘ਤੇ ਇਸ ਵੇਲੇ ਇਕ ਪਰਿਵਾਰ ਦਾ ਰਾਜ ਬਣਿਆ ਹੋਇਆ ਹੈ ਅਤੇ ਤਾਨਾਸ਼ਾਹੀ ਫ਼ੈਸਲੇ ਕੀਤੇ ਜਾ ਰਹੇ ਹਨ ਜਿਸ ਦਾ ਉਨ੍ਹਾਂ ਪਾਰਟੀ ਹਿੱਤ ਕਾਰਨ ਵਿਰੋਧ ਕੀਤਾ ਹੈ।

ਮਜੀਠੀਆ ਦੀ ਨਸ਼ਾ ਤਸਕਰਾਂ ਨਾਲ ਸਾਂਝ – ਬੋਨੀ : ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਨੇ ਕਿਹਾ ਕਿ ਸੁਖਬੀਰ ਤੇ ਮਜੀਠੀਆ ਨੇ ਅਕਾਲੀ ਦਲ ਨੂੰ  ਹਾਈਜੈੱਕ ਕੀਤਾ ਹੈ। ਉਹ ਸੁਖਬੀਰ, ਮਜੀਠੀਆ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਨਕਾਬ ਕਰਨਗੇ।
ਬੋਨੀ ਅਜਨਾਲਾ ਨੇ ਇਲਜ਼ਾਮ ਲਾਇਆ ਕਿ ਬਿਕਰਮ ਮਜੀਠੀਆ ਦੇ ਘਰ ਹੀ ਨਸ਼ਾ ਤਸਕਰ ਸੱਤਾ ਤੇ ਪਿੰਦੀ ਉਨ੍ਹਾਂ ਨੂੰ ਮਿਲੇ ਸੀ। ਬੋਨੀ ਨੇ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਦੀ ਗਰੀਨ ਐਵੇਨਿਊ ਵਾਲੀ ਰਿਹਾਇਸ਼ ‘ਤੇ ਚਿੱਟੇ ਦਾ ਕਿੰਗਪਿਨ ਸਤਬੀਰ ਸਿੰਘ ਸੱਤਾ ਅਕਸਰ ਉਨ੍ਹਾਂ ਨੂੰ ਮਿਲਦਾ ਸੀ, ਪਿੰਦੀ ਵੀ ਉੱਥੇ ਹੀ ਮਿਲਦਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਬਿੱਟੂ ਔਲਖ ਉੱਪਰ ਬਿਕਰਮ ਮਜੀਠੀਆ ਨੇ ਪਟਿਆਲਾ ਵਿੱਚ ਝੂਠਾ ਕੇਸ ਦਰਜ ਕਰਵਾਇਆ ਕਿਉਂਕਿ ਉਸ ਨੇ ਸੱਤਾ ਤੇ ਪਿੰਦੀ ਦੀ ਮੇਰੇ ਸਾਹਮਣੇ ਪੋਲ ਖੋਲ੍ਹੀ ਸੀ। ਬੋਨੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚਿੱਠੀ ਲਿਖੀ ਸੀ। ਇਹੋ ਚਿੱਠੀ ਉਨ੍ਹਾਂ ਸੀਬੀਆਈ ਅਦਾਲਤ ਨੂੰ ਵੀ ਸੌਂਪੀ ਸੀ। ਬੋਨੀ ਨੇ ਪ੍ਰਕਾਸ਼ ਸਿੰਘ ਬਾਦਲ ਉੱਪਰ ਵੀ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਨੇ ਚਿੱਠੀ ਕੋਲ ਰੱਖ ਲਈ ਤੇ ਜਵਾਬ ਨਹੀਂ ਦਿੱਤਾ, ਕਿਉਂਕਿ ਬਿਕਰਮ ਮਜੀਠੀਆ ਤੇ ਉਸ ਦੇ ਡਰੱਗ ਕਿੰਗਪਿਨ ਕਮਾਊ ਪੁੱਤ ਸਨ।
ਬੋਨੀ ਨੇ ਕਿਹਾ ਕਿ ਅਕਾਲੀ ਦਲ ਮਜੀਠੀਆ ਦੇ ਪਿਓ ਦੀ ਜਗੀਰ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਦੀ ਨਸ਼ੇ ਵੇਚ ਕੇ ਖਰਾਬ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਜੀਠੀਏ ਨੇ ਚਿੱਟੇ ਦੇ ਡਰ ਤੋਂ ਲੋਕਾਂ ਨੇ ਆਪਣੇ ਬੱਚੇ ਵਿਦੇਸ਼ਾਂ ਵਿਚ ਪੜ੍ਹਨ ਭੇਜ ਦਿੱਤੇ। ਬੋਨੀ ਨੇ ਮਜੀਠੀਆ ਦੇ ਪਰਿਵਾਰ ‘ਤੇ ਜੱਲ੍ਹਿਆਂਵਾਲਾ ਬਾਗ਼ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈਣ ਵਾਲੇ ਜਨਰਲ ਡਾਇਰ ਦੇ ਸਾਥੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕੀਤਾ। ਬੋਨੀ ਅਜਨਾਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਅਜਨਾਲਾ, ਬ੍ਰਹਮਪੁਰਾ ਤੇ ਸੇਖਵਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਬਿਕਰਮ ਤੇ ਸੁਖਬੀਰ ਨੂੰ ਲਾਂਭੇ ਕੀਤਾ ਜਾਵੇ, ਪਰ ਉਹ ਪੁੱਤਰ ਮੋਹ ਵਿਚ ਫਸੇ ਅਜਿਹਾ ਨਹੀਂ ਕੀਤਾ।
ਦੋਆਬੇ ‘ਚ ਵੀ ਵਧੀ ਹਲਚਲ : ਹੁਣ ਬਾਦਲ ਦਲ ਦੇ ਦੋਆਬਾ ਆਗੂਆਂ ਵਿੱਚ ਵੀ  ਹਲਚਲ ਮਚ ਗਈ ਹੈ। ਨਰਾਜ਼ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਹੁਣ ਸਿਰਫ ਪਰਿਵਾਰਕ ਮੈਂਬਰਾਂ ਦਾ ਗਰੁੱਪ ਬਣ ਕੇ ਰਹਿ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਸਭ ਕੁਝ ਅਚਾਨਕ ਨਹੀਂ ਹੋਇਆ ਹੈ। ਵਿਰੋਧ ਦੀ ਚੰਗਿਆੜੀ ਚਾਰ ਸਾਲ ਪਹਿਲਾਂ ਹੀ ਜਲੰਧਰ ਤੋਂ ਹੀ ਸੁਲਘੀ ਸੀ। ਦਰਅਸਲ ਸਾਲ 2014 ਵਿਚ ਭੋਲਾ ਡਰੱਗ ਰੈਕੇਟ ਮਾਮਲੇ ਵਿਚ ਵਿਧਾਇਕ ਸਰਵਣ ਸਿੰਘ ਫਿਲੌਰ, ਸੀਪੀਐੱਸ. ਅਵਿਨਾਸ਼ ਚੰਦਰ ਅਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦਾ ਨਾਂ ਆਇਆ ਸੀ। ਇਸ ਦੌਰਾਨ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਲਈ ਸਰਵਣ ਸਿੰਘ ਅਤੇ ਅਵਿਨਾਸ਼ ਚੰਦਰ ਦਾ ਹੀ ਅਸਤੀਫਾ ਲਿਆ। ਪਾਰਟੀ ਵਿਚ ਅੰਦਰ ਖਾਤੇ ਉਦੋਂ ਤੋਂ ਹੀ ਇਹ ਮੁੱਦਾ ਉੱਠਣ ਲੱਗ ਗਿਆ ਸੀ ਕਿ ਸਰਵਣ ਸਿੰਘ ਅਤੇ ਅਵਿਨਾਸ਼ ਦੇ ਖਿਲਾਫ ਹੀ ਕਿਉਂ ਐਕਸ਼ਨ ਲਿਆ ਗਿਆ? ਮਜੀਠੀਆ ਨੂੰ ਕਿਉਂ ਬਖਸ਼ ਦਿੱਤਾ ਗਿਆ? ਹੁਣ ਤਿੰਨ ਟਕਸਾਲੀ ਨੇਤਾਵਾਂ ਨੂੰ ਪਾਰਟੀ ਵਿਚੋਂ ਕੱਢਣ ‘ਤੇ ਦੋਆਬਾ ਦੇ ਅਕਾਲੀ ਲੀਡਰਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ।
ਲੋਕ ਵਿਚ ਅਕਾਲੀ ਦਲ ਨਾਲ ਨਫਰਤ : ਸਾਬਕਾ ਅਕਾਲੀ ਨੇਤਾ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਪਰ ਜਦੋਂ ਉਹ ਅਕਾਲੀ ਦਲ ਵਿਚ ਸਨ ਤਾਂ ਖੂਨ-ਪਸੀਨਾ ਇਕ ਕਰਕੇ ਪਾਰਟੀ ਨੂੰ ਖੜ੍ਹਾ ਕੀਤਾ ਸੀ। ਮੌਜੂਦਾ ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਹੈ, ਜੋ ਪਹਿਲਾਂ ਸੀ। ਅੱਜ ਅਕਾਲੀ ਕਈ ਲੱਖਾਂ ਅਤੇ ਹਜ਼ਾਰਾਂ ਵੋਟਾਂ ਤੋਂ ਹਾਰ ਰਹੇ ਹਨ। ਅਕਾਲੀ ਦਲ ਦੇ ਕੋਲ ਸਿਰਫ 15 ਸੀਟਾਂ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਅਕਾਲੀ ਦਲ ਤੋਂ ਨਫਰਤ ਕਰਨ ਲੱਗੇ ਹਨ।
ਟਕਸਾਲੀ ਪਰਿਵਾਰਾਂ ਨੂੰ ਮਿਲਣੀ ਚਾਹੀਦੈ ਜ਼ਿੰਮੇਵਾਰੀ-ਵਡਾਲਾ : ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਟਕਸਾਲੀ ਪਰਿਵਾਰਾਂ ਨੂੰ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ। ਜੇਕਰ ਟਕਸਾਲੀ ਨੇਤਾਵਾਂ ਨੂੰ ਪਾਰਟੀ ਵੱਡੇ ਫੈਸਲਿਆਂ ਵਿਚ ਸ਼ਾਮਲ ਕਰਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਨਾਲ ਟਕਸਾਲੀ ਵਰਕਰ ਅਤੇ ਸੀਨੀਅਰ ਲੀਡਰਸ਼ਿਪ ਦੀ ਇਕ ਸਲਾਹਕਾਰ ਕਮੇਟੀ ਬਣਨੀ ਚਾਹੀਦੀ ਹੈ ਅਤੇ ਇਸ ਦੇ ਲਈ ਪ੍ਰਕਾਸ਼ ਸਿੰਘ ਬਾਦਲਨੂੰ ਪਹਿਲਕਮਦੀ ਕਰਨੀ ਚਾਹੀਦੀ ਹੈ।
ਪਾਰਟੀ ‘ਚ ਹੋਏ ਧੱਕੇ ਤੇ ਬੇਅਦਬੀਆਂ ਕਰਾਂਗੇ ਉਜਾਗਰ : ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਵੱਲੋਂ ਚੁੱਕੇ ਗਏ ਕਦਮ ਨੂੰ ਮੰਦਭਾਗਾ ਅਤੇ ਆਪਣੇ ਪਿਤਾ ਦੀ ਪਾਰਟੀ ਪ੍ਰਤੀ ਕੁਰਬਾਨੀ ਨਾਲ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਜਿਸ ਟਕਸਾਲੀ ਆਗੂ ਨੇ ਆਪਣੇ ਜੀਵਨ ਦੇ ਕੀਮਤੀ 60 ਸਾਲ ਪਾਰਟੀ ਦੀ ਸੇਵਾ ਲਈ ਗੁਜ਼ਾਰ ਦਿੱਤੇ, ਉਸ ਨਾਲ ਇਸ ਤਰ੍ਹਾਂ ਦਾ ਵਤੀਰਾ ਉਸ ਦਾ ਨਿਰਾਦਰ ਹੈ। ਰਵਿੰਦਰ  ਨੇ ਕਿਹਾ ਕਿ ਹੁਣ ਉਹ ਚੁੱਪ ਨਹੀਂ ਬੈਠਣਗੇ ਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਸਮੇਂ ਪਾਰਟੀ ਵਿਚ ਹੋਏ ਧੱਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਨਗੇ।
ਨਵਾਂ ਸਿਧਾਂਤਕ ਅਕਾਲੀ ਦਲ ਹੋਵੇਗਾ ਤਿਆਰ-ਸੇਖਵਾਂ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ 2 ਸੀਨੀਅਰ ਆਗੂਆਂ, ਜਿਨ੍ਹਾਂ ਪਾਰਟੀ ਦੀ ਨੀਂਹ ਰੱਖਣ ਵਿਚ ਯੋਗਦਾਨ ਦਿੱਤਾ, ਨੂੰ ਪਾਰਟੀ ਵਿਚੋਂ ਬਾਹਰ ਕਰਨ ਲਈ ਮੰਦਭਾਗਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ, ਅੱਜ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੱਸੇ ਕਿ ਪਾਰਟੀ ਵਿਚ ਸੁਖਬੀਰ  ਸਿੰਘ ਬਾਦਲ ਦੀ ਕੀ ਕੁਰਬਾਨੀ ਹੈ, ਬਿਕਰਮ  ਸਿੰਘ ਮਜੀਠੀਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੀ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਉਜਾਗਰ ਸਿੰਘ ਸੇਖਵਾਂ ਦੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਹੈ। ਇਸ ਸਬੰਧੀ ਉਹ ਲੇਖਾ-ਜੋਖਾ ਕਰਨ ਨੂੰ ਤਿਆਰ ਹਨ ਤੇ ਜੇਕਰ ਉਨ੍ਹਾਂ ਦੇ ਪਿਤਾ ਦੀ ਪਾਰਟੀ ਪ੍ਰਤੀ ਜੇਲ ਯਾਤਰਾ ਬਾਦਲ ਨਾਲੋਂ ਘੱਟ ਹੋਵੇ ਤਾਂ ਉਹ ਰਾਜਨੀਤੀ ਛੱਡਣ ਨੂੰ ਤਿਆਰ ਹਨ।