ਨਿਰੰਕਾਰੀ ਬੰਬ ਕਾਂਡ ‘ਚ ਬਿਕਰਮਜੀਤ ਸਿੰਘ ਬਾਰੇ ਪੁਲਸੀਆ ਕਹਾਣੀ ਝੂਠੀ : ਪਿੰਡ ਵਾਸੀ

ਨਿਰੰਕਾਰੀ ਬੰਬ ਕਾਂਡ ‘ਚ ਬਿਕਰਮਜੀਤ ਸਿੰਘ ਬਾਰੇ ਪੁਲਸੀਆ ਕਹਾਣੀ ਝੂਠੀ : ਪਿੰਡ ਵਾਸੀ

ਅੰਮ੍ਰਿਤਸਰ/ਬਿਊਰੋ ਨਿਊਜ਼ :

ਪਿੰਡ ਅਦਲੀਵਾਲ ਦੇ ਨਿਰੰਕਾਰੀ ਸਤਿਸੰਗ ਭਵਨ ਵਿਚ ਹੋਏ ਬੰਬ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਵਲੋਂ ਬਿਕਰਮਜੀਤ ਸਿੰਘ ਨਾਮੀ ਇਕ ਸਿੱਖ ਨੌਜੁਆਨ ਦੀ ਦਰਸਾਈ ਗ੍ਰਿਫਤਾਰੀ ਅਤੇ ਇਕ ਹੋਰ ਨੌਜੁਆਨ ਦੇ ਭਗੌੜਾ ਹੋਣ ਦੀ ਕਹਾਣੀ ਪਿੰਡ ਧਾਰੀਵਾਲ ਅਤੇ ਚੱਕ ਮਿਸ਼ਰੀ ਖਾਨ ਦੇ ਵਸਨੀਕਾਂ ਦੇ ਹਲਕ ਹੇਠ ਹੀ ਨਹੀਂ ਉਤਰ ਰਹੀ। 8 ਕਿੱਲੇ ਜ਼ਮੀਨ ਵਿਚ ਵਾਹੀ ਕਰਕੇ ਆਪਣੇ ਵੱਡੇ ਭਰਾ ਨੂੰ ਕਨੇਡਾ ਭੇਜਣ ਵਾਲਾ ਬਿਕਰਮਜੀਤ ਸਿੰਘ ਹੁਣ ਆਪ ਵੀ ਕਨੇਡਾ ਜਾਣ ਦੀ ਤਿਆਰੀ ਕਰ ਸੀ। ਵੱਡੇ ਵਿਹੜੇ ਵਾਲਾ ਉਸ ਦਾ ਘਰ ਇਸ ਸੰਕਟ ਦੀ ਘੜੀ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਭਰਿਆ ਹੋਇਆ ਹੈ। ਬਿਕਰਮਜੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ, ਤਾਇਆ ਪਿਆਰਾ ਸਿੰਘ, ਤਾਈ, ਭੈਣਾਂ-ਭਰਾ ਤੇ ਹੋਰ ਰਿਸ਼ਤੇਦਾਰਾਂ ਵਲੋਂ ਇਕ ਹੀ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਪੁਲਿਸ ਨੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਅਤੇ ਬਰਾਮਦ ਵਸਤਾਂ ਬਾਰੇ ਐਨਾ ਵੱਡਾ ਕੁਫਰ ਕਿਉਂ ਤੋਲਿਆ? ਬਿਕਰਮਜੀਤ ਸਿੰਘ ਦੀ ਕਥਿਤ ਗ੍ਰਿਫਤਾਰੀ ਬਾਰੇ ਜਾਣਕਾਰੀ ਲੈਣ ਜਾਣ ਵਾਲੇ ਹਰ ਪੱਤਰਕਾਰ ਸਾਹਮਣੇ ਵੀ ਅਜਿਹੇ ਹੀ ਸਵਾਲਾਂ ਦੀ ਬੁਛਾਰ ਹੁੰਦੀ ਹੈ ।ਮਾਤਾ ਸੁਖਵਿੰਦਰ ਕੌਰ ਦੱਸਦੀ ਹੈ ਕਿ ਐਤਵਾਰ ਤੇ ਸੋਮਵਾਰ ਸਾਰਾ ਦਿਨ ਹੀ ਬਿਕਰਮ ਸਿੰਘ ਖੇਤਾਂ ਵਿਚ ਕਣਕ ਦੀ ਬਿਜਾਈ ਵਿਚ ਕਾਮਿਆਂ ਨਾਲ ਰੁੱਝਾ ਰਿਹਾ।

ਸੋਮਵਾਰ ਰਾਤ ਦੇ 10:00 -10:30 ਵਜੇ ਦਾ ਸਮਾਂ ਹੋਵੇਗਾ ਕਿ ਪੁਲਿਸ ਦੀ ਇਕ ਵੱਡੀ ਧਾੜ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਆਣ ਵੜੀ ਤੇ ਕਮਰਿਆਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ ।ਉਭੜਵਾਹੇ ਸਾਰਾ ਪਰਿਵਾਰ ਜਾਗ ਗਿਆ।ਬਿਕਰਮਜੀਤ ਸਿੰਘ ਵੀ ਅੱਧ-ਪਚੱਧੇ ਕੱਪੜਿਆਂ ਨਾਲ ਜਿਵੇਂ ਸੁੱਤਾ ਸੀ ਉਠਿਆ। ਪੁਲਿਸ ਪਾਰਟੀ ਨੇ ਬਿਨਾ ਕੁਝ ਪੁੱਛਿਆਂ ਹੀ ਉਸ ਨੂੰ ਦਬੋਚ ਲਿਆ ਤੇ ਗੱਡੀ ਵਿਚ ਸੁੱਟ ਲਿਆ। ਇਸ ਉਪਰੰਤ ਪੁਲਿਸ ਕੋਈ ਦੋ ਘੰਟੇ ਘਰ ਦੀ ਤਲਾਸ਼ੀ ਲੈਂਦੀ ਰਹੀ ਪਰ ਕੁਝ ਹੱਥ ਨਹੀਂ ਲੱਗਿਆ। ਜਾਣ ਲੱਗਿਆਂ ਇਕ ਪੁਲਿਸ ਵਾਲੇ ਦੀ ਨਜ਼ਰ ਵਿਹੜੇ ਵਿਚ ਖੜ੍ਹੇ ਮੋਟਰ ਸਾਈਕਲ ਉਤੇ ਪਈ ਤੇ ਉਸ ਨੂੰ ਵੀ ਲੈ ਗਏ। ਪਿਆਰਾ ਸਿੰਘ ਦੱਸਦੇ ਹਨ ਕਿ ਸਵੇਰ ਤੀਕ ਕੋਈ ਸੂਹ ਨਹੀ ਮਿਲੀ ਕਿ ਕਿਹੜੀ ਪੁਲਿਸ ਬਿਕਰਮਜੀਤ ਨੂੰ ਲੈ ਗਈ ਹੈ। ਮੰਗਲਵਾਰ ਸ਼ਾਮ ਨੂੰ ਇਕ ਹੋਰ ਪੁਲਿਸ ਪਾਰਟੀ ਆਈ ਤੇ ਬਿਕਰਮਜੀਤ ਸਿੰਘ ਦੀ ਪੈਂਟ-ਕਮੀਜ, ਦਸਤਾਰ ਤੇ ਨਾਈਕ ਦੇ ਬੂਟ ਤੀਕ ਮੰਗ ਲਏ, ”ਅਖੈ ਉਸ ਨੇ ਮੰਗਾਏ ਹਨ”। ਮੰਗਲਵਾਰ ਦੀ ਸ਼ਾਮ ਹੀ ਪਰਿਵਾਰ ਨੂੰ ਪਤਾ ਲੱਗ ਸਕਿਆ ਕਿ ਬਿਕਰਮਜੀਤ ਸਿੰਘ ਮਾਲ ਮੰਡੀ ਪੁਲਿਸ ਪਾਸ ਹੈ। ਬਿਕਰਮਜੀਤ ਦੇ ਕਰੀਬੀ ਰਿਸ਼ਤੇਦਾਰਾਂ ਵਿਚੋਂ ਇਕ ਭਰਾ ਲਗਦਾ ਵਿਅਕਤੀ ਪੁਲਿਸ ਵਿਚ ਹੈ ਤੇ ਇਸੇ ਪਿੰਡ ਵਿਚ ਰਹਿ ਰਿਹੈ ।ਉਸ ਤੋਂ ਪਤਾ ਲੱਗਾ ਕਿ ਸੋਮਵਾਰ ਹੀ ਕਿਸੇ ਪੁਲਿਸ ਅਫਸਰ ਨੇ ਫੋਨ ਕੀਤਾ ਸੀ ਕਿ ਤੇਰੇ ਪਿੰਡ ਦਾ ਕੋਈ ਬਿਕਰਮਜੀਤ ਸਿੰਘ ਹੈ, ਉਸ ਦਾ ਨਾਮ ਬੰਬ ਧਮਾਕੇ ਵਿਚ ਬੋਲਦਾ ਹੈ।
ਰਿਸ਼ਤੇਦਾਰ ਭਰਾ ਨੇ ਪੁਲਿਸ ਅਫਸਰ ਨੂੰ ਦੱਸਿਆ ਕਿ ਮੇਰਾ ਭਰਾ ਹੀ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਉਸ ਦਾ ਵੱਡਾ ਘਰ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇ ਉਹ ਘਰ ਹੋਇਆ ਤਾਂ ਸਮਝੋ ਬੇਕਸੂਰ, ਜੇ ਨਾ ਹੋਇਆ ਤਾਂ ਕਸੂਰਵਾਰ। ਐਨੀ ਗੱਲ ਕਰਦਿਆਂ ਹੀ ਬਿਕਰਮਜੀਤ ਸਿੰਘ ਦੀ ਤਾਈ ਦੁਖ ਵਿਚ ਦੁਹੱਥੜ ਮਾਰਦੀ ਹੋਈ ਕਹਿੰਦੀ ਹੈ ਕਿ ”ਫੜਿਆ ਤਾਂ ਘਰੋਂ ਆ, ਮਿਲਿਆ ਕੁਝ ਨਹੀਂ ਤੇ ਫਿਰ ਐਨਾ ਕੁਫਰ ਤੋਲਣ ਦੀ ਕੀ ਲੋੜ ਸੀ? ਜਿਸ ਨੇ ਕਦੀ ਉਚੀ ਸਾਹ ਨਹੀਂ ਲਿਆ, ਉਹ ਅੱਤਵਾਦੀ ਤੇ ਜਿਹੜੇ ਮੇਰੇ ਪੁੱਤ ਨੂੰ ਬਿਨਾ ਵਜ੍ਹਾ ਚੁੱਕ ਕੇ ਲੈ ਗਏ, ਉਹ ਸੱਤਵਾਦੀ ।ਤਾਈ ਤਾਂ ਐਥੋਂ ਤੀਕ ਕਹਿ ਰਹੀ ਸੀ ਕਿ ”ਐਹ ਟੱਬਰ ਨਹੀਂ ਮੰਨਿਆ, ਨਹੀਂ ਤਾਂ 4-5 ਪਿੰਡ ਇਕੱਠੇ ਕਰਕੇ ਮੂੰਹ ਭੰਨ ਆਉਂਦੇ ਇਹੋ ਜਿਹੇ ਝੂਠਿਆਂ ਦਾ।”
ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਬੰਬ ਧਮਾਕੇ ਦੀ ਖਬਰ ਤੋਂ ਬਾਅਦ ਹੀ ਪੁਲਿਸ ਸਾਰੇ ਹੀ ਪਿੰਡਾਂ ਵਿਚ ਨਿਕਲ ਤੁਰੀ ਸੀ, ਨੌਜੁਆਨ ਸਿੱਖ ਮੁੰਡਿਆਂ ਦੀ ਸ਼ਨਾਖਤ ਕਰਨ। ਰਾਤੋ-ਰਾਤ ਥਾਣੇ ਭਰ ਕੇ ਅਫਸਰਾਂ ਦੀ ਸ਼ਾਬਾਸ਼ ਲੈਣ ਦਾ ਦੌਰ ਸ਼ੁਰੂ ਹੋ ਗਿਆ। ਵੱਡੀ ਗਿਣਤੀ ਪਿੰਡਾਂ ਦੇ ਨੌਜੁਆਨ ਘਰਾਂ ਨੂੰ ਪਰਤ ਆਏ ਹਨ ਲੇਕਿਨ ਇਹ ਪਿੰਡ ਅਜੇ ਵੀ ਸਦਮੇ ਵਿਚ ਹੈ ।ਇਹ ਪੁੱਛੇ ਜਾਣ ਉਤੇ ਕਿ ਕੀ ਕਦੇ ਬਿਕਰਮਜੀਤ ਸਿੰਘ ਨੂੰ ਅਵਤਾਰ ਸਿੰਘ ਨਾਮੀ ਨਿਹੰਗ ਬਾਣੇ ਵਾਲਾ ਕੋਈ ਸ਼ਖਸ ਮਿਲਣ ਆਇਆ ਤਾਂ ਹਰ ਪਾਸਿਓਂ ਹੀ ਜਵਾਬ ਸੀ, ”ਨਾ ਉਹ ਕਦੇ ਕਿਸੇ ਦੇ ਘਰ ਜਾਵੇ, ਨਾ ਉਸ ਦੇ ਵੱਲ ਕੋਈ ਆਵੇ। ਉਸ ਦੇ ਸਾਥੀ ਤਾਂ ਖੇਤਾਂ ਵਿਚ ਕੰਮ ਕਰਨ ਵਾਲੇ ਕਾਮੇ ਸਨ ਤੇ ਨਾ ਕਦੇ ਕੋਈ ਓਪਰਾ ਬੰਦਾ ਉਸ ਨੂੰ ਮਿਲਣ ਆਇਆ ਈ ਆ।”
ਬਿਕਰਮਜੀਤ ਸਿੰਘ ਦੇ ਪਿੰਡ ਤੋਂ ਕੋਈ 12-15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਚੱਕ ਮਿਸ਼ਰੀ ਖਾਨ ਹੈ । ਮੋੜ ਮੁੜ ਕੇ ਪਹਿਲਾ ਘਰ ਡਾ. ਅਵਤਾਰ ਸਿੰਘ ਖਾਲਸੇ ਦਾ ਹੈ। ਘਰ ਦੇ ਮੁੱਖ ਗੇਟ ‘ਤੇ ਵਿਹੜਾ ਪਾਰ ਕਰਕੇ ਬਣੇ ਤਿੰਨ-ਚਾਰ  ਕਮਰੇ ਖੁੱਲੇ ਪਏ ਹਨ ।ਪੁਲਿਸ ਦੀ ਇਕ ਪੱਕੀ ਚੌਕੀ ਵਾਲਾ ਮਾਹੌਲ ਹੈ। ਵਰਾਂਡੇ  ਵਿਚ ਇਕ ਮੇਜ ਉਤੇ ਨਿਹੰਗ ਬਾਣੇ ਵਿਚ ਅਵਤਾਰ ਸਿੰਘ ,ਉਸ ਦੀ ਪਤਨੀ ਤੇ ਇਕ ਛੋਟੀ ਬੱਚੀ ਦੀ ਤਸਵੀਰ ਪਈ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦ ਉਹ ਆਏ ਤਾਂ ਘਰ ਖੁੱਲ੍ਹਾ ਪਿਆ ਸੀ। ਦੱਬੀ ਜ਼ੁਬਾਨ ਵਿਚ  ਪਿੰਡ ਵਾਲੇ ਦੱਸਦੇ ਹਨ ਕਿ ਘਰ ਦੇ ਤਾਲੇ ਤਾਂ ਪੁਲਿਸ ਨੇ ਹੀ ਭੰਨੇ ਹਨ। ਕਮਰਿਆਂ ਵਿਚ ਖਿਲਰਿਆ ਸਮਾਨ ਵੀ ਇਹੀ ਤਸਦੀਕ ਕਰਦਾ ਹੈ ਕਿ ਤਲਾਸ਼ੀ ਮੁਹਿੰਮ ਚੱਲੀ ਹੈ। ਕੋਈ 250-300 ਗਜ਼ ਦੇ ਕਰੀਬ ਥਾਂ ਵਿਚ ਬਣੀ ਇਹ ਹਵੇਲੀਨੁਮਾ ਕੋਠੀ ਪੂਰੀ ਤਰ੍ਹਾਂ ਸੁੰਨਸਾਨ ਹੈ ਤੇ ਨਾਲ ਹੀ ਡਾ. ਖਾਲਸਾ ਦੀ ਉਹ ਦੁਕਾਨ, ਜਿਥੇ ਉਹ ਆਰਐਮਪੀ. ਵਜੋਂ ਬੈਠਦੇ ਹਨ।ਪਿੰਡ ਵਾਸੀ ਕਹਿੰਦੇ ਹਨ ਕਿ ਡਾ.ਖਾਲਸਾ ਹੈ, ਸਿਆਣਾ ਬੰਦਾ ਹੈ ਤੇ ਲਾਲਚੀ ਵੀ ਨਹੀਂ ਹੈ।ਲੇਕਿਨ ਇਹ ਚਰਚਾ ਜ਼ਰੂਰ ਹੈ ਕਿ ਸ਼ਾਇਦ ਅਵਤਾਰ ਸਿੰਘ ਵੀ ਪੁਲਿਸ ਦੇ ਕਬਜ਼ੇ ਵਿਚ ਹੀ ਹੈ ਤੇ ਨਾਲ ਹੀ ਉਸ ਦਾ ਪਰਿਵਾਰ ਨਹੀਂ, ਤਾਂ ਕੋਈ ਘਰ ਗੇੜਾ ਜ਼ਰੂਰ ਮਾਰਦਾ।
ਲੇਖਕ ਇੰਦਰ ਸਿੰਘ ਘੱਗਾ ਉਪਰ ਪਟਿਆਲਾ ਵਿਖੇ ਹੋਏ ਹਮਲੇ ਵਿਚ ਅਵਤਾਰ ਸਿੰਘ ਖਾਲਸਾ ਖਿਲਾਫ ਵੀ ਕੇਸ ਦਰਜ ਹੋਇਆ ਸੀ। ਉਸ ਤੋਂ ਬਾਅਦ ਉਸ ਕੇਸ ਦਾ ਕੀ ਬਣਿਆ ਕੋਈ ਨਹੀਂ ਜਾਣਦਾ ਪਰ ਇਸ ਕੇਸ ਕਾਰਨ ਉਹ ਪੁਲਿਸ ਦੀ ਨਜ਼ਰ ਹੇਠ ਜ਼ਰੂਰ ਸੀ।