ਅਕਾਲੀ ਦਲ ਦੋਫਾੜ, ਬ੍ਰਹਮਪੁਰਾ, ਅਜਨਾਲਾ ਸਮੇਤ ਬਾਗੀਆਂ ਨੂੰ ਪਾਰਟੀ ‘ਚੋਂ ਕੱਢਿਆ

ਅਕਾਲੀ ਦਲ ਦੋਫਾੜ, ਬ੍ਰਹਮਪੁਰਾ, ਅਜਨਾਲਾ ਸਮੇਤ ਬਾਗੀਆਂ ਨੂੰ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਉਣ ‘ਤੇ ਪਾਰਟੀ ਵਾਸਤੇ ਮਾਝੇ ਵਿਚ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਇਨ੍ਹਾਂ ਆਗੂਆਂ ਨੇ ਫ਼ੈਸਲੇ ਨੂੰ ਇਕ ਹੋਰ ਤਾਨਾਸ਼ਾਹੀ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਅਕਾਲੀ ਪੈਦਾ ਹੋਏ ਸਨ, ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮਾਝੇ ਦੇ ਦੋ ਟਕਸਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਜਥੇਦਾਰ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਛੇ ਸਾਲਾਂ ਲਈ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਦੋਵੇਂ ਸਾਬਕਾ ਮੰਤਰੀਆਂ ਦੇ ਪੁੱਤਰਾਂ ਰਵਿੰਦਰਪਾਲ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਬੋਨੀ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਹਫ਼ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗ਼ਾਵਤ ਦਾ ਬਿਗਲ ਵਜਾਉਣ ਵਾਲੇ ਟਕਸਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ।
ਕੋਰ ਕਮੇਟੀ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਮਾਝੇ ਵਿਚ ਵੱਡੀ ਢਾਹ ਲੱਗਣ ਦੇ ਆਸਾਰ ਹਨ, ਉਥੇ ਇਨ੍ਹਾਂ ਆਗੂਆਂ ਕੋਲ ਹੁਣ ਨਵੀਂ ਪਾਰਟੀ ਬਣਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਕੋਰ ਕਮੇਟੀ ਦੇ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੰਜਾਬ ਅਤੇ ਖਾਸ ਕਰ ਕੇ ਮਾਝੇ ਵਿਚ ਜ਼ੋਰਦਾਰ ਖਿੱਚੋਤਾਣ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਅਕਾਲੀ ਦਲ ਵਿੱਚੋਂ ਕੱਢੇ ਗਏ ਆਗੂ ਚੁੱਪ ਕਰ ਕੇ ਨਹੀਂ ਬੈਠਣਗੇ ਤੇ ਉਹ ਵੀ ਅਗਲੇ ਦਿਨਾਂ ਵਿਚ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਖਿਲਾਫ਼ ਜੰਗ ਵਿੱਢ ਦੇਣਗੇ। ਇਸ ਲਈ ਮਾਝੇ ਵਿਚ ਅਕਾਲੀ ਦਲ ਦੇ ਬਾਗ਼ੀ ਅਤੇ ਦੂਜੇ ਆਗੂਆਂ ਵਿਚਾਲੇ ਤਿੱਖੀ ਲੜਾਈ ਸ਼ੁਰੂ ਹੋ ਜਾਵੇਗੀ ਤੇ ਇਸ ਲੜਾਈ ਦਾ ਆਗਾਜ਼ ਉਸ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਇਨ੍ਹਾਂ ਆਗੂਆਂ ਨੇ ਅਕਾਲੀ ਦਲ ਦੇ ਅਹੁਦਿਆ ਤੋਂ ਅਸਤੀਫੇ ਦਿੱਤੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਦੋਵਾਂ ਸੀਨੀਅਰ ਆਗੂਆਂ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਛੇ-ਛੇ ਸਾਲਾਂ ਲਈ ਕੱਢਣ ਦੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਨੇ ਇਹ ਫ਼ੈਸਲਾ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਕੇ ‘ਭਰੇ ਮਨ’ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦੋਵਾਂ ਆਗੂਆਂ ਨੂੰ ਬਹੁਤ ਸਤਿਕਾਰ ਦਿੰਦੇ ਰਹੇ ਹਨ ਤੇ ਦੋਵਾਂ ਆਗੂਆਂ ਨੇ ਇਨ੍ਹਾਂ ਵਲੋਂ ਕੀਤੇ ਨਿੱਜੀ ਹਮਲਿਆਂ ਪ੍ਰਤੀ ਵੀ ਨਿਮਰਤਾ ਦਿਖਾਈ ਹੈ ਤੇ ਬ੍ਰਹਮਪੁਰਾ ਨੂੰ ਵਿਸ਼ੇਸ਼ ਤੌਰ ‘ਤੇ ਤਰਜੀਹ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦੋਵਾਂ ਆਗੂਆਂ ਦੇ ਕਹਿਣ ‘ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ ਤੇ ਹੋਰ ਵਿਅਕਤੀਆਂ ਨੂੰ ਲਾਇਆ ਹੈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦਾ ਕਹਿਣਾ ਹੈ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਰ ਕੇ ਹੀ ਫੈਸਲਾ ਲਿਆ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਦੋਵੇਂ ਬਾਦਲ ਵਿਸ਼ੇਸ਼ ਜਾਂਚ ਕਮੇਟੀ ਸਾਹਮਣੇ ਪੇਸ਼ ਹੋਣਗੇ। ਇਹ ਫੈਸਲਾ ਵੀ ਪਾਰਟੀ ਦੀ ਕੋਰ ਕਮੇਟੀ ਵਿਚ ਲਿਆ ਗਿਆ।
ਉਧਰ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ਦਾ ਉਸ ਦਿਨ ਹੀ ਪਤਾ ਸੀ ਜਦੋਂ ਉਨ੍ਹਾਂ ਨੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ। ਅਸੀਂ ਪੰਜ ਸੱਤ ਦਿਨਾਂ ਵਿਚ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰਾਂਗੇ। ਸਾਡੇ ਪੱਲੇ ਸੱਚ ਹੈ ਤੇ ਪਾਪੀਆਂ ਕੋਲ ਕੋਈ ਜੁਆਬ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਢਾਹ ਲਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਥਾਰਿਟੀ ਦਾ ਸਤਿਆਨਾਸ ਕਰਨ ਵਿਰੁਧ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਅਸਤੀਫ਼ਾ ਮੰਗਿਆ ਹੈ। ਸ੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਵੋਟਾਂ ਖਾਤਰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਹੈ ਤੇ ਬਾਦਲ ਸਾਹਿਬ ਸਿੰਘ ਸਾਹਿਬਾਨ ਨੂੰ ਆਪਣੀ ਕੋਠੀ ਵਿਚ ਬੁਲਾ ਕੇ ਫੈਸਲੇ ਕਰਵਾਉਂਦੇ ਰਹੇ ਹਨ ਤੇ ਇਸੇ ਤਖ਼ਤ ਤੋਂ ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਗਈ ਸੀ।
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਪਾਰਟੀ ਨੇ ਪੰਜ ਸਾਲ ਪਹਿਲਾਂ ਹੀ ਵਿਸਾਰ ਦਿੱਤਾ ਸੀ। ਉਹ ਜਨਮ ਜਾਤ ਅਕਾਲੀ ਹਨ ਅਤੇ ਪਾਰਟੀ ਦੇ ਭਲੇ ਖਾਤਰ ਬਿਆਨ ਦਿੱਤਾ ਸੀ ਪਰ ਕੁਝ ਲੋਕਾਂ ਨੂੰ ਸੱਚ ਬੋਲਣਾ ਮਾੜਾ ਲਗਦਾ ਹੈ। ਉਨ੍ਹਾਂ ਆਖਿਆ ਕਿ ਪਾਰਟੀ ‘ਤੇ ਇਸ ਵੇਲੇ ਇਕ ਪਰਿਵਾਰ ਦਾ ਰਾਜ ਬਣਿਆ ਹੋਇਆ ਹੈ ਅਤੇ ਤਾਨਾਸ਼ਾਹੀ ਫ਼ੈਸਲੇ ਕੀਤੇ ਜਾ ਰਹੇ ਹਨ ਜਿਸ ਦਾ ਉਨ੍ਹਾਂ ਪਾਰਟੀ ਹਿੱਤ ਕਾਰਨ ਵਿਰੋਧ ਕੀਤਾ ਹੈ। ਉਨ੍ਹਾਂ ਆਖਿਆ ਕਿ ਅਗਲੇ ਦਿਨਾਂ ਵਿਚ ਸਾਰਿਆਂ ਨਾਲ ਮਿਲ-ਬੈਠ ਕੇ ਅਗਲੀ ਰਣਨੀਤੀ ਸਬੰਧੀ ਵਿਚਾਰ ਕੀਤਾ ਜਾਵੇਗਾ। ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਆਖਿਆ ਕਿ ਉਨ੍ਹਾਂ ਨੂੰ ਅਕਾਲੀ ਹੋਣ ਸਬੰਧੀ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਹ ਅਕਾਲੀ ਹਨ ਅਤੇ ਅਕਾਲੀ ਰਹਿਣਗੇ। ਇਸ ਸਬੰਧੀ ਫ਼ੈਸਲਾ ਲੋਕਾਂ ਨੇ ਕਰਨਾ ਹੈ। ਇਸੇ ਤਰ੍ਹਾਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਜਿਨ੍ਹਾਂ ਅਕਾਲੀ ਆਗੂਆਂ ਨੇ ਪਾਰਟੀ ਲਈ ਆਪਣਾ ਖ਼ੂਨ ਪਸੀਨਾ ਇਕ ਕਰ ਦਿੱਤਾ, ਉਨ੍ਹਾਂ ਪ੍ਰਤੀ ਪਾਰਟੀ ਦਾ ਇਹ ਫ਼ੈਸਲਾ ਉਚਿਤ ਨਹੀਂ ਹੈ। ਉਨ੍ਹਾਂ ਪਾਰਟੀ ਨੂੰ ਕੁਝ ਗਲਤ ਫ਼ੈਸਲਿਆਂ ਦੇ ਪ੍ਰਭਾਵ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਸੀ। ਜਿਸ ਨਾਲ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਪਾਰਟੀ ਦੀ ਸਾਖ ਨੂੰ ਢਾਹ ਲੱਗੀ ਸੀ। ਇਸ ਵਾਸਤੇ ਨਵੀਂ ਸ਼ੁਰੂਆਤ ਕਰਨ ਲਈ ਸਗੋਂ ਖਿਮਾ ਯਾਚਨਾ ਕਰਨੀ ਚਾਹੀਦੀ ਸੀ। ਅਜਿਹਾ ਇਸੇ ਲਈ ਹੋਇਆ ਕਿਉਂਕਿ ਪਾਰਟੀ ਕੁਝ ਤਾਨਾਸ਼ਾਹ ਲੋਕਾਂ ਦੇ ਹੱਥਾਂ ਵਿਚ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਆਖਿਆ ਕਿ ਪਾਰਟੀ ਵੱਲੋਂ ਇਨ੍ਹਾਂ ਮਝੈਲ ਆਗੂਆਂ ਦੀ ਨਾਰਾਜ਼ਗੀ ਦੂਰ ਕਰਨ ਦਾ ਯਤਨ ਕੀਤਾ ਗਿਆ ਸੀ। ਪਾਰਟੀ ਦੇ ਬੁਲਾਰੇ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਪਾਰਟੀ ਵੱਲੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਘਰ ਵੀ ਗਏ ਸਨ ਪਰ ਪ੍ਰਧਾਨ ਨੂੰ ਹਟਾਉਣ ਦੀ ਰੱਖੀ ਸ਼ਰਤ ‘ਤੇ ਕੋਈ ਵੀ ਸਹਿਮਤ ਨਹੀਂ ਸੀ। ਅਕਾਲੀ ਆਗੂ ਨੇ ਮੰਨਿਆ ਕਿ ਇਸ ਫ਼ੈਸਲੇ ਨਾਲ ਪਾਰਟੀ ਨੂੰ ਮਾਝੇ ਵਿਚ ਨੁਕਸਾਨ ਹੋਵੇਗਾ।