ਬਾਦਲਾਂ ਨੂੰ ਐਸਜੀਪੀਸੀ ਪ੍ਰਧਾਨ ਦੀ ਚੋਣ ਮੌਕੇ ਬਗਾਵਤ ਦਾ ਡਰ

ਬਾਦਲਾਂ ਨੂੰ ਐਸਜੀਪੀਸੀ ਪ੍ਰਧਾਨ ਦੀ ਚੋਣ ਮੌਕੇ ਬਗਾਵਤ ਦਾ ਡਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਬਹੁਮਤ ਹੈ ਪਰ ਮੌਜੂਦਾ ਪ੍ਰਸਿਥਤੀਆਂ ਦੌਰਾਨ ਜਨਰਲ ਇਜਲਾਸ ਦੌਰਾਨ ਵਿਰੋਧੀ ਧਿਰ ਨਾਲ ਜੁੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਵਿਰੋਧ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇਕਰ ਵਿਰੋਧੀ ਧਿਰ ਵੱਲੋਂ ਕੋਈ ਉਮੀਦਵਾਰ ਖੜ੍ਹਾ ਕੀਤਾ ਗਿਆ ਤਾਂ ਅਜਿਹੀ ਸਥਿਤੀ ਵਿਚ ਚੋਣ ਵੋਟ ਪਰਚੀ ਰਾਹੀਂ ਹੋ ਸਕਦੀ ਹੈ।
ਖਤਰੇ ਨੂੰ ਭਾਂਪੀਦਆਂ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੀ ਟੀਮ ਵਿਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਹਨ। ਸੂਤਰਾਂ ਮੁਤਾਬਕ ਪਾਰਟੀ ਇਸ ਵਾਰ ਨਵੀਂ ਟੀਮ ਵਿਚ ਸੂਝਵਾਨ ਅਤੇ ਦੂਰ ਦ੍ਰਿਸ਼ਟੀ ਵਾਲੇ ਮੈਂਬਰਾਂ ਨੂੰ ਮੌਕਾ ਦੇਣ ਦੇ ਰੌਂਅ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਸੱਦੇ ਗਏ ਜਨਰਲ ਇਜਲਾਸ ਵਿਚ ਇਸ ਵਾਰ ਹਾਕਮ ਧਿਰ ਮੌਜੂਦਾ ਟੀਮ ਵਿਚ ਤਬਦੀਲੀ ਕਰਨ ਦੇ ਰੌਂਅ ਵਿਚ ਹੈ, ਜਿਸ ਤਹਿਤ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਵਿਚ ਕਈ ਨਵੇਂ ਚਿਹਰੇ ਸ਼ਾਮਲ ਹੋ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਾਸਤੇ ਸਾਲਾਨਾ ਜਨਰਲ ਇਜਲਾਸ 13 ਨਵੰਬਰ ਨੂੰ ਸੱਦਿਆ ਗਿਆ ਹੈ, ਜੋ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ 1 ਵਜੇ ਆਰੰਭ ਹੋਵੇਗਾ। ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਸਾਲਾਨਾ ਚੋਣ ਕੀਤੀ ਜਾਵੇਗੀ।
ਐੱਸਜੀਪੀਸੀ ਨੂੰ ਹਾਲ ਹੀ ਵਿਚ ਬਰਗਾੜੀ ਮੋਰਚੇ ਕਾਰਨ ਵਿਸ਼ਵ ਪੱਧਰ ‘ਤੇ ਸਿੱਖਾਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ ਕਰਨ ਦਾ ਫ਼ੈਸਲਾ ਵੀ ਘਾਤਕ ਸਾਬਤ ਹੋਇਆ ਅਤੇ ਇਸ ਨਾਲ ਸੰਸਥਾ ਦੀ ਸਾਖ ਨੂੰ ਢਾਹ ਲੱਗੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜ਼ਿਲ੍ਹਾ ਵਾਰ ਸੱਦ ਕੇ ਉਨ੍ਹਾਂ ਨਾਲ ਇਕੱਲੇ-ਇਕੱਲੇ ਗੱਲ ਕੀਤੀ ਗਈ ਹੈ। ਮਿਲੇ ਵੇਰਵਿਆਂ ਮੁਤਾਬਿਕ ਇਸ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖ਼ਿਲਾਫ਼ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕਿਸੇ ਮੈਂਬਰ ਵੱਲੋਂ ਉਨ੍ਹਾਂ ਦੀ ਵਿਰੋਧਤਾ ਕੀਤੀ ਗਈ ਹੈ। ਕੋਰ ਕਮੇਟੀ ਦੀ ਮੀਟਿੰਗ ਵਿਚ ਵੀ ਇਸ ਸਬੰਧੀ ਕੋਈ ਵਿਰੋਧ ਨਹੀਂ ਹੋਇਆ ਹੈ, ਜਿਸ ਤੋਂ ਲੱਗਦਾ ਹੈ ਕਿ ਸ੍ਰੀ ਲੌਂਗੋਵਾਲ ਹੀ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਬਣਾਏ ਜਾ ਸਕਦੇ ਹਨ।