ਭਾਰਤੀ ਤਲਵਾਰਬਾਜ਼ ਨੇ ਆਈਸਲੈਂਡ ਵਿੱਚ ਫੁੰਡਿਆ ਸੋਨ ਤਗ਼ਮਾ

ਭਾਰਤੀ ਤਲਵਾਰਬਾਜ਼ ਨੇ ਆਈਸਲੈਂਡ ਵਿੱਚ ਫੁੰਡਿਆ ਸੋਨ ਤਗ਼ਮਾ

ਚੇਨਈ/ਬਿਊਰੋ ਨਿਊਜ਼ :
ਆਈਸਲੈਂਡ ਵਿਚ ਹੋਏ ਟਰਨੋਇ ਸੈਟੇਲਾਈਟ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੌਰਾਨ ਭਾਰਤੀ ਤਲਵਾਰਬਾਜ਼ ਸੀ.ਏ. ਭਵਾਨੀ ਦੇਵੀ ਨੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਕ ਰਿਲੀਜ਼ ਮੁਤਾਬਕ ਤਲਵਾਰਬਾਜ਼ੀ ਦੇ ਕੌਮਾਂਤਰੀ ਮੁਕਾਬਲੇ ਵਿਚ ਅਜਿਹਾ ਮਾਅਰਕਾ ਮਾਰਨ ਵਾਲੀ ਉਹ ਪਹਿਲੀ ਭਾਰਤੀ ਹੈ। ਫਾਈਨਲ ਮੁਕਾਬਲੇ ਦੌਰਾਨ ਭਵਾਨੀ ਨੇ ਬਰਤਾਨਵੀ ਵਿਰੋਧੀ ਸਾਰਾਹ ਜੇਨ ਹੈਂਪਸਨ ਨੂੰ 15-13 ਅੰਕਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਉਸ ਨੇ ਇਕ ਹੋਰ ਬਰਤਾਨਵੀ ਤਲਵਾਰਬਾਜ਼ ਜੈਸਿਕਾ ਕੋਰਬੀ ਨੂੰ 15-11 ਦੇ ਫ਼ਰਕ ਨਾਲ ਮਾਤ ਦੇ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਉਸ ਨੇ ਇਕ ਸੈਟੇਲਾਈਟ ਇਵੈਂਟ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਵਾਨੀ ਇਸ ਵੇਲੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਥਲਾਸੈਰੀ ਟਰੇਨਿੰਗ ਸੈਂਟਰ ਵਿਚ ਸਿਖ਼ਲਾਈ ਪ੍ਰਾਪਤ ਕਰ ਰਹੀ ਹੈ। ਭਵਾਨੀ ਨੇ ਦੱਸਿਆ ਕਿ ਉਹ ਇਸ ਮੁਕਾਬਲੇ ਵਿਚ ਤੀਜੀ ਵਾਰ ਭਾਗ ਲੈ ਰਹੀ ਸੀ ਤੇ ਪਿਛਲੇ ਸਾਲ ਕੁਆਰਟਰ ਫਾਈਨਲ ਵਿੱਚ ਹਾਰ ਗਈ ਸੀ। ਉਸ ਨੇ ਦੱਸਿਆ ਕਿ ਵਿਸ਼ਵ ਪੱਧਰੀ ਮੁਕਾਬਲੇ ਵਿਚ ਇਹ ਉਸ ਦਾ ਪਹਿਲਾ ਤਗ਼ਮਾ ਹੈ ਜਦਕਿ ਇਸ ਤੋਂ ਪਹਿਲਾਂ ਉਸ ਨੇ ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ ਦੌਰਾਨ ਹੀ ਤਗ਼ਮੇ ਜਿੱਤੇ ਹਨ।
ਉਸ ਨੇ ਕਿਹਾ ਕਿ ਪੂਰੀ ਚੈਂਪੀਅਨਸ਼ਿਪ ਦੌਰਾਨ ਤੇ ਵਿਸ਼ੇਸ਼ ਕਰਕੇ ਕੁਆਰਟਰ ਫਾਈਨਲ ਤੋਂ ਬਾਅਦ ਮੁਕਾਬਲਾ ਕਾਫ਼ੀ ਸਖ਼ਤ ਰਿਹਾ। ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਵਿਚ ਉਸ ਨੂੰ ਬਰਤਾਨਵੀ ਤਲਵਾਰਬਾਜ਼ਾਂ ਤੋਂ ਬਰਾਬਰ ਟੱਕਰ ਮਿਲੀ।