”ਮੋਤੀਆਂਵਾਲੀ ਸਰਕਾਰ” ਨੇ ”ਪੜ੍ਹਨੇ-ਪਾਏ” ਗਰੀਬ ਅਧਿਆਪਕ

”ਮੋਤੀਆਂਵਾਲੀ ਸਰਕਾਰ” ਨੇ ”ਪੜ੍ਹਨੇ-ਪਾਏ” ਗਰੀਬ ਅਧਿਆਪਕ

ਸਬਜ਼ੀ ਵੇਚਦਾ ਹੋਇਆ ਇਕ ਅਧਿਆਪਕ।
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਅਤੇ ਸੰਘਰਸ਼ਸ਼ੀਲ ਅਧਿਆਪਕਾਂ ਵਿਚ ਬੁਰੀ ਤਰ੍ਹਾਂ ਦਾ ਭੇੜ ਹੋ ਰਿਹਾ ਹੈ। ਸਰਕਾਰੀ ਫਰਮਾਨਾਂ ਦੀ ਸਿਰੇ ਦੀ ਤਾਨਾਸ਼ਾਹੀ ਕਾਰਨ ਪੰਜਾਬ ਦੀਆਂ ਹੋਰ ਇਨਸਾਫ-ਪਸੰਦ ਧਿਰਾਂ ਵੀ ਅਧਿਆਪਕਾਂ ਦੀ ਪਿੱਠ ਉਤੇ ਆਣ ਖੜ੍ਹੀਆਂ ਹਨ। ਅਧਿਆਪਕਾਂ ਨੇ ਮੁੱਖ ਮੰਤਰੀ ਦੇ ਰਿਹਾਇਸ਼ੀ ਸ਼ਹਿਰ ਪਟਿਆਲੇ ਵਿਰ ਮੋਰਚਾ ਲਗਾ ਦਿੱਤਾ ਹੈ। ‘ਪਟਿਆਲਾ ਮੋਰਚਾ’ ਦੀ ਔਕਾਤ ਨੂੰ ਕੈਪਟਨ ਹਕੂਮਤ ਗਜ਼ਾਂ ਨਾਲ ਨਾਪਣ ਲੱਗੀ ਹੈ। ਮਹਿਲਾਂ ਤੱਕ ਗੱਜਣ ਵਾਲੇ ਵੀ ਵੱਡੀਆਂ ਫੇਟਾਂ ‘ਚੋਂ ਨਿਕਲੇ ਹਨ ਜਿਨ੍ਹਾਂ ਨੇ ਹੁਣ ਹੱਥ ਜੋੜ ਕੇ ਅਰਜ਼ਾਂ ਕਰਨ ਦੀ ਥਾਂ ਮੁੱਕੇ ਤਾਣ ਲਏ ਹਨ।
ਕਈ ਅਧਿਆਪਕਾਂ ਦੇ ਹਾਲਾਤ ਬਹੁਤ ਤਰਸਯੋਗ ਬਣੇ ਹੋਏ ਹਨ।ਪਟਿਆਲਾ ਮੋਰਚਾ ਦੇ ਨਾਇਕ ਬਣੇ ਅਧਿਆਪਕ ਕਰਮਜੀਤ ਸਿੰਘ ਦੇ ਘਰ ਦੇ ਹਾਲਾਤ ਦਿਲ ਕੰਬਾਊ ਹਨ। ਪਹਿਲਾਂ ਉਸ ਨੂੰ ਗ਼ੁਰਬਤ ਨੇ ਪਰਖ਼ਿਆ, ਹੁਣ ਉਸ ਦਾ ਸਬਰ ‘ਮਹਾਰਾਜਾ’ ਪਰਖ਼ ਰਿਹਾ ਹੈ। ਜ਼ਿੰਦਗੀ ਦੀਆਂ ਥੁੜ੍ਹਾਂ ਨੇ ਕਰਮਜੀਤ ਸਿੰਘ ਨੂੰ ਕੱਦੂ ਵੇਚਣ ਲਾ ਦਿੱਤਾ ਹੈ।
ਸੰਗਰੂਰ ਦੇ ਪਿੰਡ ਰਾਮਪੁਰਾ ‘ਚ ਕਰਮਜੀਤ ਸਿੰਘ ਅਧਿਆਪਕ ਹੈ। ‘ਠੇਕੇ ਵਾਲਾ’ ਮਾਸਟਰ ਆਖ ਕੇ ਉਸ ਨੂੰ ਛੇੜਿਆ ਜਾਂਦਾ ਹੈ। ਸਰਕਾਰੀ ਖ਼ਜ਼ਾਨੇ ਚੋਂ ਉਸ ਨੂੰ ਛੇ ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਛੁੱਟੀ ਮਿਲਣ ਮਗਰੋਂ ਉਹ ਸਬਜ਼ੀ ਵਾਲੀ ਦੁਕਾਨ ਉੱਤੇ ਕੰਮ ਕਰਦਾ ਹੈ। ਆਖਦਾ ਹੈ ਕਿ ‘ਕੰਮ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ’। ਜਦੋਂ ਹਕੂਮਤ ਦੀ ਨੀਅਤ ਮਾੜੀ ਹੋ ਜਾਏ, ਫਿਰ ਕੋਈ ਦਰ ਨਹੀਂ ਬਚਦਾ। ਐੱਮਐੱਸਸੀ ਜੌਗਰਫੀ ‘ਚ ਨੈੱਟ ਕਲੀਅਰ ਕੀਤਾ, ਨਾਲ ਹੀ ਟੈੱਟ ਪਾਸ ਕੀਤਾ। ਹਰ ਕਲਾਸ ਪਹਿਲੇ ਦਰਜੇ ‘ਚ ਕੀਤੀ। ਮੁੱਢਲੀ ਤਨਖ਼ਾਹ ਘਰ ਦਾ ਤੋਰਾ ਨਾ ਤੋਰ ਸਕੀ। ਸਕੂਲੋਂ ਛੁੱਟੀ ਮਗਰੋਂ ਸਬਜ਼ੀ ਵੇਚਣ ਲੱਗ ਪਿਆ। ਹੁਣ ਗਿਆਰਾਂ ਮਹੀਨੇ ਤੋਂ ਤਨਖ਼ਾਹ ਵੀ ਨਹੀਂ ਮਿਲੀ। ਕੌਮ ਦਾ ਨਿਰਮਾਤਾ ਉਦੋਂ ਅੱਧੋਰਾਣਾ ਹੋ ਜਾਂਦਾ ਹੈ ਜਦੋਂ ਸਕੂਲੀ ਬੱਚੇ ਹੀ ਸਬਜ਼ੀ ਲੈਣ ਬਹੁੜ ਜਾਂਦੇ ਹਨ।
ਇਸੇ ਤਰ੍ਹਾਂ ਰਾਮਪੁਰਾ ਫੂਲ ਵਿਚ ਚਾਹ ਦੇ ਖੋਖੇ ਉੱਤੇ ਚਾਹ ਵੇਚਣ ਵਾਲਾ ਠੇਕੇ ਦਾ ਅਧਿਆਪਕ ਏਨਾ ਸ਼ਰਮਸਾਰ ਹੈ ਕਿ ਨਾਮ ਨਸ਼ਰ ਕਰਨ ਤੋਂ ਡਰਦਾ ਹੈ। ਹਾਲਾਂਕਿ ਉਸ ਦਾ ਸੁਪਨਾ ਸਿਰਫ਼ ਪੱਕਾ ਅਧਿਆਪਕ ਬਣਨ ਦਾ ਹੈ, ਨਾ ਕਿ ‘ਪ੍ਰਧਾਨ ਮੰਤਰੀ’। ਮੋਗਾ ਦੇ ਰਾਉਂਕੇ ਕਲਾਂ ਦੇ ਸਕੂਲ ਦੇ ਅਧਿਆਪਕ ਜਗਜੀਤ ਸਿੰਘ ਨੇ ਜੌਗਰਫੀ ‘ਚ ਪੂਰੇ ਗਿਆਰਾਂ ਵਾਰ ਨੈੱਟ ਤੇ ਚਾਰ ਵਾਰੀ ਟੈੱਟ ਕਲੀਅਰ ਕੀਤਾ। ਰੈਗੂਲਰ ਹੋਣ ਦੀ ਝਾਕ ਵਿਚ ਵਿਆਹ ਵੀ ਨਾ ਕਰਾਇਆ। ਜੇ ਕਿਤੇ ਬੱਸ ਲੰਘ ਜਾਵੇ, ਉਹ ਤੁਰ ਕੇ ਹੀ ਪਿੰਡ ਜਾਂਦਾ ਹੈ। ਉਹ ਪੁੱਛਦਾ ਹੈ , ‘ਮੁੱਖ ਮੰਤਰੀ ਜੀ, ਹੋਰ ਕਿੰਨੀ ਵਾਰ ਪਰਖ਼ ਲਵੋਂਗੇ’। ਮਾਸਟਰ ਜਗਜੀਤ ਦਾ ਜਜ਼ਬਾ ਦੇਖੋ, ਕਿ ਫਿਰ ਵੀ ਪਿੰਡ ‘ਚ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ। ਫ਼ਾਜ਼ਿਲਕਾ ਦੇ ਪਿੰਡ ਵਹਾਬਵਾਲਾ ਦੇ ਅਧਿਆਪਕ ਮਲਕੀਤ ਸਿੰਘ ਦੀ ਜ਼ਿੰਦਗੀ ਸਿਆਸੀ ਰੰਦੇ ਨੇ ਛਿੱਲ ਕੇ ਰੱਖ ਦਿੱਤੀ ਹੈ। ਜਦੋਂ ਛੇ ਹਜ਼ਾਰ ਨਾਲ ਗੁਜ਼ਾਰਾ ਨਾ ਚੱਲਿਆ ਤਾਂ ਮਲਕੀਤ ਸਿੰਘ ਸਕੂਲ ਸਮੇਂ ਮਗਰੋਂ ਲੱਕੜ ਦੇ ਮਿਸਤਰੀ ਨਾਲ ਦਿਹਾੜੀ ਕਰਨ ਲੱਗਾ। ਲੁਧਿਆਣਾ ਦੇ ਅਧਿਆਪਕ ਸੰਦੀਪ ਸਿੰਘ ਨੂੰ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਤਾਰਨ ਲਈ ਇਲੈਕਟ੍ਰੀਸ਼ਨ ਬਣਨਾ ਪਿਆ ਹੈ। ਸਰਕਾਰੀ ਬਿਜਲੀ ਨਾ ਡਿੱਗਦੀ ਤਾਂ ਸ਼ਾਇਦ ਉਸ ਨੂੰ ਘਰੋਂ-ਘਰੀਂ ਜਾ ਕੇ ਹੋਕੇ ਨਾ ਦੇਣੇ ਪੈਂਦੇ। ਗੁਰਦਾਸਪੁਰ ਦੇ ਅਧਿਆਪਕ ਬਿਕਰਮਜੀਤ ਸਿੰਘ ਨੂੰ ਬੇਟੀ ਦੇ ਇਲਾਜ ਖ਼ਾਤਰ ਆਪਣੀ ਪਤਨੀ ਦਾ ਸੋਨਾ ਗਿਰਵੀ ਰੱਖਣਾ ਪਿਆ ਹੈ। ਜਦੋਂ ਕਰਜ਼ਾ ਸਿਰ ਚੜ੍ਹ ਗਿਆ ਤਾਂ ਪ੍ਰਾਈਵੇਟ ਉਤਪਾਦ ਵੇਚਣ ਲੱਗ ਪਿਆ। ਭਰੇ ਮਨ ਨਾਲ ਇਹ ਅਧਿਆਪਕ ਦੱਸਦਾ ਹੈ ਕਿ ਬੇਟੀ ਦੇ ਇਲਾਜ ਦੇ ਵੱਡੇ ਖ਼ਰਚੇ ਲਈ ਇੱਕ ਦਫ਼ਾ ਕਿਡਨੀ ਵੇਚਣ ਦਾ ਵੀ ਮਨ ਬਣਾਇਆ ਸੀ। ਉਦੋਂ ਹੀ ਪਤਨੀ ਨੇ ਸਾਰਾ ਸੋਨਾ ਉਤਾਰ ਕੇ ਦੇ ਦਿੱਤਾ। ਮੁਕਤਸਰ ਦੇ ਪਿੰਡ ਬੁੱਟਰ ਦੇ ਅਧਿਆਪਕ ਅੰਗਰੇਜ਼ ਸਿੰਘ ਨੇ ਤਾਂ ਆਪਣੀ ਪਤਨੀ ਦੇ ਦਿਲ ਦੀ ਸਰਜਰੀ ਲਈ ਪੰਜ ਲੱਖ ਦਾ ਕਰਜ਼ੇ ਲੈਣ ਲਈ ਜ਼ਮੀਨ ਵੀ ਗਿਰਵੀ ਕਰ ਦਿੱਤੀ ਹੈ। ਹੁਣ ਪੂਰਾ ਪਰਿਵਾਰ ਕੱਖੋਂ ਹੌਲਾ ਹੋ ਗਿਆ ਹੈ। ਰੋਪੜ ਦਾ ਅਧਿਆਪਕ ਅਰਸ਼ਦੀਪ ਤੰਗੀ ਤੁਰਸ਼ੀ ਅੱਗੇ ਏਨਾ ਲਿਫਿਆ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਅਖ਼ੀਰ ਦਿਲ ਦੇ ਦੌਰੇ ਨੇ ਜਾਨ ਲੈ ਲਈ। ਇਵੇਂ ਹੀ ਪੰਜਾਬ ਵਿਚ ਕਰੀਬ 50 ਹਜ਼ਾਰ ਟੈੱਟ ਪਾਸ ਨੌਜਵਾਨ ਵੀ ਹਕੂਮਤ ਦਾ ਚੀੜ੍ਹਾ ਰੂਪ ਦੇਖ ਰਹੇ ਹਨ। ਇਹ ਸਿੱਖਿਆ ਮਹਿਕਮੇ ਦੀ ਹਰ ਪ੍ਰੀਖਿਆ ਚੋਂ ਪਾਰਸ ਬਣ ਕੇ ਨਿਕਲੇ, ਫਿਰ ਵੀ ਉਨ੍ਹਾਂ ਦੇ ਹੱਥ ਖ਼ਾਲੀ ਹਨ।
ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਹਲੇਰ ਦੇ ਸਤਨਾਮ ਸਿੰਘ ਠੀਕ ਚਾਰ ਵਾਰ ਟੈੱਟ ਪਾਸ ਕੀਤਾ। ਪਹਿਲਾਂ ਮਾਪਿਆਂ ਨਾਲ ਦੀਵੇ ਬਣਾਉਣ ਦਾ ਕੰਮ ਕੀਤਾ ਜਦੋਂ ਉਹ ਜ਼ਿੰਦਗੀ ਹਨੇਰ ਲੱਗੀ ਤਾਂ ਸਬਜ਼ੀ ਵੇਚਣ ਲੱਗ ਗਿਆ। ਇੱਕ ਲੱਖ ਰੁਪਏ ਕਰਜ਼ਾ ਚੁੱਕ ਕੇ ਟੈਂਪੂ ਬਣਾਇਆ। ਪਿੰਡਾਂ ਵਿਚ ਹੁਣ ਹੋਕੇ ਮਾਰ ਮਾਰ ਕੇ ਕੌਮ ਦਾ ਸਿਰਜਣਹਾਰ ਆਲੂ-ਗੰਢੇ ਵੇਚ ਰਿਹਾ ਹੈ। ਸੰਗਰੂਰ ਦੇ ਪਿੰਡ ਸ਼ੇਰੋਂ ਦਾ ਮੱਖਣ ਸਿੰਘ 14 ਵਰ੍ਹਿਆਂ ਦਾ ਸੀ ਜਦੋਂ ਉਹ ਰਾਤ ਨੂੰ ਢਾਈ ਵਜੇ ਇੱਟਾਂ ਦੇ ਭੱਠੇ ਤੇ ਪੁੱਜ ਕੇ ਇੱਟਾਂ ਪੱਥਦਾ ਸੀ। ਐੱਮ.ਏ,ਐੱਮ.ਐਡ ਤੇ ਟੈੱਟ ਪਾਸ ਹੁਣ ਪੱਕਾ ਪਥੇਰ ਬਣ ਕੇ ਰਹਿ ਗਿਆ। ਹਕੂਮਤਾਂ ਨੇ ਪੱਲਾ ਛੱਡ ਦਿੱਤਾ ਤਾਂ ਉਸ ਦਾ ਉਤਸ਼ਾਹ ਤੇ ਉਮੀਦ ਵੀ ਦਮੋਂ ਨਿਕਲ ਗਏ ਹਨ। ਮਾਨਸਾ ਦੇ ਟੈੱਟ ਪਾਸ ਕੁਲਦੀਪ ਸਿੰਘ ਨੂੰ ਸਕੂਲ ਵੈੱਨ ਦਾ ਕਲੀਨਰ ਬਣਨਾ ਪੈ ਗਿਆ ਹੈ ਜਦੋਂ ਕਿ ਭਦੌੜ ਦੇ ਹਨੀਫ਼ ਨੂੰ ਖੱਦਰ ਭੰਡਾਰ ਤੇ ਸੇਲਜ਼ਮੈਨ ਬਣਨਾ ਪੈ ਗਿਆ ਹੈ। ਪਟਿਆਲਾ ਮੋਰਚੇ ਵਿਚ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਵੀ ਕੁੱਦੇ ਹੋਏ ਹਨ ਜਿਨ੍ਹਾਂ ਦੀ ਜਥੇਬੰਦੀ ਦੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਦਾ ਕਹਿਣਾ ਸੀ ਕਿ ਮਾਪਿਆਂ ਨੇ ਸਾਨੂੰ ਨਾਅਰੇ ਮਾਰਨ ਲਈ ਨਹੀਂ ਪੜ੍ਹਾਇਆ ਸੀ, ਸਰਕਾਰ ਖ਼ਾਲੀ ਅਸਾਮੀਆਂ ਤੇ ਭਰਤੀ ਸ਼ੁਰੂ ਕਰੇ ਅਤੇ ਨਵੀਆਂ ਅਸਾਮੀਆਂ ਪੈਦਾ ਕਰੇ।
ਮੁੱਕਰ ਜਾਣਾ ਸਰਕਾਰਾਂ ਦਾ ਦਸਤੂਰ ਪੁਰਾਣਾ : ਸਾਲ 2011 ਵਿਚ ਹੋਈ ਟੈੱਟ ਪ੍ਰੀਖਿਆ ‘ਚ 1.55 ਲੱਖ ਚੋਂ ਅੱਠ ਹਜ਼ਾਰ ਅਧਿਆਪਕ ਪਾਸ ਹੋਏ। ਇਨ੍ਹਾਂ ਵਿੱਚੋਂ 5178 ਅਸਾਮੀਆਂ ‘ਚੋਂ ਸਿਰਫ਼ 2500 ਉੱਪਰ ਭਰਤੀ ਹੋਈ। ਸਰਕਾਰ ਨੇ ਤਿੰਨ ਵਰ੍ਹੇ ਛੇ ਹਜ਼ਾਰ ਦੇਣ ਤਨਖ਼ਾਹ ਦੇਣ ਦਾ ਵਾਅਦਾ ਕੀਤਾ। ਉਸ ਮਗਰੋਂ ਰੈਗੂਲਰ ਕੀਤੇ ਜਾਣੇ ਸਨ। ਕੈਪਟਨ ਹਕੂਮਤ ਮੁੱਕਰ ਗਈ ਹੈ ਜਦੋਂ ਕਿ ਸਭਨਾਂ ਤੋਂ ਮਜ਼ਬੂਤ ਕੇਸ ਇਨ੍ਹਾਂ ਅਧਿਆਪਕਾਂ ਦਾ ਹੈ ਜੋ ਹੁਣ 2017 ਤੋਂ ਪੱਕੀ ਨਿਯੁਕਤੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ।