ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫਤਾਰ

ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫਤਾਰ

ਪਟਿਆਲਾ/ਬਿਊਰੋ ਨਿਊਜ਼ :

ਪਟਿਆਲਾ ਪੁਲਿਸ ਤੇ ਰਾਜਸਥਾਨ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਸ ਸਾਜ਼ਿਸ਼ ‘ਚ ਸ਼ਾਮਿਲ ਖਾਲਿਸਤਾਨ ਪੱਖੀ ਇਕ ਖਾੜਕੂ ਨੂੰ ਪਟਿਆਲਾ ਪੁਲਿਸ ਨੇ ਰਾਜਸਥਾਨ ਪੁਲਿਸ ਦੀ ਮਦਦ ਨਾਲ ਬੀਕਾਨੇਰ ਜ਼ਿਲ੍ਹੇ ਤੋਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਖਾੜਕੂ ਦੀ ਪਛਾਣ ਜਰਮਨ ਸਿੰਘ ਵਜੋਂ ਹੋਈ ਹੈ ਜਿਸ ਨੂੰ ਪੁਲਿਸ ਨੇ ਰਾਜਸਥਾਨ ਦੇ ਜ਼ਿਲ੍ਹਾ ਬੀਕਾਨੇਰ ਅਧੀਨ ਪੈਂਦੇ ਪਿੰਡ ਨਵਾਗਾਉਂ ਤੋਂ ਗ੍ਰਿਫ਼ਤਾਰ ਕੀਤਾ ਦੱਸਿਆ ਜਾਂਦਾ ਹੈ।
ਇਸ ਬਾਰੇ ਖੁਲਾਸਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਜਰਮਨ ਸਿੰਘ ਪੰਜਾਬ ਤੋਂ ਉੱਤਰ ਪ੍ਰਦੇਸ਼ ਫ਼ਰਾਰ ਹੋ ਗਿਆ ਸੀ। ਯੂਪੀ ਵਿਚ ਉਹ ਤੇ ਉਸ ਦੇ ਸਾਥੀਆਂ ਵਲੋਂ ਇਕ ਪੁਲਿਸ ਚੈੱਕ ਪੋਸਟ ‘ਤੇ ਹਮਲਾ ਕਰਕੇ ਪੁਲਿਸ ਦੇ ਸਿਪਾਹੀ ਅਤੇ ਹੋਮ ਗਾਰਡ ਦੇ ਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਰਾਈਫਲਾਂ ਖੋਹ ਕੇ ਫਰਾਰ ਹੋ ਗਏ ਸਨ। ਇਸ ਪਿਛੋਂ ਉੱਤਰ ਪ੍ਰਦੇਸ਼ ਪੁਲਿਸ ਨੇ 15 ਅਕਤੂਬਰ ਨੂੰ ਕਰਮ ਸਿੰਘ, ਅਮਰੀਕ ਸਿੰਘ ਅਤੇ ਗੁਰਜੰਟ ਸਿੰਘ ਨਾਂਅ ਦੇ ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਜਰਮਨ ਸਿੰਘ ਫ਼ਰਾਰ ਹੋ ਗਿਆ ਸੀ। ਸਿੱਧੂ ਨੇ ਦੱਸਿਆ ਕਿ ਸੀਆਈਏ. ਸਟਾਫ਼ ਪਟਿਆਲਾ ਦੇ ਮੁਖੀ ਸ਼ਮਿੰਦਰ ਸਿੰਘ ਨੂੰ ਜਰਮਨ ਸਿੰਘ ਦੀ ਰਾਜਸਥਾਨ ਵਿਚ ਮੌਜੂਦਗੀ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਬਾਰੇ ਪਟਿਆਲਾ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਰਾਜਸਥਾਨ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਜਰਮਨ ਸਿੰਘ ਨੂੰ ਜ਼ਿਲ੍ਹਾ ਬੀਕਾਨੇਰ ਦੇ ਪਿੰਡ ਨਵਾਗਾਉਂ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਜਰਮਨ ਸਿੰਘ ਪੁਲਿਸ ਨੂੰ ਹੋਰਨਾਂ ਮਾਮਲਿਆਂ ‘ਚ ਵੀ ਲੋੜੀਂਦਾ ਸੀ ਜਿਸ ਨੂੰ ਪਟਿਆਲਾ ਲਿਆ ਕੇ ਪੁੱਛ ਗਿੱਛ ਕੀਤੀ ਜਾਵੇਗੀ।