ਕਾਰੂੰ ਦਾ ਖਜ਼ਾਨਾ : ਬਾਦਲ ਪਰਿਵਾਰ ਕੋਲ ਸੋਨੇ ਤੇ ਜ਼ਮੀਨਾਂ ਦਾ ਵੱਡਾ ਜ਼ਖੀਰਾ

ਕਾਰੂੰ ਦਾ ਖਜ਼ਾਨਾ : ਬਾਦਲ ਪਰਿਵਾਰ ਕੋਲ ਸੋਨੇ ਤੇ ਜ਼ਮੀਨਾਂ ਦਾ ਵੱਡਾ ਜ਼ਖੀਰਾ

ਬੀਬਾ ਬਾਦਲ ਕੋਲ ਗਹਿਣਿਆਂ ਦੇ ਅੰਬਾਰ

ਬਠਿੰਡਾ/ਬਿਊਰੋ ਨਿਊਜ਼ :

ਇਤਿਹਾਸ ਵਿਚ ਕਾਰੂੰ ਬਾਦਸ਼ਾਹ ਦੇ ਖਜ਼ਾਨੇ ਬਾਰੇ ਬਹੁਤ ਸਾਰੀਆਂ ਮਿੱਥਾਂ ਤੇ ਦਿਲਚਸਪ ਕਹਾਣੀਆਂ ਦਾ ਜ਼ਿਕਰ ਆਉਂਦਾ ਹੈ। ਖਸਤਾ ਹਾਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦਾ ਖਜ਼ਾਨਾ ਸ਼ਾਇਦ ਕਾਰੂੰ ਦੇ ਖਜ਼ਾਨੇ ਨੂੰ ਵੀ ਮਾਤ ਪਾ ਜਾਵੇਗਾ। ਪਰਕਾਸ਼ ਸਿੰ ਬਾਦਲ ਦੀ ਨੂੰਹ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਹੜੇ ‘ਚ ਸੋਨੇ ਤੇ ਮਹਿੰਗੀਆਂ ਜ਼ਮੀਨਾਂ ਦੇ ਤੋਹਫ਼ੇ ਛੱਪਰ ਪਾੜ ਕੇ ਡਿੱਗਦੇ ਆ ਰਹੇ ਹਨ। ਬੀਬੀ ਬਾਦਲ ਕੋਲ ਏਨਾ ਸੋਨਾ ਹੈ ਜਿੰਨਾ ਕਿਸੇ ਗ਼ਰੀਬ ਦੇ ਪੀਪੇ ‘ਚ ਆਟਾ ਨਹੀਂ ਹੁੰਦਾ। ਹਾਲਾਂਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ‘ਮਜੀਠੀਆ ਪਰਿਵਾਰ’ ਦੇ ਮਾਲੀ ਪਿਛੋਕੜ ‘ਤੇ ਵਿਅੰਗ ਕਸੇ ਸਨ ਪ੍ਰੰਤੂ ਮਜੀਠੀਆ ਪਰਿਵਾਰ ਨੇ ਆਪਣੀ ਧੀ ਹਰਸਿਮਰਤ ਨੂੰ 2017-18 ਦੌਰਾਨ ਕਰੋੜਾਂ ਰੁਪਏ ਦਾ ਤੋਹਫ਼ਾ ਦਿੱਤਾ ਹੈ। ਹਰਸਿਮਰਤ ਕੌਰ ਨੂੰ ਆਪਣੇ ਮਾਪਿਆਂ ਤੋਂ ਕਰੀਬ 19 ਏਕੜ ਬਹੁਕੀਮਤੀ ਜ਼ਮੀਨ ‘ਤੋਹਫ਼ੇ’ ਵਿਚ ਮਿਲੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਕੋਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜੋ ਸਾਲ 2017-18 ਦੇ ਜਾਇਦਾਦ ਦੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ਅਨੁਸਾਰ ਸਤਿਆਜੀਤ ਸਿੰਘ ਮਜੀਠੀਆ, ਗੁਰਮੇਹਰ ਸਿੰਘ ਮਜੀਠੀਆ ਅਤੇ ਬਿਕਰਮਜੀਤ ਸਿੰਘ ਨੇ 153 ਕਨਾਲ਼ਾਂ 12 ਮਰਲੇ ਦੀ ‘ਗਿਫ਼ਟ ਡੀਡ’ 11 ਅਕਤੂਬਰ 2017 ਅਤੇ 21 ਦਸੰਬਰ 2017 ਨੂੰ ਹਰਸਿਮਰਤ ਕੌਰ ਬਾਦਲ ਦੇ ਨਾਮ ਕਰਾਈ ਹੈ। ਜ਼ਿਲਾ ਸਿਰਸਾ (ਹਰਿਆਣਾ) ਦੇ ਰਾਣੀਆ ਵਿਚ ਬੀਬਾ ਬਾਦਲ ਦੇ ਨਾਮ ‘ਤੇ ਕਰੀਬ ਪੌਣੇ 31 ਏਕੜ ਖੇਤੀ ਵਾਲੀ ਜ਼ਮੀਨ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਦੇ ਨਾਮ ‘ਤੇ ਇੱਕ ‘ਗਿਫ਼ਟ ਡੀਡ’ 20 ਅਕਤੂਬਰ 2016 ਨੂੰ ਵੀ ਹੋਈ ਸੀ ਜੋ 255 ਕਨਾਲ਼ 12 ਮਰਲੇ ਦੀ ਸੀ। ਦੋ ਸਾਲ ਪਹਿਲਾਂ ਤੱਕ ਬੀਬੀ ਬਾਦਲ ਦੇ ਨਾਮ ‘ਤੇ ਖੇਤੀਬਾੜੀ ਵਾਲੀ ਕੋਈ ਜ਼ਮੀਨ ਨਹੀਂ ਸੀ। ਤੱਥਾਂ ਅਨੁਸਾਰ ਕੇਂਦਰੀ ਮੰਤਰੀ ਬਾਦਲ ਨੇ 2017-18 ਦੌਰਾਨ ਆਪਣੀ ਧੀ ਗੁਰਲੀਨ ਕੌਰ ਨੂੰ 20 ਏਕੜ ਦਾ ਤੋਹਫ਼ਾ ਦਿੱਤਾ ਹੈ। ਬੀਬੀ ਬਾਦਲ ਨੇ 20 ਸਤੰਬਰ 2017 ਅਤੇ 31 ਅਕਤੂਬਰ 2017 ਨੂੰ ‘ਗਿਫ਼ਟ ਡੀਡ’ ਜ਼ਰੀਏ ਆਪਣੀ ਧੀ ਨੂੰ 162 ਏਕੜ 18 ਮਰਲੇ ਜ਼ਮੀਨ ਦੀ ਸੌਗਾਤ ਦਿੱਤੀ ਸੀ। ਹਰਸਿਮਰਤ ਨੂੰ ਸਭ ਤੋਂ ਪਹਿਲਾਂ ਆਪਣੀ ਸੱਸ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਸੀਅਤ ਰਾਹੀਂ ਗਹਿਣੇ ਮਿਲੇ ਸਨ। ਇਸ ਵੇਲੇ ਬੀਬੀ ਬਾਦਲ ਕੋਲ ਕਰੀਬ 21.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਹਨ ਜਿਨ੍ਹਾਂ ਦੀ ਕੀਮਤ 7.03 ਕਰੋੜ ਰੁਪਏ ਬਣਦੀ ਹੈ। ਵੇਰਵਿਆਂ ਅਨੁਸਾਰ ਬੀਬਾ ਬਾਦਲ ਨੇ ਸਭਨਾਂ ਕੇਂਦਰੀ ਮਹਿਲਾ ਵਜ਼ੀਰਾਂ ਨੂੰ ਸੋਨੇ ਦੇ ਮਾਮਲੇ ‘ਚ ਪਿੱਛੇ ਛੱਡ ਦਿੱਤਾ ਹੈ। ਮੇਨਕਾ ਗਾਂਧੀ ਕੋਲ ਸਵਾ ਕਰੋੜ ਰੁਪਏ ਦੇ ਗਹਿਣੇ ਹਨ। ਜਦੋਂ ਬੀਬੀ ਬਾਦਲ ਕੇਂਦਰੀ ਮੰਤਰੀ ਬਣੀ ਸੀ ਤਾਂ ਉਦੋਂ ਉਨ੍ਹਾਂ ਕੋਲ 5.40 ਕਰੋੜ ਦੀ ਜਿਊਲਰੀ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਲ 2014-15 ਦੌਰਾਨ ਬੀਬੀ ਬਾਦਲ ਨੂੰ 11.92 ਕਰੋੜ ਰੁਪਏ ਦੇ ਔਰਬਿਟ ਰਿਜ਼ੌਰਟ ਲਿਮਟਿਡ ਦੇ ਸ਼ੇਅਰ ਗਿਫ਼ਟ ਕੀਤੇ ਸਨ। ਇਵੇਂ ਹੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਵਿਚਲੇ ਰਿਹਾਇਸ਼ੀ ਮਕਾਨ ਦੀ ਜ਼ਮੀਨ ਤੋਹਫ਼ੇ ਵਿਚ ਮਿਲੀ ਸੀ। ਸੁਖਬੀਰ ਸਿੰਘ ਕੋਲ ਇਸ ਵਕਤ 9 ਲੱਖ ਰੁਪਏ ਦੀ ਜਿਊਲਰੀ ਹੈ ਅਤੇ ਦੋ ਮੈਸੀ ਟਰੈਕਟਰ ਵੀ ਹਨ। ਬਾਦਲ ਪਰਿਵਾਰ ਕੋਲ 29.70 ਲੱਖ ਦੇ ਖੇਤੀ ਮਸ਼ੀਨਰੀ ਤੇ ਸੰਦਾਂ ਤੋਂ ਇਲਾਵਾ 10.31 ਲੱਖ ਦਾ ਬਾਲਾਸਰ ਫਾਰਮ ਹਾਊਸ ਵਿਚ ਫ਼ਰਨੀਚਰ ਹੈ। ਬਾਦਲ ਪਰਿਵਾਰ ਦਾ 11.06 ਕਰੋੜ ਦਾ ਪਿੰਡ ਬਾਦਲ ਵਿਚ ਰਿਹਾਇਸ਼ੀ ਮਕਾਨ ਵੀ ਹੈ ਜਿਸ ਵਿਚ 1.66 ਕਰੋੜ ਦਾ ਫ਼ਰਨੀਚਰ ਹੈ ਜਦੋਂ ਕਿ ਬਾਲਾਸਰ ਫਾਰਮ ਹਾਊਸ ‘ਚ 10.31 ਲੱਖ ਰੁਪਏ ਦਾ ਫ਼ਰਨੀਚਰ ਹੈ। ਸੁਖਬੀਰ ਬਾਦਲ ਦੇ ਪੁੱਤਰ ਦੇ ਇਕ ਬੈਂਕ ਖਾਤੇ ਵਿਚ ਕਰੀਬ 50.06 ਲੱਖ ਰੁਪਏ ਹਨ।ਇਸੇ ਤਰ੍ਹਾਂ ਚੰਡੀਗੜ੍ਹ ਨੇੜੇ ਸੁਖਵਿਲਾ ਰਿਜ਼ੌਰਟ, ਹਰਿਆਣਾ ਦੇ ਗੁੜਗਾਉਂ ਵਿਚ ਹੋਟਲ ਤੇ ਟੀਵੀ ਚੈਨਲ ਆਦਿ ਵੀ ਹਨ।
ਇਹ ਗੱਲ ਜੱਗ ਜ਼ਾਹਰ ਹੈ ਕਿ ਇਸ ਪਰਿਵਾਰ ਦੀ ਜਾਇਦਾਦ ਪੰਜਾਬ ਸਮੇਤ ਬਾਹਰਲੇ ਸੂਬਿਆਂ ਤੇ ਦੇਸ਼ਾਂ ਵਿਚ ਵੀ ਹੈ। ਚੱਲ-ਅਚੱਲ ਸੰਪਤੀ ਦੇ ਰੂਪ ਵਿਚ ਇਹ ਉਹ ਜਾਇਦਾਦ ਹੈ, ਜਿਸ ਦਾ ਵੇਰਵਾ ਬਾਦਲ ਪਰਿਵਾਰ ਖੁਦ ਦੇ ਰਿਹਾ ਹੈ।