ਏਸ਼ਿਆਈ ਕੁਸ਼ਤੀ ਮੁਕਬਾਲੇ ਵਿਚ ਸਾਕਸ਼ੀ, ਵਿਨੇਸ਼ ਤੇ ਦਿਵਿਆ ਨੇ ਜਿੱਤੇ ਚਾਂਦੀ ਦੇ ਤਗਮੇ

ਏਸ਼ਿਆਈ ਕੁਸ਼ਤੀ ਮੁਕਬਾਲੇ ਵਿਚ ਸਾਕਸ਼ੀ, ਵਿਨੇਸ਼ ਤੇ ਦਿਵਿਆ ਨੇ ਜਿੱਤੇ ਚਾਂਦੀ ਦੇ ਤਗਮੇ
ਕੈਪਸ਼ਨ-ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਚਾਂਦੀ ਦੇ ਤਗਮੇ ਵਿਖਾਉਂਦੀਆਂ ਹੋਈਆਂ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਤੇ ਦਿਵਿਆ ਕਾਕਰਾਨ ਇਥੇ ਸੀਨੀਅਰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਮਹਿਲਾ ਵਰਗ ਵਿੱਚ ਜਪਾਨੀ ਪਾਵਰਹਾਊਸ ਦੀ ਚੁਣੌਤੀ ਅੱਗੇ ਇਤਿਹਾਸ ਬਣਾਉਣ ਤੋਂ ਖੁੰਝ ਗਈਆਂ। ਤਿੰਨੇ ਪਹਿਲਵਾਨਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੂੰ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਨ ਤਗ਼ਮਿਆਂ ਦੀ ਆਸ ਸੀ, ਜੋ ਜਪਾਨੀ ਪਹਿਲਵਾਨਾਂ ਨੇ ਪੂਰੀ ਨਾ ਹੋਣ ਦਿੱਤੀ। ਹਾਲਾਂਕਿ ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਉਸ ਦੀਆਂ ਮਹਿਲਾ ਪਹਿਲਵਾਨਾਂ ਨੇ ਤਿੰਨ ਚਾਂਦੀ ਤੇ ਇਕ ਕਾਂਸੇ ਦਾ ਤਗ਼ਮਾ ਜਿੱਤਿਆ। ਇਨ੍ਹਾਂ ਤਗ਼ਮਿਆਂ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ ਛੇ ਹੋ ਗਈ ਹੈ ਜਿਸ ਵਿਚੋਂ ਤਿੰਨ ਚਾਂਦੀ ਦੇ ਹਨ।
ਸਾਕਸ਼ੀ ਮਲਿਕ ਨੇ 60 ਕਿਲੋ, ਵਿਨੇਸ਼ ਫੋਗਾਟ ਨੇ 55 ਤੇ ਦਿਵਿਆ ਕਾਕਰਾਨ ਨੇ 69 ਕਿਲੋ ਭਾਰ ਵਰਗ ਵਿੱਚ ਤਗ਼ਮੇ ਜਿੱਤੇ ਜਦਕਿ ਰਿੱਤੂ ਫੋਗਾਟ ਨੂੰ 48 ਕਿਲੋ ਵਰਗ ਵਿੱਚ ਕਾਂਸੇ ਦਾ ਤਗ਼ਮਾ ਮਿਲਿਆ। ਜਿਓਤੀ ਨੇ 75 ਕਿਲੋ ਵਿੱਚ ਬੀਤੇ ਦਿਨ ਕਾਂਸੇ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ ਸੀ।
ਸਾਕਸ਼ੀ ਨੂੰ ਜਪਾਨ ਦੀ ਰਿਸਾਕੋ ਕਵਾਈ ਨੇ ਪੌਣੇ ਤਿੰਨ ਮਿੰਟ ਵਿੱਚ ਇਕਪਾਸੜ ਮੁਕਾਬਲੇ ਵਿੱਚ 10-0 ਦੇ ਫਰਕ ਨਾਲ ਹਰਾਇਆ। ਜਪਾਨੀ ਪਹਿਲਵਾਨ ਵੱਲੋਂ ਲਗਾਤਾਰ ਦਸ ਅੰਕ ਲੈਂਦਿਆਂ ਹੀ ਤਕਨੀਕੀ ਅਧਾਰ ਉੱਤੇ ਉਸ ਨੂੰ ਜੇਤੂ ਐਲਾਨ ਦਿੱਤਾ ਗਿਆ। ਵਿਨੇਸ਼ ਫੋਗਾਟ ਨੇ ਹਾਲਾਂਕਿ ਜਪਾਨ ਦੀ ਸੇਈ ਨਾਂਜੋ ਨੂੰ ਕੁਝ ਟੱਕਰ ਦਿੱਤੀ, ਪਰ ਉਸ ਨੂੰ 4-8 ਦੀ ਸ਼ਿਕਸਤ ਨਾਲ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਦਿਨ ਦੇ ਆਖਰੀ ਮੁਕਾਬਲੇ ਵਿੱਚ ਦਿਵਿਆ ਕਾਕਰਾਨ ਨੂੰ ਜਪਾਨ ਦੀ ਸਾਰਾ ਦੋਸ਼ੋ ਨੇ ਸਵਾ ਚਾਰ ਮਿੰਟ ਵਿੱਚ 8-0 ਨਾਲ ਚਿੱਤ ਕੀਤਾ।
ਤਗ਼ਮਾ ਜਿੱਤਣ ਵਾਲੇ ਪਹਿਲਵਾਨ ਦਾ ਸਨਮਾਨ
ਫਰੀਦਕੋਟ : ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਫਰੀਦਕੋਟ ਵੱਲੋਂ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪਿਛਲੇ ਦਿਨੀਂ ਭਾਰਤ ਲਈ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਪਹਿਲਵਾਨ ਹਰਪ੍ਰੀਤ ਸਿੰਘ ਦਾ ਸਨਮਾਨ ਕੀਤਾ ਗਿਆ। ਹਰਪ੍ਰੀਤ ਨਿੱਕਾ ਹੁੰਦਾ ਇਸੇ ਅਖਾੜੇ ਵਿਚੋਂ ਪਹਿਲਵਾਨੀ ਦੇ ਗੁਰ ਸਿੱਖਦਾ ਰਿਹਾ ਹੈ। ਪਹਿਲਵਾਨ ਦੇ ਸਨਮਾਨ ਮੌਕੇ ਬਾਬਾ ਫਰੀਦ ਰੈਸਲਿੰਗ ਐਸੋਸੀਏਸ਼ਨ ਅਤੇ ਬਾਬਾ ਫਰੀਦ ਕੁਸ਼ਤੀ ਅਖਾੜੇ ਦੇ ਅਹੁਦੇਦਾਰ, ਮੈਂਬਰ, ਕੁਸ਼ਤੀ ਪ੍ਰਮੋਟਰ ਅਤੇ ਹੋਰ ਪਹਿਲਵਾਨ ਹਾਜ਼ਰ ਸਨ। ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਬਰਾੜ ਭੋਲੂਵਾਲਾ ਨੇ ਹਰਪ੍ਰੀਤ ਵੱਲੋਂ ਮੁਲਕ ਲਈ ਤਗ਼ਮਾ ਜਿੱਤਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।