ਬਰਗਾੜੀ ਵਿਚ ਮਨੁੱਖੀ ਜਜ਼ਬਿਆਂ ਦਾ ਹੜ੍ਹ ਆਇਆ

ਬਰਗਾੜੀ ਵਿਚ ਮਨੁੱਖੀ ਜਜ਼ਬਿਆਂ ਦਾ ਹੜ੍ਹ ਆਇਆ

ਹਿਮਾਨ ਸੰਪਾਦਕੀ
ਕਰਮਜੀਤ ਸਿੰਘ
ਮੋ. 99150-91063

ਖਾਲਸਾ ਪੰਥ ਦੇ ਇਤਿਹਾਸ ਵਿੱਚ ਇਹ ਗੱਲ ਘੱਟ ਹੀ ਦੇਖਣ ਵਿੱਚ ਆਈ ਹੈ ਜਦੋਂ ਕੋਈ ਪਿੰਡ ਪੰਜਾਬ ਦਾ ਇਤਿਹਾਸ ਸਿਰਜ ਰਿਹਾ ਹੋਵੇ। ਪਰ ਬਰਗਾੜੀ ਪਿੰਡ ਹੁਣ ਅੰਤਰਰਾਸ਼ਟਰੀ ਰਾਡਾਰ ਉਤੇ ਆ ਗਿਆ ਹੈ ਜਿੱਥੇ ਇਕ ਤੋਂ ਵੱਧ ਹੈਰਾਨੀਜਨਕ ਚਮਤਕਾਰ ਵਾਪਰ ਰਹੇ ਹਨ।
ਅੱਜ ਮੈਂ ਉਸ ਇਕੱਠ ਦਾ ਹੀ ਜ਼ਿਕਰ ਕਰਾਂਗਾ ਜਿੱਥੇ ਬਰਗਾੜੀ ਦੇ ਚਾਰੇ ਪਾਸੇ ਮਨੁੱਖੀ ਜਜ਼ਬਿਆਂ ਦੇ ਦਰਿਆ ਵਗ ਰਹੇ ਸਨ। ਇਹ ਇਕੱਠ ਦੋ ਨੌਜਵਾਨ ਸ਼ਹੀਦਾਂ ਦੀ ਯਾਦ ਵਿਚ ਹੋ ਰਿਹਾ ਸੀ ਜਿਹੜੇ ਬਾਦਲ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ ਅਤੇ ਜੋ ਉਸ ਇਕੱਠ ਦਾ ਹਿੱਸਾ ਸਨ ਜੋ ਅੰਮ੍ਰਿਤ ਵੇਲੇ ਪੁਰਅਮਨ ਰਹਿ ਕੇ ਗੁਰਬਾਣੀ ਦਾ ਜਾਪ ਕਰ ਰਹੇ ਸਨ ਅਤੇ ਗੋਲੀਆਂ ਉਸ ਸਰਕਾਰ ਵਲੋਂ ਚਲਾਈਆਂ ਗਈਆਂ ਸਨ ਜੋ ਆਪਣੇ ਆਪ ਨੂੰ ਪੰਥ ਦੀ ਸਰਕਾਰ ਕਿਹਾ ਕਰਦੀ ਸੀ। ਇਤਿਹਾਸ ਦਾ ਇਹ ਕੈਸਾ ਮਜ਼ਾਕ ਸੀ ਕਿ ਵੱਡੇ ਤੇ ਛੋਟੇ ਬਾਦਲ ਦੋਵਾਂ ਵਿਚ ਹੀ ਉਸ ਦਿਨ ਜ਼ਕਰੀਆ ਖਾਂ ਦੀ ਰੂਹ ਪ੍ਰਵੇਸ਼ ਕਰ ਗਈ ਸੀ, ਜਿਸ ਨੇ 18ਵੀਂ ਸਦੀ ਦੇ ਇਕ ਦੌਰ ਵਿਚ ਸਿੱਖਾਂ ਉੱਤੇ ਜ਼ੁਲਮ ਦੀ ਹਨ੍ਹੇਰੀ ਚਲਾ ਦਿੱਤੀ ਸੀ।
ਇਹ ਇਕੱਠ ਏਨਾ ਵੱਡਾ ਸੀ ਕਿ ਇਸ ਵਿਚ ਲੋਕ ਮਨਾਂ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਿਰੁੱਧ ਸਾਰਾ ਗੁੱਸਾ, ਰੋਸ ਅਤੇ ਦਰਦ ਬਰਗਾੜੀ ਉਤੇ ਕੇਂਦਰਿਤ ਹੋ ਗਿਆ ਸੀ। ਇਸ ਇਕੱਠ ਨੂੰ ਜਿਸ ਕਿਸੇ ਨੇ ਵੀ, ਇਕ ਵਾਰ ਵੀ ਦੇਖ ਲਿਆ, ਉਸ ਦੇ ਅੰਦਰ ਇਹੋ ਅਹਿਸਾਸ ਪੈਦਾ ਹੁੰਦਾ ਸੀ ਕਿ ਜੇ ਮੈਂ ਇਸ ਇਕੱਠ ਵਿਚ ਨਾ ਆਉਂਦਾ ਤਾਂ ਕਈ ਸਾਲ ਪਛਤਾਉਂਦਾ ਰਹਿੰਦਾ। ਇਕੱਠ ਵਿਚ ਏਨਾ ਉਤਸ਼ਾਹ ਸੀ, ਏਨਾ ਭਰਪੂਰ ਜਜ਼ਬਾ ਸੀ, ਏਨੀ ਹੈਰਾਨਜਨਕ ਸਰਗਰਮੀ ਸੀ ਕਿ ਖੁਸ਼ੀ ਦੇ ਹੰਝੂ ਵਗਾ ਕੇ ਹੀ ਇਸ ਇਕੱਠ ਨੂੰ ਮਾਣਿਆ ਜਾ ਸਕਦਾ ਸੀ। ਇਕੱਠ ਨੂੰ ਚੰਗੀ ਤਰ੍ਹਾਂ ਦੇਖਣ ਲਈ ਮੈਨੂੰ ਸਟੇਜ ਉਤੇ ਵੀ ਬੈਠਣ ਦਾ ਮੌਕਾ ਮਿਲਿਆ ਜਿੱਥੇ ਦਰਜਨਾਂ ਜਥੇਬੰਦੀਆਂ, ਰਾਜਸੀ ਪਾਰਟੀਆਂ ਅਤੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਉੱਘੀਆਂ ਹਸਤੀਆਂ ਮੌਜੂਦ ਸਨ, ਪਰ ਮੇਰਾ ਇਰਾਦਾ ਇਹਨਾਂ ਆਗੂਆਂ ਦੇ ਭਾਸ਼ਣ ਸੁਣਨ ਦੀ ਥਾਂ ਇਕੱਠ ਦੇ ਦਿਲਾਂ ਵਿਚ ਉਤਰਨ ਦਾ ਸੀ।
ਇਹ ਗੱਲ ਬੜੀ ਹੈਰਾਨੀ ਅਤੇ ਦਿਲਚਸਪੀ ਨਾਲ ਸੁਣੀ-ਪੜ੍ਹੀ ਜਾਵੇਗੀ ਕਿ ਜਦੋਂ ਮੈਂ ਟ੍ਰੈਫਿਕ ਦੇ ਇਕ ਸੀਨੀਅਰ ਅਫ਼ਸਰ ਨਾਲ ਇਕੱਠ ਦੇ ਸੁਭਾਅ ਬਾਰੇ ਸਵਾਲ ਕੀਤੇ ਤਾਂ ਉਹਨਾਂ ਨੇ ਇਹ ਟਿੱਪਣੀ ਕਰਕੇ ਹੈਰਾਨ ਕਰ ਦਿੱਤਾ ਕਿ ਏਨਾ ਅਨੁਸ਼ਾਸਨ ਮੈਂ ਕਦੇ ਪਹਿਲਾਂ ਕਿਸੇ ਇਕੱਠ ਵਿਚ ਨਹੀਂ ਦੇਖਿਆ ਜਿੱਥੇ ਗੱਡੀਆਂ ਦੀ ਆਵਾਜਾਈ ਭਾਵੇਂ ਕੀੜੀ ਚਾਲ ਤੁਰਦੀ ਜਾ ਰਹੀ ਸੀ ਪਰ ਲੋਕਾਂ ਵਿਚ ਆਪ ਮੁਹਾਰੇ ਆਇਆ ਅਨੂਸ਼ਾਸਨ (ਡਸਿਪਲਨ) ਇਸ ਹੱਦ ਤੱਕ ਚਲਾ ਗਿਆ ਸੀ ਕਿ ਲੋਕਾਂ ਦੇ ਹੜ੍ਹ ਦੇ ਬਾਵਜੂਦ ਉਹ ਗੱਡੀਆਂ ਨੂੰ ਰਾਹ ਵੀ ਦੇ ਰਹੇ ਸਨ ਅਤੇ ਕੋਈ ਰੁਕਾਵਟ ਨਹੀਂ ਸਨ ਖੜ੍ਹੀ ਕਰ ਰਹੇ।
ਬਰਗਾੜੀ ਵਿਚ ਜਿੱਥੇ ਇਕ ਵਿਸ਼ਾਲ ਟੈਂਟ ਲੱਗਾ ਹੋਇਆ ਸੀ,ਉਸ ਦੇ ਨਾਲ ਹੀ ਕੋਟਕਪੂਰਾ-ਬਾਜਾਖਾਨਾ ਮੇਨ ਸੜਕ ਉਥੇ ਸਰਵਿਸ ਰੋਡ ਦੇ ਇਕ ਪਾਸੇ ਤਿੰਨ ਕਿਲੋਮੀਟਰ ਤਕ ਟਰਾਲੀਆਂ ਖੜ੍ਹੀਆਂ ਸਨ, ਜਿੱਥੇ ਮਰਦ, ਔਰਤਾਂ ਅਤੇ ਬੱਚੇ ਤਕ ਲੰਗਰ ਦੀ ਸੇਵਾ ਕਰ ਰਹੇ ਸਨ। ਇਹੋ ਜਿਹੇ ਇਕੱਠ ਮੈਂ ਅਮਰੀਕਾ ਦੇ ਯੂਬਾ ਸਿਟੀ ਵਿਚ ਦੇਖੇ ਸਨ ਜਿੱਥੇ ਲੋਕ ਆਪਣੇ ਘਰਾਂ ਵਿਚੋਂ ਲੰਗਰ ਪਕਾ ਕੇ ਵਿਸਾਖੀ ਦੇ ਮੇਲੇ ਉਤੇ ਲਿਆਉਂਦੇ ਅਤੇ ਸੰਗਤਾਂ ਦੀ ਸੇਵਾ ਕਰਦੇ।
ਇਕ ਅਧਿਆਪਕ ਸ਼ਿੰਦਰਪਾਲ ਸਿੰਘ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਅਨੋਖੇ ਇਕੱਠ ਦੀ ਕਿਵੇਂ ਵਿਆਖਿਆ ਕਰੋਗੇ? ਉਸ ਦਾ ਜਵਾਬ ਸੀ ਕਿ ਇਹ ਇਕੱਠ ਗੁੱਸੇ, ਰੋਸ ਅਤੇ ਦਰਦ ਦਾ ਸੰਗਮ ਸੀ, ਜਿਸ ਵਿਚ ਇਹ ਕਿਸੇ ਡੂੰਘੀ ਪੀੜ ਦੀ ਝਲਕ ਸੀ। ਉਹਨਾਂ ਕਿਹਾ ਕਿ ਜਿਹੜੀਆਂ ਗੱਲਾਂ ਹਾਸ਼ੀਏ ‘ਤੇ ਚਲੀਆਂ ਗਈਆਂ ਸਨ, ਉਹ ਫਿਰ ਕੇਂਦਰ ਵਿਚ ਆ ਗਈਆਂ ਸਨ। ਇਸ ਅਧਿਆਪਕ ਦਾ ਕਹਿਣਾ ਸੀ ਕਿ ਇਹ ਬੰਦਿਆਂ ਦਾ ਇਕੱਠ ਨਹੀਂ ਸੀ ਸਗੋਂ ਰੂਹਾਂ ਦਾ ਮੇਲ ਸੀ ਅਤੇ ਇਤਿਹਾਸ ਵਿਚ ਇਹੋ ਜਿਹੇ ਰੂਹਾਨੀ ਮੇਲੇ ਕਦੇ-ਕਦੇ ਹੀ ਲੱਗਦੇ ਹਨ। ਉਹਨਾਂ ਦੱਸਿਆ ਕਿ ਬਰਗਾੜੀ ਇਸ ਲਈ ਇਤਿਹਾਸ ਦਾ ਕੇਂਦਰ ਬਣਿਆ ਹੈ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੰਗਾਰ ਕੇ ਕੀਤੀ ਗਈ ਸੀ। ਜਦੋਂ ਇਹ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਗੁਰੂ ਲੱਭ ਲਓ ਅਸੀਂ ਚੋਰੀ ਕਰ ਲਿਆ ਹੈ। ਪਰ ਇਸ ਅਧਿਆਪਕ ਨੇ ਇਹ ਗੱਲ ਵੀ ਕੀਤੀ ਕਿ ਜੇਕਰ ਆਗੂਆਂ ਨੇ ਕੋਈ ਪ੍ਰੋਗਰਾਮ ਨਾ ਦਿੱਤਾ ਤਾਂ ਲੋਕ ਬਹੁਤ ਨਿਰਾਸ਼ ਹੋ ਜਾਣਗੇ। ਜਦੋਂ ਪੁੱਛਿਆ ਗਿਆ ਕਿ ਇਸ ਇਕੱਠ ਦੀ ਪ੍ਰਮੁੱਖ ਰੂਹ ਕਿਸ ਨੂੰ ਕਿਹਾ ਜਾਵੇ ਤਾਂ ਉਸ ਦਾ ਜਵਾਬ ਸੀ ਕਿ ਇਹ ਵੀ ਕੋਈ ਸੋਚਣ ਵਾਲੀ ਗੱਲ ਹੈ, ਬਿਨਾ ਸ਼ੱਕ ਧਿਆਨ ਸਿੰਘ ਮੰਡ ਇਸ ਇਕੱਠ ਦੇ ਰੂਹੇ ਰਵਾਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੀਐਚ.ਡੀ ਕਰ ਰਹੇ ਇੱਕ ਵਿਦਿਆਰਥੀ ਸਿਮਰਜੀਤ ਸਿੰਘ ਨੇ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਇਹ ਇਕੱਠ ‘ਸ਼ਬਦ ਦੀ ਚੇਤਨਾ’ ਦਾ ਅਸਲ ਪ੍ਰਕਾਸ਼ ਹੈ । ਵਿਸਮਾਦ ਦੇ ਵਿਸ਼ੇ ਉੱਤੇ ਪੀਐਚ.ਡੀ. ਕਰ ਰਹੇ ਇਸ ਵਿਦਿਆਰਥੀ ਦਾ ਕਹਿਣਾ ਸੀ ਕਿ ਪੜ੍ਹੇ-ਲਿਖੇ ਲੋਕਾਂ ਅੰਦਰ ਇੱਕ ਤਰਕ ਪ੍ਰਧਾਨ ਹੁੰਦਾ ਹੈ। ਉਹ ਘਟਨਾਵਾਂ ਨੂੰ ਤਰਕ ਦੇ ਨਜ਼ਰੀਏ ਤੋਂ ਹੀ ਵੇਖਦੇ ਹਨ ਜਦਕਿ ਅਨਪੜ੍ਹ ਲੋਕ ਵਿਸ਼ਵਾਸ ਵਿਚੋਂ ਹੀ ਜ਼ਿੰਦਗੀ ਦੀ ਅਸਲੀਅਤ ਨੂੰ ਲੱਭ ਲੈਂਦੇ ਹਨ। ਸਿਮਰਜੀਤ ਨੇ ਇਹ ਭਵਿੱਖਬਾਣੀ ਵੀ ਕੀਤੀ ਆਉਣ ਵਾਲੀਆਂ ਸੰਨ 2019 ਵਾਲੀਆਂ ਪਾਰਲੀਮਾਨੀ ਚੋਣਾਂ ਵਿਚ ਬੇਅਦਬੀ ਹੀ ਮੁੱਖ ਮੁੱਦਾ ਬਣੇਗੀ। ਪੰਜਾਬ ਪੁਲਿਸ ਦੇ ਇਕ ਡੀਐਸਪੀ. ਯਾਦਵਿੰਦਰ ਸਿੰਘ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਇਕੱਠ ਵਿਚ ਆਏ ਸਾਰੇ ਵਿਅਕਤੀ ਇਕ ਤਰ੍ਹਾਂ ਨਾਲ ਅਨੁਸ਼ਾਸਨ ਵਿਚ ਬੱਝੇ ਵਲੰਟੀਅਰ ਹੀ ਸਨ। ਜਦੋਂ ਮੈਂ ਇਕ ਹੋਰ ਪੁਲਿਸ ਅਫਸਰ ਨੂੰ ਪੁੱਛਿਆ ਕਿ 7 ਅਕਤੂਬਰ ਦੀ ਰੈਲੀ ਅਤੇ ਅੱਜ (੧੫ ਅਕਤੂਬਰ) ਦੀ ਰੈਲੀ ਵਿੱਚ ਗਿਣਤੀ ਪੱਖੋਂ ਕੀ ਫ਼ਰਕ ਹੈ ਤਾਂ ਉਸ ਦਾ ਜਵਾਬ ਸੀ ਕਿ ਕੇਵਲ 19-21 ਦਾ ਫ਼ਰਕ ਹੈ। ਜਦੋਂ ਮੈਂ ਹਾਸੇ ਵਿਚ ਪੁੱਛਿਆ ਕਿ 7 ਅਕਤੂਬਰ ਵਾਲੀ ਰੈਲੀ 19 ਹੈ ਤੇ ਇਹ ਰੈਲੀ 21 ਹੈ ਤਾਂ ਉਸ ਨੇ ਹਸਦਿਆਂ ਹੋਇਆਂ ਜਵਾਬ ਦਿੱਤਾ ਕਿ ਇਹ ਫੈਸਲਾ ਤੁਸੀਂ ਖੁਦ ਕਰੋ। ਇਸ ਇਕੱਠ ਦੀ ਇਕ ਖੂਬਸੂਰਤ ਅਤੇ ਅਚੰਭੇ ਵਾਲੀ ਗੱਲ ਇਹ ਸੀ ਕਿ ਪੰਡਾਲ ਦਾ ਇੱਕ ਪਾਸਾ ਬੀਬੀਆਂ ਨਾਲ ਭਰਿਆ ਹੋਇਆ ਸੀ। ਮੈਂ ਆਪਣੇ 40 ਸਾਲਾਂ ਦੇ ਪੱਤਰਕਾਰੀ ਅਨੁਭਵ ਵਿਚ ਸਿੱਖਾਂ ਦੇ ਕਿਸੇ ਇਕੱਠ ਵਿਚ ਬੀਬੀਆਂ ਦੀ ਏਨੀ ਭਾਰੀ ਗਿਣਤੀ ਹੋਰ ਕਿਸੇ ਇਕੱਠ ਵਿਚ ਨਹੀਂ ਦੇਖੀ ਸੀ। ਇਕੱਠ ਦਾ ਇਕ ਦਿਲਚਸਪ ਪਹਿਲੂ ਇਹ ਵੀ ਸੀ ਕਿ ਸਟੇਜ ਸਕੱਤਰ ਦੀ ਡਿਊਟੀ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਸੰਭਾਲੀ ਹੋਈ ਸੀ ਅਤੇ ਆਪਣੇ ਸ਼ਬਦਾਂ ਰਾਹੀਂ ਇੰਨੇ ਨਿਰਪੱਖ, ਭਾਵਪੂਰਤ ਅਤੇ ਸੰਜਮ ਵਿਚ ਸੰਭਾਲੀ ਹੋਈ ਸੀ ਕਿ ਪੰਡਾਲ ਵਿਚ ਇਕ ਪਲ ਲਈ ਵੀ ਅਨੁਸ਼ਾਸਨ ਵਿਚ ਵਿਘਨ ਨਹੀਂ ਪਿਆ। ਪੱਤਰਕਾਰਾਂ ਅਤੇ ਸੰਤ-ਮਹਾਂਪੁਰਸ਼ਾਂ ਲਈ ਬਕਾਇਦਾ ਵੱਖਰੀ ਥਾਂ ਨਿਸ਼ਚਿਤ ਕੀਤੀ ਗਈ ਸੀ। ਇਕੱਠ ਏਨਾ ਵੱਡਾ ਸੀ ਕਿ ਪ੍ਰਬੰਧਕਾਂ ਲਈ ਸੰਭਾਲਣਾ ਵੀ ਮੁਸ਼ਕਲ ਹੋ ਗਿਆ। ਮੈਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਉੱਘੀ ਨੇਤਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਆਮ ਸੰਗਤਾਂ ਵਿਚ ਹੀ ਬੈਠੇ ਹੋਏ ਸਨ। ਇਸ ਇਕੱਠ ਦੇ ਵੱਖ-ਵੱਖ ਪੱਖਾਂ ਬਾਰੇ ਮੈਂ ਅਗਲੇ ਲੇਖਾਂ ਵਿਚ ਵਿਸ਼ੇਸ਼ ਜ਼ਿਕਰ ਕਰਾਂਗਾ।