ਵਾਰਨਰ ਦੀ ਸਰਵੋਤਮ ਪਾਰੀ ਸਦਕਾ ਸਨਰਾਈਜ਼ਰਜ਼ ਨੇ ਕੇਕੇਆਰ ਨੂੰ ਪਛਾੜਿਆ

ਵਾਰਨਰ ਦੀ ਸਰਵੋਤਮ ਪਾਰੀ ਸਦਕਾ ਸਨਰਾਈਜ਼ਰਜ਼ ਨੇ ਕੇਕੇਆਰ ਨੂੰ ਪਛਾੜਿਆ
ਕੈਪਸ਼ਨ-ਹੈਦਰਾਬਾਦ ਵਿੱਚ ਐਤਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਖਿਲਾਫ਼ ਮੈਚ ਦੌਰਾਨ ਸੈਂਕੜਾ ਜੜ ਕੇ ਖੁਸ਼ੀ ਪ੍ਰਗਟਾਉਂਦਾ ਹੋਇਆ ਸਨਰਾਈਜ਼ਰਜ਼ ਹੈਦਰਾਬਾਦ ਦਾ ਕਪਤਾਨ ਡੇਵਿਡ ਵਾਰਨਰ।

ਹੈਦਰਾਬਾਦ/ਬਿਊਰੋ ਨਿਊਜ਼ :
ਕਪਤਾਨ ਡੇਵਿਡ ਵਾਰਨਰ ਦੀ ਸਰਵੋਤਮ ਆਈਪੀਐਲ ਪਾਰੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 48 ਦੌੜਾਂ ਨਾਲ ਮਾਤ ਦਿੱਤੀ। ਹੈਦਰਾਬਾਦ ਨੇ ਕੇਕੇਆਰ ਨੂੰ 210 ਦੌੜਾਂ ਦਾ ਭਾਰੀ ਭਰਕਮ ਟੀਚਾ ਦਿੱਤਾ। ਕੇਕੇਆਰ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 161 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਹੈਦਰਾਬਾਦ ਦੀ ਟੀਮ ਨੇ ਦੱਸ ਮੈਚਾਂ ਵਿੱਚ 13 ਅੰਕ ਹੋ ਗਏ ਹਨ ਜਦਕਿ ਕੇਕੇਆਰ ਦੀ ਟੀਮ ਦੇ 10 ਮੈਚਾਂ ਵਿੱਚ 14 ਅੰਕ ਹਨ ਅਤੇ ਉਹ ਮੋਹਰੀ ਬਣੀ ਹੋਈ ਹੈ।
ਮੈਚ ਦੌਰਾਨ ਮੀਂਹ ਕਾਰਨ ਦੂਜੀ ਪਾਰੀ ਵਿੱਚ ਲਗਭਗ 45 ਮਿੰਟ ਤੱਕ ਖੇਡ ਰੁਕੀ ਰਹੀ ਪਰ ਇਸ ਦਾ ਨਤੀਜੇ ‘ਤੇ ਕੋਈ ਅਸਰ ਨਹੀਂ ਪਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ ਕਪਤਾਨ ਡੇਵਿਡ ਵਾਰਨਰ ਦੇ ਸ਼ਾਨਦਾਰ ਸੈਂਕੜੇ ਸਦਕਾ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 20 ਓਵਰਾਂ ਵਿੱਚ 209 ਦੌੜਾਂ ਬਣਾਈਆਂ।
ਵਾਰਨਰ ਨੇ 59 ਗੇਂਦਾਂ ਵਿੱਚ 10 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 126 ਦੌੜਾਂ ਬਣਾਈਆਂ। ਉਹ 17ਵੇਂ ਓਵਰ ਵਿੱਚ ਸੀ.ਵੋਕਸ ਦੀ ਗੇਂਦ ‘ਤੇ ਗੌਤਮ ਗੰਭੀਰ ਹੱਥੋਂ ਕੈਚ ਆਊਟ ਹੋਇਆ। ਉਸ ਦੇ ਨਾਲ ਕਰੀਜ਼ ‘ਤੇ ਆਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 30 ਗੇਂਦਾਂ ਵਿੱਚ 29 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਦੋ ਚੌਕੇ ਤੇ ਇੱਕ ਛੱਕਾ ਸ਼ਾਮਲ ਸੀ। ਉਸ ਨੂੰ ਕੁਲਦੀਪ ਯਾਦਵ ਨੇ ਰਨ ਆਊਟ ਕੀਤਾ।
ਕੇਨ ਵਿਲੀਅਮਸਨ ਨੇ ਕਪਤਾਨ ਵਾਰਨਰ ਦਾ ਚੰਗਾ ਸਾਥ ਦਿੱਤਾ ਤੇ ਉਸ ਨੇ 25 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 40 ਦੌੜਾਂ ਦਾ ਯੋਗਦਾਨ ਪਾਇਆ। ਉਹ ਆਖ਼ਰੀ ਓਵਰ ਵਿੱਚ ਰਨ ਆਊਟ ਹੋਇਆ। ਯੁਵਰਾਜ ਸਿੰਘ ਨੇ ਨਾਬਾਦ 6 ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਕ੍ਰਿਸ ਵੋਕਸ ਨੇ ਚਾਰ ਓਵਰਾਂ ਵਿੱਚ 46 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ।