ਦਿੱਲੀ ਪੁਲੀਸ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਪੰਜਾਬ ਪੁਲੀਸ ਹਵਾਲੇ ਕੀਤਾ

ਦਿੱਲੀ ਪੁਲੀਸ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਪੰਜਾਬ ਪੁਲੀਸ ਹਵਾਲੇ ਕੀਤਾ

ਨਾਭਾ/ਬਿਊਰੋ ਨਿਊਜ਼ :
ਨਾਭਾ ਦੀ ਅਤੀ ਸੁਰੱਖਿਆ ਜੇਲ੍ਹ ਵਿਚੋਂ 27 ਨਵੰਬਰ ਨੂੰ ਆਪਣੇ 5 ਹੋਰ ਸਾਥੀਆਂ ਨਾਲ ਫ਼ਰਾਰ ਹੋਏ ਹਰਮਿੰਦਰ ਸਿੰਘ ਮਿੰਟੂ ਮੁਖੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਦਿੱਲੀ ਪੁਲੀਸ ਫੋਰਸ ਨੇ ਏ.ਸੀ.ਪੀ. ਰਾਜਬੀਰ ਸਿੰਘ ਦੀ ਅਗਵਾਈ ਵਿਚ ਇੰਸਪੈਕਟਰ ਪਦਮ ਸਿੰਘ ਰਾਣਾ ਨੇ ਪੰਜਾਬ ਪੁਲੀਸ ਦੇ ਉਪ ਪੁਲੀਸ ਕਪਤਾਨ ਮਨਪ੍ਰੀਤ ਸਿੰਘ ਤੇ ਕੋਤਵਾਲੀ ਮੁਖੀ ਰਾਜੇਸ਼ ਸ਼ਰਮਾ ਦੇ ਸਹਿਯੋਗ ਨਾਲ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਾਭਾ ਅਦਾਲਤ ਵਿਚ ਜੱਜ ਪੈਮਲਪ੍ਰੀਤ ਗਰੇਵਾਲ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਪੰਜਾਬ ਪੁਲੀਸ ਨੇ ਮਿੰਟੂ ਦਾ 14 ਦਿਨਾਂ ਦਾ ਪੁਲੀਸ ਰਿਮਾਂਡ ਮੰਗਿਆ ਪਰ ਬਚਾਓ ਪੱਖ ਵੱਲੋਂ ਪੇਸ਼ ਹੋਏ ਐਡਵੋਕੇਟ ਸਿਕੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਿੰਟੂ ਤੋਂ ਪਹਿਲਾਂ ਹੀ ਦਿੱਲੀ ਪੁਲੀਸ ਨੇ ਰਿਮਾਂਡ ਦੌਰਾਨ ਕਾਫ਼ੀ ਪੁੱਛਗਿੱਛ ਕਰ ਲਈ ਹੈ ਤੇ ਨਾ ਤਾਂ ਇਸ ਦੌਰਾਨ ਮਿੰਟੂ ਦੇ ਆਈ.ਐਸ.ਆਈ. ਤੇ ਨਾ ਹੀ ਕਿਸੇ ਖ਼ਾਲਿਸਤਾਨ ਫੋਰਸ ਨਾਲ ਸਬੰਧ ਸਾਬਤ ਹੋਏ ਹਨ ਅਤੇ ਦੂਸਰਾ ਮਿੰਟੂ ਦੀ ਬਾਈਪਾਸ ਸਰਜਰੀ ਹੋਈ ਪਈ ਹੈ। ਇਨ੍ਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਮਿੰਟੂ ਦਾ 5 ਦਿਨਾਂ ਦੇ ਪੁਲੀਸ ਰਿਮਾਂਡ ਦੇ ਕੇ ਉਸ ਨੂੰ 20 ਦਸੰਬਰ ਤੱਕ ਪੰਜਾਬ ਪੁਲੀਸ ਹਵਾਲੇ ਕਰ ਦਿੱਤਾ, ਨਾਲ ਹੀ ਪੁਲੀਸ ਨੂੰ ਇਹ ਵੀ ਹਦਾਇਤ ਦਿੱਤੀ ਕਿ ਮਿੰਟੂ ਦਾ ਹਰ 12 ਘੰਟਿਆਂ ਬਾਅਦ ਮੈਡੀਕਲ ਚੈੱਕਅਪ ਹੋਵੇਗਾ। ਮਿੰਟੂ ਕੋਲ ਪਹਿਨਣ ਲਈ ਕੱਪੜੇ ਨਾ ਹੋਣ ਕਾਰਨ ਜੱਜ ਨੇ ਪੁਲੀਸ ਨੂੰ ਆਦੇਸ਼ ਦਿੱਤੇ ਕਿ ਉਹ ਮਿੰਟੂ ਲਈ ਕੱਪੜਿਆਂ ਦਾ ਇੰਤਜ਼ਾਮ ਕਰਕੇ ਦੇਵੇ।

ਤਿੰਨ ਹੋਰ ਮੁਲਜ਼ਮ ਕਾਬੂ :
ਪਟਿਆਲਾ : ਨਾਭਾ ਜੇਲ੍ਹ ਕਾਂਡ ਦੇ ਸਬੰਧ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਨੂੰ ਸੀਆਈਏ ਸਟਾਫ਼ ਪਟਿਆਲਾ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਦੀ ਟੀਮ ਤੇ ਦਿੱਲੀ ਪੁਲੀਸ ਦੀ ਸਾਂਝੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਸੈਮੀ-ਆਟੋਮੈਟਿਕ ਪਿਸਤੌਲ ਤੇ 17 ਕਾਰਤੂਸ ਬਰਾਮਦ ਕੀਤੇ ਗਏ ਹਨ।