ਸਰਵਣ ਸਿੰਘ ਫਿਲੌਰ ਨੇ ਫੜਿਆ ਕਾਂਗਰਸ ਦਾ ਹੱਥ

ਸਰਵਣ ਸਿੰਘ ਫਿਲੌਰ ਨੇ ਫੜਿਆ ਕਾਂਗਰਸ ਦਾ ਹੱਥ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਆਪਣੇ 16 ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਹੁਲਾਰਾ ਮਿਲੇਗਾ।
ਇਸ ਮੌਕੇ ਸ੍ਰੀ ਫਿਲੌਰ ਨੇ ਕਿਹਾ ਕਿ ਹਕੀਕਤ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਹੀ ਪੰਜਾਬ ਸਰਕਾਰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਕੇਸ ਵਿਚ ਭੋਲਾ ਦੇ ਨਾਲ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਫਸਾਇਆ ਗਿਆ ਪਰ ਇਸ ਕੇਸ ਦੇ ਸਾਰੇ ਮੁਲਜ਼ਮਾਂ ਨੇ ਸ੍ਰੀ ਮਜੀਠੀਆ ਨੂੰ ਮੁੱਖ ਦੋਸ਼ੀ ਦੱਸਿਆ ਹੈ ਪਰ ਰਾਜ ਸਰਕਾਰ ਉਸ ਨੂੰ ਬਚਾਉੁਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ  ਕੇਸ ਦੀ ਚਾਰਜਸ਼ੀਟ ਵਿੱਚ ਨਾ ਉਸ ਦਾ ਅਤੇ ਨਾ ਹੀ ਉਸ ਦੇ ਬੇਟੇ ਦਾ ਨਾਂ ਹੈ। ਇਸ ਤੋਂ ਸਪਸ਼ਟ ਹੈ ਇਸ ਕੇਸ ਵਿਚ ਉਨ੍ਹਾਂ ਨੂੰ ਫਸਾਇਆ ਗਿਆ ਸੀ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਤੇ ਉਸ ਦੇ ਬੇਟੇ ਨੂੰ ਕਿਸੇ ਹੋਰ ਕੇਸ ਵਿੱਚ ਫਸਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ 40 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਪਰ ਬਿਕਰਮ ਮਜੀਠੀਆ ਨੂੰ ਇਹ ਪਸੰਦ ਨਹੀਂ ਕਿ ਕੋਈ ਦਲਿਤ ਆਗੂ ਪਾਰਟੀ ਦੀਆਂ ਮੂਹਰਲੀਆਂ ਸਫਾਂ ਵਿੱਚ ਆਵੇ। ਇਸ ਲਈ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤ ਵਿਸਾਰ ਕੇ ਹੁਣ ਸੁਖਬੀਰ ਤੇ ਮਜੀਠੀਆ ਦਲ ਬਣ ਚੁੱਕਾ ਹੈ। ਸ੍ਰੀ ਫਿਲੌਰ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਸਰਗਨਾ ਰਾਜਾ ਕੰਧੋਲਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਦੱਸਣਯੋਗ ਹੈ ਕਿ ਸਾਬਕਾ ਮੰਤਰੀ ਫਿਲੌਰ ਅਤੇ ਉਨ੍ਹਾਂ ਦੇ ਬੇਟੇ ਦਾ ਨਾਂ ਨਸ਼ੀਲੇ ਪਦਾਰਥਾਂ ਦੇ ਧੰਦੇ ਨਾਲ ਜੁੜਨ ਬਾਅਦ ਉਨ੍ਹਾਂ ਨੇ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ।
ਫਿਲੌਰ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨਾਲ ਦੋਆਬੇ ਵਿਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਪਰ ਕਾਂਗਰਸ ਪਾਰਟੀ ਵਿੱਚ ਟਿਕਟ ਦੇ ਹੋਰ ਦਾਅਵੇਦਾਰਾਂ ਦਾ ਨਿਰਾਸ਼ ਹੋਣਾ ਸੁਭਾਵਕ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਅਕਾਲੀ ਦਲ ਛੱਡ ਕੇ ਆਉਣ ਵਾਲੇ ਆਗੂਆਂ ਨੂੰ ਟਿਕਟਾਂ ਦੇਣ ਦਾ ਵਿਰੋਧ ਕਰ ਚੁੱਕੇ ਹਨ। ਆਪ ਆਦਮੀ ਪਾਰਟੀ ਦੇ ਟਰੇਡ, ਇੰਡਸਟਰੀ ਤੇ ਟਰਾਂਸਪੋਰਟ ਸੈੱਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਿਆਤ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਅਦ ਕਿਹਾ ਕਿ ਉਨ੍ਹਾਂ ਦਾ ਪਿਛਲੇ ਛੇ ਮਹੀਨਿਆਂ ਦਾ ਤਜਰਬਾ ਦਰਸਾਉਂਦਾ ਹੈ ਕਿ ‘ਆਪ’ ਪੰਜਾਬ ਅਤੇ ਪੰਜਾਬੀਅਤ ਦੇ ਖ਼ਿਲਾਫ਼ ਹੈ।