ਪਿੰਡ ਬਾਦਲ ਵਿੱਚ ਸੁਵਿਧਾ ਮੁਲਾਜ਼ਮਾਂ ਨੂੰ ਛੱਲੀਆਂ ਵਾਂਗ ਕੁੱਟਿਆ

ਪਿੰਡ ਬਾਦਲ ਵਿੱਚ ਸੁਵਿਧਾ ਮੁਲਾਜ਼ਮਾਂ ਨੂੰ ਛੱਲੀਆਂ ਵਾਂਗ ਕੁੱਟਿਆ

ਡੇਢ ਦਰਜਨ ਜ਼ਖ਼ਮੀ; ਪੁਲੀਸ ਕਮਾਂਡੋ ਦੀ ਲੱਤ ਟੁੱਟੀ; ਤਿੰਨ ਸੌ ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਲੰਬੀ/ਬਿਊਰੋ ਨਿਊਜ਼ :
ਪਿੰਡ ਬਾਦਲ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਵੱਲ ਵਧਦੇ ਸੈਂਕੜੇ ਸੁਵਿਧਾ ਕਾਮਿਆਂ ਨੂੰ ਪੰਜਾਬ ਪੁਲੀਸ ਨੇ ਛੱਲੀਆਂ ਵਾਂਗ ਕੁੱਟਿਆ। ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਦੋ ਘੰਟੇ ਲਗਾਏ, ਜਿਸ ਦੌਰਾਨ ਉਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਬਰਸਾਏ ਅਤੇ ਜਲ ਤੋਪਾਂ ਵਰਤੀਆਂ। ਇਸ ਕਾਰਨ ਗਰਭਵਤੀ ਔਰਤ ਅਤੇ ਇਕ ਅਪਾਹਜ ਸਮੇਤ ਡੇਢ ਦਰਜਨ ਸੁਵਿਧਾ ਕਰਮਚਾਰੀ ਜ਼ਖ਼ਮੀ ਹੋ ਗਏ। ਦੂਜੇ ਪਾਸੇ ਲੱਤ ਟੁੱਟਣ ਕਰਕੇ ਜ਼ਖ਼ਮੀ ਕਮਾਂਡੋ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ।
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੁਵਿਧਾ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ਼ ਕੀਤੇ ਜਾਣ ਬਾਅਦ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇਥੇ ਸਟੇਡੀਅਮ ਵਿਚ ਧਰਨੇ ਵਾਲੀ ਜਗ੍ਹਾ ਤੋਂ ਸੁਵਿਧਾ ਕਾਮਿਆਂ ਨੇ ਅਚਾਨਕ ਪਿੰਡ ਬਾਦਲ ਵੱਲ ਵਹੀਰਾਂ ਘੱਤ ਦਿੱਤੀਆਂ। ਥਾਣੇ ਦੀ ਸਟੇਡੀਅਮ ਨਾਲ ਕੰਧ ਲੱਗਦੀ ਹੋਣ ਦੇ ਬਾਵਜੂਦ ਪੁਲੀਸ ਨੂੰ ਕਰਮਚਾਰੀਆਂ ਦੇ ਐਕਸ਼ਨ ਦੀ ਸੂਹ ਤੱਕ ਨਾ ਲੱਗੀ। ਸਟੇਡੀਅਮ ਦੇ ਬਾਹਰ ਪੁਲੀਸ ਮੁਲਾਜ਼ਮਾਂ ਅਤੇ ਬੈਰੀਕੇਡਾਂ ਦੇ ਬਾਵਜੂਦ ਸੁਵਿਧਾ ਕਰਮਚਾਰੀ ਅਗਾਂਹ ਵਧ ਗਏ। ਪੁਲੀਸ ਨੇ ਖਿਉਵਾਲੀ ਦੇ ਖੜਕਾ ਚੌਕ ‘ਤੇ ਪੁੱਜੇ ਕਰਮਚਾਰੀਆਂ ‘ਤੇ ਜ਼ੋਰਦਾਰ ਲਾਠੀਚਾਰਜ ਕੀਤਾ। ਸੁਵਿਧਾ ਕਰਮਚਾਰੀਆਂ ਨੇ ਵੀ ਪੁਲੀਸ ‘ਤੇ ਪਥਰਾਅ ਕਰ ਦਿੱਤਾ। ਪੁਲੀਸ ਦਾ ਦੋਸ਼ ਹੈ ਕਿ ਇਸ ਥਾਂ ‘ਤੇ ਸੁਵਿਧਾ ਕਰਮਚਾਰੀਆਂ ਨੇ ਕਮਾਂਡੋ ਵਰਿੰਦਰ ਸਿੰਘ ਦੀ ਲੱਤ ਤੋੜ ਦਿੱਤੀ, ਜਦ ਕਿ ਕਰਮਚਾਰੀਆਂ ਅਨੁਸਾਰ ਪੁਲੀਸ ਜੀਪ ਵਿੱਚ ਚੜ੍ਹਦੇ ਸਮੇਂ ਉਸ ਦੇ ਹੇਠਾਂ ਆਉਣ ਕਰਕੇ ਕਮਾਂਡੋ ਦੀ ਲੱਤ ਟੁੱਟੀ। ਪਿੰਡ ਖਿਉਵਾਲੀ ਵਿੱਚ ਟਕਰਾਅ ਬਾਅਦ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਬਾਦਲ ਵਿਚ ਨਰਸਿੰਗ ਕਾਲਜ ਨੂੰ ਪਾਰ ਕਰ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ। ਇਸੇ ਦੌਰਾਨ ਮਲੋਟ ਦੇ ਐਸਪੀ ਬਲਰਾਜ ਸਿੰਘ ਸਿੱਧੂ ਨੇ ਮੋਰਚਾ ਸੰਭਾਲਦਿਆਂ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਨਿਰਦੇਸ਼ ਦਿੱਤੇ। ਇਥੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾ-ਭਜਾ ਕੁੱਟਿਆ। ਇਸ ਦੌਰਾਨ ਸੁਵਿਧਾ ਕਰਮਚਾਰੀਆਂ ਨੇ ਵੀ ਪੁਲੀਸ ‘ਤੇ ਪੱਥਰਬਾਜ਼ੀ ਕੀਤੀ। ਇਸ ‘ਤੇ ਪੁਲੀਸ ਨੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੇਜ਼ ਬੁਛਾੜਾਂ ਨਾਲ ਉਨ੍ਹਾਂ ਨੂੰ ਖਦੇੜ ਦਿੱਤਾ। ਇਸ ਦੌਰਾਨ ਮਹਿਲਾ ਪੁਲੀਸ ਕਈ ਮੁਜ਼ਾਹਰਾਕਾਰੀ ਔਰਤਾਂ ਨੂੰ ਲੱਤਾਂ-ਬਾਹਾਂ ਤੋਂ ਘੜੀਸ ਕੇ ਲੈ ਗਈ। ਇਸ ਦੌਰਾਨ ਸੁਵਿਧਾ ਕਾਮੇ ਪੁਲੀਸ ਪ੍ਰਬੰਧਾਂ ਨੂੰ ਫੇਲ੍ਹ ਕਰਕੇ ਪਿੰਡ ਬਾਦਲ ਤੱਕ ਪੁੱਜ ਗਏ।
ਪੰਜਾਬ ਸਟੇਟ ਸੁਵਿਧਾ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਸੂਰੀ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧ ਰਹੇ ਸਨ। ਲੰਬੀ ਬੈਰੀਅਰ ‘ਤੇ ਪੁਲੀਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਲਾਠੀਚਾਰਜ ਕੀਤਾ। ਇਸ ਕਾਰਨ ਇੱਕ ਗਰਭਵਤੀ ਔਰਤ ਕੁਲਦੀਪ ਕੌਰ (ਜਲੰਧਰ) ਅਤੇ ਅਮਰੀਕ ਸਿੰਘ (ਜ਼ਿਲ੍ਹਾ ਲੁਧਿਆਣਾ), ਜੋ ਹਰਨੀਆਂ ਦਾ ਅਪਰੇਸ਼ਨ ਕਰਵਾ ਕੇ ਆਇਆ ਸੀ, ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਤੋਂ ਇਲਾਵਾ 40 ਫ਼ੀਸਦੀ ਅੰਗਹੀਣ ਚਰਨਜੀਤ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਰੋਪੜ, ਵਿਨੋਦ ਕੁਮਾਰ, ਨਰੇਸ਼ ਕੁਮਾਰ ਹੁਸ਼ਿਆਰਪੁਰ, ਵਰਿੰਦਪਾਲ ਸਿੰਘ ਲੁਧਿਆਣਾ, ਰਾਜੀਵ ਗਰੋਵਰ,  ਗੌਰਵ ਕਾਂਤ ਫਾਜ਼ਿਲਕਾ, ਰਾਜਬੀਰ ਸਿੰਘ, ਵਿਨੀਤ ਵਸ਼ਿਸ਼ਟ (ਜ਼ਿਲ੍ਹਾ ਜਲੰਧਰ), ਲੱਖਾ ਸਿੰਘ (ਜ਼ਿਲ੍ਹਾ ਮਾਨਸਾ), ਸਰਬਜੀਤ ਕੌਰ, ਕਰਮਜੀਤ ਕੌਰ, ਮੋਹਨ ਲਾਲ (ਜ਼ਿਲ੍ਹਾ ਲੁਧਿਆਣਾ) ਅਤੇ ਦਲਜੀਤ ਕੌਰ (ਜ਼ਿਲ੍ਹਾ ਕਪੂਰਥਲਾ) ਨੂੰ ਗੰਭੀਰ ਸੱਟਾਂ ਲੱਗੀਆਂ। ਲਾਠੀਚਾਰਜ ਬਾਅਦ ਸੁਵਿਧਾ ਕਰਮਚਾਰੀਆਂ ਨੇ ਖਿਉਵਾਲੀ-ਬਠਿੰਡਾ ਸੜਕ ‘ਤੇ ਜਾਮ ਲਗਾ ਦਿੱਤਾ। ਇਸ ‘ਤੇ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਗਿੱਲ, ਐਸਪੀ (ਡੀ) ਬਲਜੀਤ ਸਿੰਘ ਸਿੱਧੂ ਤੇ ਮਲੋਟ ਦੇ ਤਹਿਸੀਲਦਾਰ ਅਸ਼ੋਕ ਬਾਂਸਲ ਵੱਲੋਂ ਕਾਮਿਆਂ ਨੂੰ ਸ਼ਾਂਤਮਈ ਢੰਗ ਨਾਲ ਗ੍ਰਿਫ਼ਤਾਰੀ ਦੇਣ ਜਾਂ ਪੁਲੀਸ ਐਕਸ਼ਨ ਲਈ ਤਿਆਰ ਹੋਣ ਦੀ ਚਿਤਾਵਨੀ ਦਿੱਤੀ। ਸੁਵਿਧਾ ਕਰਮਚਾਰੀ ਗ੍ਰਿਫ਼ਤਾਰੀਆਂ ਦੇਣ ਲਈ ਰਾਜ਼ੀ ਹੋ ਗਏ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਨੂੰ ਮਜਬੂਰੀ ਵਿੱਚ ਤਾਕਤ ਦੀ ਵਰਤੋਂ ਕਰਨੀ ਪਈ। ਐਸਪੀ ਬਲਰਾਜ ਸਿੰਘ ਸਿੱਧੂ ਨੇ ਦੱਸਿਆ ਕਿ 304 ਸੁਵਿਧਾ ਕਰਮਚਾਰੀ ਹਿਰਾਸਤ ਵਿੱਚ ਲਏ ਗਏ ਹਨ, ਜਿਨ੍ਹਾਂ ਵਿੱਚ 158 ਪੁਰਸ਼ ਅਤੇ 95 ਔਰਤਾਂ ਹਨ। ਥਾਣਾ ਮੁਖੀ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਸੁਵਿਧਾ ਕਰਮਚਾਰੀ ਯੂਨੀਅਨ ਦੇ 15 ਆਗੂਆਂ ਨੂੰ ਨਾਮਜ਼ਦ ਕਰਕੇ ਹੋਰ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਬਠਿੰਡਾ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਸੁਵਿਧਾ ਕਰਮਚਾਰੀਆਂ ਦੇ ਮਾਮੂਲੀ ਝਰੀਟਾਂ ਆਈਆਂ ਹਨ।