ਅਸੀਂ ਸਰਜੀਕਲ ਸਟਰਾਈਕ ਕੀਤਾ ਤਾਂ ਭਾਰਤ ਦੀਆਂ ਪੁਸ਼ਤਾਂ ਵੀ ਨਹੀਂ ਭੁੱਲਣਗੀਆਂ : ਪਾਕਿਸਤਾਨ

ਅਸੀਂ ਸਰਜੀਕਲ ਸਟਰਾਈਕ ਕੀਤਾ ਤਾਂ ਭਾਰਤ ਦੀਆਂ ਪੁਸ਼ਤਾਂ ਵੀ ਨਹੀਂ ਭੁੱਲਣਗੀਆਂ : ਪਾਕਿਸਤਾਨ

ਇਸਲਾਮਾਬਾਦ/ਬਿਊਰੋ ਨਿਊਜ਼ :
ਅਸਲ ਕੰਟਰੋਲ ਲਕੀਰ ਉਤੇ ਤਣਾਅ ਤੇ ਦੁਵੱਲੀ ਗੋਲਾਬਾਰੀ ਸਬੰਧੀ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪਾਕਿਸਤਾਨ ਨੇ ਚਿਤਾਵਨੀ ਦਿੱਤੀ ਕਿ ਇਸ ਦੀ ‘ਜੰਗ ਲਈ ਤਿਆਰ’ ਫ਼ੌਜ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਸਮਰੱਥ ਹੈ। ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਰਹੀਲ ਸ਼ਰੀਫ਼ ਨੇ ਧਮਕੀ ਦਿੱਤੀ ਕਿ ਜੇ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਕੀਤੀ ਤਾਂ ਭਾਰਤ ਪੁਸ਼ਤਾਂ ਤੱਕ ਇਸ ਨੂੰ ਭੁੱਲ ਨਹੀਂ ਸਕੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਵੀ ਚਿਤਾਵਨੀ ਦਿੱਤੀ ਕਿ ਭਾਰਤੀ ਫ਼ੌਜ ਵੱਲੋਂ ‘ਜਾਣ-ਬੁੱਝ’ ਕੇ ਆਮ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
29 ਨਵੰਬਰ ਨੂੰ ਅਹੁਦੇ ਤੋਂ ਰਿਟਾਇਰ ਹੋਣ ਜਾ ਰਹੇ ਜਨਰਲ ਸ਼ਰੀਫ਼ ਨੇ ਭਾਰਤ ਵੱਲੋਂ ਪਾਕਿਸਤਾਨ ਵਿਚ ਸਰਜੀਕਲ ਸਟਰਾਈਕ ਕੀਤੇ ਜਾਣ ਦੇ ਦਾਅਵਿਆਂ ਨੂੰ ਵੀ ਖ਼ਾਰਜ ਕਰ ਦਿੱਤਾ ਤੇ ਫਿਰ ਧਮਕੀ ਦਿੱਤੀ ਕਿ ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਨੂੰ ਸਬਕ ਸਿਖਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਹ ਖ਼ੈਬਰ ਕਬਾਇਲੀ ਖਿੱਤੇ ਵਿੱਚ ਕ੍ਰਿਕਟ ਖਿਡਾਰੀ ਸ਼ਾਹਿਦ ਅਫ਼ਰੀਦੀ ਦੇ ਨਾਂ ਉਤੇ ਉਸਾਰੇ ਗਏ ਸਟੇਡੀਅਮ ਦਾ ਉਦਘਾਟਨ ਕਰਨ ਆਏ ਸਨ। ਪ੍ਰਧਾਨ ਮੰਤਰੀ ਸ੍ਰੀ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਆਪਣੇ ਸ਼ਹਿਰੀਆਂ ਨੂੰ ਭਾਰਤ ਵੱਲੋਂ ‘ਜਾਣ-ਬੁੱਝ ਕੇ’ ਨਿਸ਼ਾਨਾ ਬਣਾਏ ਜਾਣ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ, ”ਭਾਰਤੀ ਸਲਾਮਤੀ ਦਸਤਿਆਂ ਵੱਲੋਂ ਵਾਰ-ਵਾਰ ਗੋਲੀਬੰਦੀ ਦਾ ਉਲੰਘਣਾ ਕੀਤੇ ਜਾਣ ਦੇ ਬਾਵਜੂਦ ਪਾਕਿਸਤਾਨ ਨੇ ਹੁਣ ਤੱਕ ਬਹੁਤ ਜ਼ਬਤ ਤੋਂ ਕੰਮ ਲਿਆ ਹੈ।” ਉਹ ਐਲਓਸੀ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਵਿੱਚ ਬੋਲ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵੱਲੋਂ ਜਾਣ-ਬੁੱਝ ਕੇ ਬੱਚਿਆਂ, ਔਰਤਾਂ, ਐਂਬੂਲੈਂਸਾਂ ਤੇ ਸਿਵਲ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਧਰ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਸੋਹੇਲ ਅਮਾਨ ਨੇ ਕਿਹਾ ਕਿ ਭਾਰਤ ਦੀਆਂ ਧਮਕੀਆਂ ਦੀ ਪਾਕਿਸਤਾਨ ਨੂੰ ਕੋਈ ਪਰਵਾਹ ਨਹੀਂ ਹੈ ਅਤੇ ‘ਜੰਗ ਲਈ ਤਿਆਰ’ ਪਾਕਿਸਤਾਨੀ ਫ਼ੌਜ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਕਾਬਿਲ ਹੈ। ਇਸੇ ਤਰ੍ਹਾਂ ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਮੁਹੰਮਦ ਜ਼ਕਾਉੱਲਾ ਨੇ ਬੀਤੇ ਹਫ਼ਤੇ ਇਕ ਭਾਰਤੀ ਪਣਡੁੱਬੀ ਉਤੇ ਪਾਕਿਸਤਾਨੀ ਪਾਣੀਆਂ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਧਮਕੀ ਦਿੱਤੀ ਕਿ ਦੁਬਾਰਾ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨਿਊਯਾਰਕ: ਇਸੇ ਦੌਰਾਨ ਪਾਕਿਸਤਾਨ ਨੇ ਇਹ ਮਾਮਲਾ ਸੰਯੁਕਤ ਰਾਸ਼ਟਰ (ਯੂਐਨ) ਕੋਲ ਵੀ ਉਠਾਇਆ ਤੇ ਮੰਗ ਕੀਤੀ ਕਿ ਹਾਲਾਤ ਨੂੰ ‘ਮੁਕੰਮਲ ਸੰਕਟ’ ਵਿੱਚ ਬਦਲਣ ਤੋਂ ਪਹਿਲਾਂ ਕਾਬੂ ਕੀਤਾ ਜਾਵੇ। ਯੂਐਨ ਵਿੱਚ ਪਾਕਿਸਤਾਨੀ ਸਫ਼ੀਰ ਮਲੀਹਾ ਲੋਧੀ ਨੇ ਸਕੱਤਰ ਜਨਰਲ ਜਾਨ ਐਲਿਆਸਨ ਤੇ ਉਨ੍ਹਾਂ ਦੇ ਕੈਬਨਿਟ ਮੁਖੀ ਐਡਮੰਡ ਮੁਲੇਟ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਐਲਓਸੀ ਉਤੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ, ਜੋ ‘ਕੌਮਾਂਤਰੀ ਅਮਨ ਤੇ ਸਲਾਮਤੀ ਲਈ ਭਾਰੀ ਖ਼ਤਰਾ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵੱਲੋਂ ‘ਜਾਣ-ਬੁੱਝ ਕੇ ਤਣਾਅ ਵਧਾਇਆ’ ਜਾ ਰਿਹਾ ਹੈ, ਤਾਂ ਕਿ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ‘ਕੀਤੇ ਜਾ ਰਹੇ ਭਾਰੀ ਘਾਣ’ ਤੋਂ ਆਲਮੀ ਭਾਈਚਾਰੇ ਦਾ ਧਿਆਨ ਹਟਾਇਆ ਜਾ ਸਕੇ। ਉਨ੍ਹਾਂ ਯੂਐਨ ਦੇ ਅਮਨ ਬਹਾਲੀ ਵਿਭਾਗ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਵਿੱਚ ਯੂਐਨ ਮਿਲਟਰੀ ਅਬਜ਼ਰਵਰ ਗਰੁੱਪ ਨੂੰ ਸਰਗਰਮ ਕਰੇ।

ਭਾਰਤ ਨੇ ਕਿਹਾ-ਪਾਕਿਸਤਾਨ ਪਹਿਲਾਂ ਦਹਿਸ਼ਤਗਰਦੀ ਖ਼ਤਮ ਕਰੇ :
ਨਵੀਂ ਦਿੱਲੀ : ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੇ ਜਾ ਰਹੇ ਕਥਿਤ ਤਸ਼ੱਦਦ ਦਾ ‘ਪਰਦਾਫ਼ਾਸ਼’ ਕਰਨ ਲਈ ਪਾਕਿਸਤਾਨ ਵੱਲੋਂ ਵਿਸ਼ੇਸ਼ ਗਰੁੱਪ ਕਾਇਮ ਕੀਤੇ ਜਾਣ ਦੀਆਂ ਰਿਪੋਰਟਾਂ ਬਾਰੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਭਾਰਤ ਨੇ ਗੁਆਂਢੀ ਮੁਲਕ ਨੂੰ ਕਿਹਾ ਕਿ ਉਹ ਪਹਿਲਾਂ ਆਪਣੇ ਧਰਤੀ ‘ਤੇ ਪਲ ਰਹੀ ‘ਦਹਿਸ਼ਤ ਦੀ ਬਦਬੂ’ ਨੂੰ ਖ਼ਤਮ ਕਰੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੇ ਇਸ ਬਿਆਨ ਦੀ ਵੀ ਸਖ਼ਤ ਨਿਖੇਧੀ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਨੀਤੀਆਂ ਦੇ ਵਿਰੋਧੀ ਭਾਰਤੀਆਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਪਾਕਿਸਤਾਨੀ ਫ਼ੌਜ ਨੂੰ ਵੀ ਦਹਿਸ਼ਤਗਰਦਾਂ ਦੀ ਮੱਦਦ ਤੋਂ ਬਾਜ਼ ਆਉਣ ਲਈ ਆਖਿਆ।