ਖ਼ਾਲਸਾਈ ਰੰਗ ਵਿਚ ਰੰਗਿਆ ਗਿਆ ਤਖ਼ਤ ਪਟਨਾ ਸਾਹਿਬ

ਖ਼ਾਲਸਾਈ ਰੰਗ ਵਿਚ ਰੰਗਿਆ ਗਿਆ ਤਖ਼ਤ ਪਟਨਾ ਸਾਹਿਬ

ਨਗਰ ਕੀਰਤਨ ਨੂੰ ਰਸਤਾ ਤੈਅ ਕਰਨ ‘ਚ ਲੱਗੇ ਗਿਆਰਾਂ ਘੰਟੇ
ਪਟਨਾ ਸਾਹਿਬ/ਬਿਊਰੋ ਨਿਊਜ਼ :
ਗੁਰੂ ਗੋਬਿੰਦ ਸਿੰੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਂਧੀ ਮੈਦਾਨ ਤੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਸੀ। ਇਸ ਦੌਰਾਨ 22 ਕਿਲੋਮੀਟਰ ਦਾ ਰਸਤਾ ਤੈਅ ਕਰਨ ਲਈ 11 ਘੰਟੇ ਲੱਗ ਗਏ।
ਪਾਲਕੀ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਸਵਾਰ ਸਨ। ਨਗਰ ਕੀਰਤਨ ਅੱਗੇ ਨਿਹੰਗ ਜਥੇਬੰਦੀਆਂ ਵੱਲੋਂ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ। ਨਿਹੰਗ ਸਿੰਘਾਂ ਦੇ 300 ਘੋੜੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਨ ਅੱਗੇ ਚੱਲ ਰਹੇ ਹਾਥੀਆਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ।
ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਰਸਤਿਆਂ ‘ਤੇ ਸੁਰੱਖਿਆਂ ਜਵਾਨਾਂ ਨੇ ਉੱਚੀਆਂ-ਉੱਚੀਆਂ ਚੈੱਕ ਪੋਸਟਾਂ ਬਣਾਈਆਂ ਹੋਈਆਂ ਸਨ। ਸੰਗਤ ਦੀ ਸਹੂਲਤ ਵਾਸਤੇ ਬਿਹਾਰ ਸਰਕਾਰ ਤੇ ਫੌਜ ਦੀਆਂ ਐਂਬੂਲੈਂਸਾਂ ਚੱਲ ਰਹੀਆਂ ਸਨ। ਨਗਰ ਕੀਰਤਨ ਦਾ ਸਵਾਗਤ ਕਰਨ ਲਈ ਹਿੰਦੂ ਤੇ ਮੁਸਲਿਮ ਜਥੇਬੰਦੀਆਂ ਨੇ ਥਾਂ-ਥਾਂ ਚਾਹ ਦੇ ਸਟਾਲ ਲਾਏ ਹੋਏ ਸਨ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਬੈਂਡ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹਾਜ਼ਰ ਸਨ। ਧਾਰਮਿਕ ਸ਼ਖ਼ਸੀਅਤਾਂ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਸਮੇਤ ਹੋਰ ਵੀ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਭੀੜ ਵੱਧ ਹੋਣ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਖ਼ਤ ‘ਤੇ ਨਤਮਸਤਕ ਹੋਣ ਤੋਂ ਰੋਕ ਦਿੱਤਾ। ਉਹ ਬਾਅਦ ਵਿੱਚ ਮੱਥਾ ਟੇਕਣ ਜਾਣਗੇ।