ਕੈਪਟਨ ਨੇ ਨਿਤੀਸ਼ ਕੁਮਾਰ ਨੂੰ ਪੰਜਾਬ ਆ ਕੇ ਚੋਣ ਪ੍ਰਚਾਰ ਕਰਨ ਲਈ ਕਿਹਾ

ਕੈਪਟਨ ਨੇ ਨਿਤੀਸ਼ ਕੁਮਾਰ ਨੂੰ ਪੰਜਾਬ ਆ ਕੇ ਚੋਣ ਪ੍ਰਚਾਰ ਕਰਨ ਲਈ ਕਿਹਾ

ਪਟਨਾ ਸਾਹਿਬ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਦੁਪਹਿਰ ਦੇ ਖਾਣੇ ਮੌਕੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮ ਸੰਬਧੀ ਇਥੇ ਪੁੱਜੇ ਹਨ।
ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸੀ। ਗ਼ੌਰਤਲਬ ਹੈ ਕਿ ਬਿਹਾਰ ਵਿੱਚ ਕਾਂਗਰਸ ਵੀ ਸ੍ਰੀ ਨਿਤੀਸ਼ ਕੁਮਾਰ ਦੀ ਗਠਜੋੜ ਸਰਕਾਰ ਦਾ ਹਿੱਸਾ ਹੈ।
ਇਸ ਦੌਰਾਨ ਉਹ ਤਖ਼ਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਉਨ੍ਹਾਂ ਸ੍ਰੀ ਨਿਤੀਸ਼ ਕੁਮਾਰ ਵੱਲੋਂ ਨਿਜੀ ਦਿਲਚਸਪੀ ਲੈ ਕੇ ਪ੍ਰਕਾਸ਼ ਪੁਰਬ ਸਮਾਗਮ ਦੇ ਸ਼ਾਨਦਾਰ ਬੰਦੋਬਸਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਾਲ ਪਾਰਟੀ ਆਗੂ ਸ਼ਕੀਲ ਅਹਿਮਦ ਖ਼ਾਨ ਤੇ ਬਿਹਾਰ ਦੇ ਕਾਂਗਰਸੀ ਰਾਜ ਮੰਤਰੀ ਅਸ਼ੋਕ ਚੌਧਰੀ ਵੀ ਸਨ। ਉਨ੍ਹਾਂ ਗਾਂਧੀ ਮੈਦਾਨ ਵਿਖੇ ਟੈਂਟ ਸ਼ਹਿਰ ਵਿੱਚ ਪੁੱਜ ਕੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਅਤੇ ਲੰਗਰ ਵਿੱਚ ਵੀ ਸੇਵਾ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ”ਪੰਜਾਬ ਵਿੱਚ ਅਕਾਲੀ ਵੀ ਅਜਿਹੇ ਸਮਾਗਮ ਕਰਦੇ ਹਨ ਪਰ ਉਥੇ ਕਦੇ ਵੀ ਪਟਨਾ ਸਾਹਿਬ ਵਰਗੇ ਸ਼ਾਨਦਾਰ ਇੰਤਜ਼ਾਮ ਨਹੀਂ ਹੁੰਦੇ।”
ਇਸ ਦੌਰਾਨ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇਥੇ ਹਜ਼ਾਰਾਂ ਐਨਆਰਆਈ ਸਿੱਖ ਸ਼ਰਧਾਲੂ ਵੀ ਪੁੱਜੇ ਹੋਏ ਹਨ ਜਿਹੜੇ ਉਤਸ਼ਾਹ ਨਾਲ ਸੇਵਾ ਵਿੱਚ ਜੁਟੇ ਹੋਏ ਹਨ। ਇਨ੍ਹਾਂ ਵਿੱਚ ਕਾਰੋਬਾਰੀ, ਡਾਕਟਰ, ਵਕੀਲ ਤੇ ਹੋਰ ਲੋਕ ਸ਼ਾਮਲ ਹਨ, ਜੋ ਆਪਣੀ ਸੇਵਾ ਰਾਹੀਂ ਇਥੇ ਪੁੱਜੇ ਹੋਏ ਸ਼ਰਧਾਲੂਆਂ ਹੀ ਨਹੀਂ ਮੁਕਾਮੀ ਲੋਕਾਂ ਦੇ ਦਿਲ ਵੀ ਜਿੱਤ ਰਹੇ ਹਨ।