ਈਵੀਐਮ ਮਸ਼ੀਨਾਂ ਚੁੱਕਦੇ ਮੁਲਾਜ਼ਮਾਂ ਨੂੰ ‘ਆਪ’ ਵਲੰਟੀਅਰਾਂ ਨੇ ਘੇਰਿਆ

ਈਵੀਐਮ ਮਸ਼ੀਨਾਂ ਚੁੱਕਦੇ ਮੁਲਾਜ਼ਮਾਂ ਨੂੰ ‘ਆਪ’ ਵਲੰਟੀਅਰਾਂ ਨੇ ਘੇਰਿਆ

ਕੈਪਸ਼ਨ-ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ।
ਪਟਿਆਲਾ/ਬਿਊਰੋ ਨਿਊਜ਼ :
ਇਥੋਂ ਦੇ ਫਿਜ਼ੀਕਲ ਕਾਲਜ ਵਿੱਚ ਨਾਭਾ ਅਤੇ ਪਟਿਆਲਾ ਦਿਹਾਤੀ ਦੀਆਂ ਰੱਖੀਆਂ ਈਵੀਐਮਾਂ ਦੇ 40 ਟਰੰਕਾਂ, ਜਿਨ੍ਹਾਂ ਵਿਚ 400 ਤੋਂ ਵੱਧ ਮਸ਼ੀਨਾਂ ਸਨ, ਨੂੰ ਲਿਜਾਂਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਵਾਲੰਟੀਅਰਾਂ ਨੇ ਦਬੋਚ ਲਿਆ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ, ਨਾਭਾ ਤੋਂ ਦੇਵ ਮਾਨ, ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਟਿਵਾਣਾ, ਸਮਾਣਾ ਤੋਂ ਜਗਤਾਰ ਸਿੰਘ ਰਾਜਲਾ ਨੇ ਸਰਕਾਰੀ ਅਧਿਕਾਰੀਆਂ ‘ਤੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਅਧਿਕਾਰੀ ਈਵੀਐਮ ਵਿਚ ਹੇਰਾਫੇਰੀ ਕਰਨ ਦੇ ਇਰਾਦੇ ਨਾਲ ਅਜਿਹਾ ਗ਼ਲਤ ਕੰਮ ਕਰ ਰਹੇ ਹਨ। ਇਸ ਬਾਰੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਡੀ ਸੀ ਪਟਿਆਲਾ, ਐਸਡੀਐਮ ਨਾਭਾ ਅਤੇ ਮਸ਼ੀਨਾਂ ਚੁੱਕਣ ਲਈ ਆਏ ਮੁਲਾਜ਼ਮਾਂ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਵ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਸਵੇਰੇ ਫੋਨ ‘ਤੇ ਦੱਸਿਆ ਗਿਆ ਕਿ ਕੁੱਝ ਮੁਲਾਜ਼ਮ ਫਿਜ਼ੀਕਲ ਕਾਲਜ ਵਿਚੋਂ ਕੁੱਝ ਕਾਗ਼ਜ਼ਾਤ ਚੁੱਕਣਗੇ। ਕਾਲਜ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ‘ਆਪ’ ਵਾਲੰਟੀਅਰਾਂ ਨੇ ਉਸ ਨੂੰ ਦੱਸਿਆ ਕਿ ਇੱਥੇ ਟਰੱਕਾਂ ਵਿਚ ਟਰੰਕ ਰੱਖੇ ਜਾ ਰਹੇ ਹਨ ਤਾਂ ਉਹ ਤੁਰੰਤ ਮੌਕੇ ‘ਤੇ ਪੁੱਜੇ। ਉਨ੍ਹਾਂ ਟਰੱਕ ‘ਤੇ ਲੱਦੇ ਗਏ ਟਰੰਕ ਚੈੱਕ ਕੀਤੇ ਤਾਂ ਉਨ੍ਹਾਂ ਵਿਚ 10 ਤੋਂ 12 ਈਵੀਐਮ ਮਸ਼ੀਨਾਂ ਸਨ। ਉਨ੍ਹਾਂ ਸਟਾਫ ਤੋਂ ਇਸ ਸਬੰਧੀ ਪੁੱਛਿਆ ਜਿਨ੍ਹਾਂ ਨੇ ਦੱਸਿਆ ਕਿ ਉਹ ਇਹ ਮਸ਼ੀਨਾਂ ਤ੍ਰਿਪੜੀ ਲੈ ਕੇ ਜਾ ਰਹੇ ਹਨ ਜੋ ਨਗਰ ਨਿਗਮ ਚੋਣਾਂ ਵਿਚ ਵਰਤੀਆਂ ਜਾਣਗੀਆਂ। ਇਸ ‘ਤੇ ਉਨ੍ਹਾਂ ਨੂੰ ਸ਼ੱਕ ਹੋਇਆ। ਇਸੇ ਦੌਰਾਨ ਡੀਸੀ ਪਟਿਆਲਾ ਅਤੇ ਐਸਡੀਐਮ ਨਾਭਾ ਵੀ ਉਥੇ ਆ ਗਏ। ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਅਤੇ ਪੁਲੀਸ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨਾਲ ਮਿਲ ਕੇ ਈਵੀਐਮ ਵਿਚ ਵੱਡੀ ਹੇਰਾਫੇਰੀ ਕਰਾਉਣ ਦੀ ਸਾਜ਼ਿਸ਼ ਘੜ ਰਿਹਾ ਹੈ।
ਪਟਿਆਲਾ ਦੇ ਡੀ.ਸੀ. ਰਾਮਵੀਰ ਸਿੰਘ  ਨੇ ਦੱਸਿਆ ਕਿ ਨਿਗਮ ਚੋਣਾਂ ਲਈ ਵਰਤੀਆਂ ਪੁਰਾਣੀਆਂ ਮਸ਼ੀਨਾਂ ਦੀ ਕੰਪਨੀ ਪੀਆਈਸੀਐਲ ਹੈ ਜਦ ਕਿ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਮਸ਼ੀਨਾਂ ਦੀ ਕੰਪਨੀ ਬੀਐੱਚਈਐਲ ਹੈ। ‘ਆਪ’ ਵਰਕਰਾਂ ਨੂੰ ਜੋ ਭੁਲੇਖਾ ਪਿਆ ਹੈ, ਉਹ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਈਵੀਐਮ ਨਾਲ ਛੇੜਛਾੜ ਤੋਂ ਇਨਕਾਰ ਕੀਤਾ ਹੈ।

ਸਟਰਾਂਗ ਰੂਮ ਵਿੱਚ ਜਾਣ ਦੀ ਆਗਿਆ ਦੇਣਾ ਗ਼ਲਤ : ਕੇਜਰੀਵਾਲ
ਪਟਿਆਲਾ ਵਿਚ ਈਵੀਐਮ ਤਬਦੀਲ ਕਰਨ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਆਰਓ ਨੇ ਚਾਰ ਮੁਲਾਜ਼ਮਾਂ ਨੂੰ ਕਾਗ਼ਜ਼ਾਤ ਚੁੱਕਣ ਲਈ ਸਟਰਾਂਗ ਰੂਮ ਵਿਚ ਦਾਖਲ ਕਰਨ ਦੀ ਆਗਿਆ ਦਿੱਤੀ, ਜਿਨ੍ਹਾਂ ਨੇ ਈਵੀਐਮ ਚੁੱਕ ਲਈਆਂ। ਇਹ ਗ਼ਲਤ ਹੈ।