ਖ਼ੁਦ ਮੰਗ ਕਰਕੇ ਟਾਈਟਲਰ ਹੁਣ ਟੈਸਟ ਤੋਂ ਮੁਕਰਿਆ : ਫੂਲਕਾ

ਖ਼ੁਦ ਮੰਗ ਕਰਕੇ ਟਾਈਟਲਰ ਹੁਣ ਟੈਸਟ ਤੋਂ ਮੁਕਰਿਆ : ਫੂਲਕਾ

ਕੈਪਸ਼ਨ-ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਵਿੰਦਰ ਸਿੰਘ ਫੂਲਕਾ ਤੇ ਹੋਰ।  
ਮੁੱਲਾਂਪੁਰ ਦਾਖਾ/ਬਿਊਰੋ ਨਿਊਜ਼ :
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਨੇ ਅਪ੍ਰੈਲ 2013 ਵਿੱਚ ਆਪਣਾ ਡਿਟੈਕਟਿਵ ਟੈਸਟ ਕਰਵਾਉਣ ਦੀ ਖੁਦ ਮੰਗ ਕੀਤੀ ਸੀ ਅਤੇ ਜਦੋਂ ਹੁਣ ਸੀਬੀਆਈ ਨੇ ਅਦਾਲਤ ਤੋਂ ਇਸ ਦਾ ਟੈਸਟ ਕਰਵਾਉਣ ਦੀ ਮਨਜ਼ੂਰੀ ਮੰਗੀ ਤਾਂ ਹੁਣ ਉੁਹ ਆਪਣਾ ਟੈਸਟ ਕਰਵਾਉਣ ਤੋਂ ਮੁਕਰ ਰਿਹਾ ਹੈ। ਇਹ ਜਾਣਕਾਰੀ ਹਲਕਾ ਦਾਖਾ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਉਮੀਦਵਾਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਟਾਈਟਲਰ ਨੇ ਮੁੱਖ ਗਵਾਹ ਗਿਆਨੀ ਸੁਰਿੰਦਰ ਸਿੰਘ ਦੇ ਪੁੱਤਰ ਨੂੰ ਕੈਨੇਡਾ ਪਹੁੰਚਾਇਆ ਅਤੇ ਇਕ ਕੰਪਨੀ ਦੇ ਏਜੰਟ ਅਭਿਸ਼ੇਕ ਵਰਮਾ ਰਾਹੀਂ ਪੰਜ ਹਜ਼ਾਰ ਡਾਲਰ ਦੀ ਵਿੱਤੀ ਸਹਾਇਤਾ ਵੀ ਉਸ ਨੂੰ ਕੈਨੇਡਾ ਭੇਜੀ ਸੀ। ਅਭਿਸ਼ੇਕ ਵਰਮਾ ਨੇ ਖੁਦ ਮੰਨਿਆ ਸੀ ਕਿ ਉਸ ਨੂੰ ਵਿਦੇਸ਼ ਪੈਸੇ ਭੇਜਣ ਲਈ ਜਗਦੀਸ਼ ਟਾਈਟਲਰ ਨੇ ਹੀ ਕਿਹਾ ਸੀ। ਜਦੋਂ ਪੱਤਰਕਾਰਾਂ ਨੇ ਹਰਵਿੰਦਰ ਸਿੰਘ ਫੂਲਕਾ ਨੂੰ ਪੁੱਛਿਆ ਕਿ ਕਾਨੂੰਨੀ ਤੌਰ ‘ਤੇ ਕਿਸੇ ਦਾ ਜਬਰੀ ਟੈਸਟ ਕਰਵਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਟੈਸਟ ਸਿਰਫ ਰਜ਼ਾਮੰਦੀ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਗਦੀਸ਼ ਟਾਈਟਲਰ ਦਾ ਟੈਸਟ ਕਰਵਾਉਣ ਬਾਰੇ ਅਤੇ ਕਥਿਤ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕਰਾਉਣ ਦੀ ਅਪੀਲ ‘ਤੇ ਉਹ 23 ਫਰਵਰੀ ਨੂੰ ਖੁਦ ਬਹਿਸ ਕਰਨਗੇ।

ਮੁੱਖ ਮੰਤਰੀ ਬਣਨ ਦੇ ਸਵਾਲ ‘ਤੇ ਧਾਰੀ ਚੁੱਪ :
ਸ੍ਰੀ ਫਲੂਕਾ ਨੂੰ ਜਦੋਂ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਕੀ ਉਹ ਮੁੱਖ ਮੰਤਰੀ ਦੀ ਕੁਰਸੀ ਸੰਭਾਲਣਗੇ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਵਿਧਾਇਕ ਹੋਣ ਜਾਂ ਸੀਐਮ ਉਹ ਹਮੇਸ਼ਾ ਹੀ ਗਰੀਬਾਂ ਨੂੰ ਇਨਸਾਫ ਦਿਵਾਉਣਗੇ ਅਤੇ ਉਨ੍ਹਾਂ ਦੀ ਪਾਰਟੀ ਕਿਸੇ ਵੀ ਵਿਅਕਤੀ ਨਾਲ ਬੇਇਨਸਾਫੀ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਕਿਸੇ ਵੀ ਮਹਿਕਮੇ ਵਿੱਚ ਸਿਆਸੀ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਸਿਹਤ ਸਹੂਲਤਾਂ ਤੇ ਮਿਆਰੀ ਸਿੱਖਿਆ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ।