ਕੈਪਟਨ ਦੇ ਵਾਅਦੇ ਦੇ ਉਲਟ ਕਾਂਗਰਸ ਦੇ ਹਾਰੇ ਆਗੂ ਹਲਕਾ ਇੰਚਾਰਜੀਆਂ ਨੂੰ ਚੁੰਬੜੇ

ਕੈਪਟਨ ਦੇ ਵਾਅਦੇ ਦੇ ਉਲਟ ਕਾਂਗਰਸ ਦੇ ਹਾਰੇ ਆਗੂ ਹਲਕਾ ਇੰਚਾਰਜੀਆਂ ਨੂੰ ਚੁੰਬੜੇ

ਫ਼ਰੀਦਕੋਟ/ਬਿਊਰੋ ਨਿਊਜ਼ :
ਅਕਾਲੀਆਂ ਦੇ ਹਲਕਾ ਇੰਚਾਰਜਾਂ ਵਿਰੁੱਧ ਝੰਡਾ ਚੁੱਕਣ ਅਤੇ ਇਸ ਸਭਿਆਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਕਾਂਗਰਸ ਦੇ ਚੋਣਾਂ ਵਿੱਚ ਹਾਰੇ  ਆਗੂ ਹਲਕਾ ‘ਇੰਚਾਰਜੀ’ ਛੱਡਣ ਨੂੰ ਤਿਆਰ ਨਹੀਂ ਹਨ।
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪਾਰਟੀ ਉਮੀਦਵਾਰਾਂ ਦੀ ਹਲਕਾ ਬਦਲੀ ਮੁਹਿੰਮ ਵੱਡੇ ਪੱਧਰ ‘ਤੇ ਵਿੱਢੀ ਸੀ। ਮੁਕਤਸਰ ਵਿਧਾਨ ਸਭਾ ਹਲਕੇ ਤੋਂ ਆਪਣੀ ਦਾਅਵੇਦਾਰੀ ਛੱਡ ਕੇ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਭਾਈ ਹਰਨਿਰਪਾਲ ਸਿੰਘ ਕੁੱਕੂ ਚੋਣ ਹਾਰਨ ਦੇ ਬਾਵਜੂਦ ਕੋਟਕਪੂਰਾ ਵਿਧਾਨ ਸਭਾ ਹਲਕੇ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹ ਚੁੱਕੇ ਹਨ। ਕੋਟਕਪੂਰਾ ਵਿੱਚ ਖ਼ਾਸ ਅਫ਼ਸਰਾਂ ਦੀ ਤਾਇਨਾਤੀ ਵੀ ਕਥਿਤ ਤੌਰ ‘ਤੇ ਭਾਈ ਕੁੱਕੂ ਦੇ ਕਹਿਣ ‘ਤੇ ਹੀ ਕੀਤੀ ਜਾ ਰਹੀ ਹੈ। ਫ਼ਰੀਦਕੋਟ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਪੰਜਗਰਾਈਂ, ਜਿਨ੍ਹਾਂ ਨੂੰ ਜੈਤੋ ਵਿਧਾਨ ਸਭਾ ਹਲਕੇ ਤੋਂ ਤਬਦੀਲ ਕਰਕੇ ਭਦੌੜ ਹਲਕੇ ਵਿੱਚ ਭੇਜਿਆ ਸੀ, ਵੀ ਚੋਣ ਹਾਰਨ ਤੋਂ ਬਾਅਦ ਭਦੌੜ ਵਿੱਚ ਸਰਗਰਮ ਹਨ ਅਤੇ ਭਦੌੜ ਹਲਕੇ ਵਿੱਚ ਸਰਕਾਰੀ ਸਮਾਗਮਾਂ ਦੀ ਬਾਕਾਇਦਾ ਅਗਵਾਈ ਕਰ ਰਹੇ ਹਨ। ਭਦੌੜ ਵਿਧਾਨ ਸਭਾ ਹਲਕੇ ਤੋਂ ਬਦਲ ਕੇ ਜੈਤੋ ਰਾਖਵੇਂ ਵਿਧਾਨ ਸਭਾ ਹਲਕੇ ਵਿੱਚ ਭੇਜੇ ਮੁਹੰਮਦ ਸਦੀਕ ਨੇ ਚੋਣ ਹਾਰਨ ਦੇ ਬਾਵਜੂਦ ਜੈਤੋ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ। ਨਿਹਾਲ ਸਿੰਘ ਹਲਕੇ ਤੋਂ ਚੋਣ ਹਾਰਨ ਵਾਲੀ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਭਾਗੀਕੇ ਵੀ ਆਪਣੇ ਹਲਕੇ ਵਿੱਚ ਸਰਗਰਮ ਹਨ। ਮੁਕਤਸਰ ਤੋਂ ਚੋਣ ਹਾਰਨ ਤੋਂ ਬਾਅਦ ਕਾਂਗਰਸੀ ਉਮੀਦਵਾਰ ਕਰਨ ਬਰਾੜ ਨੇ ਤਾਂ ਬਿਆਨ ਜਾਰੀ ਕਰਕੇ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਮੁਕਤਸਰ ਹਲਕੇ ਤੋਂ ਆਪਣਾ ‘ਹੱਕ’ ਨਹੀਂ ਛੱਡਣਗੇ ਤੇ ਉਹ ਇਸੇ ਹਲਕੇ ਵਿੱਚ ਹੀ ਕੰਮ ਕਰਨਗੇ।
ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ, ਜੋ ਜੈਤੋ ਵਿਧਾਨ ਸਭਾ ਹਲਕਾ ਛੱਡ ਕੇ ਭਦੌੜ ਤੋਂ ਚੋਣ ਲੜੇ ਸਨ, ਨੇ ਕਿਹਾ ਕਿ ਉਹ ਜੈਤੋ ਅਤੇ ਭਦੌੜ ਦੋਹਾਂ ਵਿਧਾਨ ਸਭਾ ਹਲਕਿਆਂ ਵਿੱਚ ਵਿਚਰ ਰਹੇ ਹਨ। ਇਸ ਤੋਂ ਇਲਾਵਾ ਪਾਰਟੀ ਜੋ ਵੀ ਹੁਕਮ ਕਰੇਗੀ, ਉਹ ਹੁਕਮ ਮੰਨਣਗੇ। ਭਾਈ ਕੁੱਕੂ ਨੇ ‘ਇੰਚਾਰਜੀ’ ਦੇ ਮੁੱਦੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਅਕਾਲੀਆਂ ਦੀ ਤਰਜ਼ ‘ਤੇ ਹਲਕਾ ਇੰਚਾਰਜ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਲਕਾ ਇੰਚਾਰਜ ਵਜੋਂ ਅਜੇ ਤੱਕ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਹੈ।