ਵਾਦੀ ਵਿਚ ਕਈ ਥਾਈਂ ਹਿੰਸਕ ਪ੍ਰਦਰਸ਼ਨ

ਵਾਦੀ ਵਿਚ ਕਈ ਥਾਈਂ ਹਿੰਸਕ ਪ੍ਰਦਰਸ਼ਨ

ਸ੍ਰੀਨਗਰ/ਬਿਊਰੋ ਨਿਊਜ਼ :
ਵਾਦੀ ਕਸ਼ਮੀਰ ਵਿਚ ਰਵਾਇਤੀ ਤੌਰ ‘ਤੇ ਹਿੰਸਕ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਵਾਪਰੀਆਂ। ਪੁਲੀਸ ਨੇ ਇਨ੍ਹਾਂ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਪੁਲਵਾਮਾ, ਕੁਲਗਾਮ, ਤਰਾਲ, ਸੋਪਰ, ਬਾਂਦੀਪੁਰਾ ਸੰਵੇਦਨਸ਼ੀਲ ਇਲਾਕਿਆਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ। ਲੋਕਾਂ ਨੇ ਮਸਜਿਦਾਂ ਵਿਚੋਂ ਨਮਾਜ਼ ਦੇ ਬਾਅਦ ਬਾਹਰ ਨਿਕਲਦੇ ਹੀ ਮਾਰਚ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਪੁਲੀਸ ਨਾਲ ਉਲਝ ਕੇ ਪਥਰਾਅ ਕੀਤਾ। ਪੁਲੀਸ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਵਾਸਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ। ਸ੍ਰੀਨਗਰ ਦੇ ਨੌਹਟਾ ਇਲਾਕੇ ਵਿਚ ਇਤਿਹਾਸਕ ਜਾਮਿਆ ਮਸਜਿਦ ਵਿਚ ਨਮਾਜ਼ ਦੇ ਤੁਰੰਤ ਬਾਅਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਹਿਜ਼ਬੁਲ ਕਮਾਂਡਰਾਂ ਬੁਰਹਾਨੀ ਵਾਨੀ, ਸਬਜ਼ਾਰ ਭੱਟ ਅਤੇ ਜ਼ਾਕਿਰ ਮੂਸਾ ਦੇ ਪੋਸਟਰ ਲਹਿਰਾਉਂਦੇ ਹੋਏ ਭਾਰਤ ਵਿਰੋਧੀ ਅਤੇ ਆਜ਼ਾਦੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ‘ਤੇ ਭਾਰੀ ਪਥਰਾਅ ਕੀਤਾ। ਇਧਰ ਬਾਰਾਮੁੱਲਾ ਦੇ ਸੋਪਰ ਕਸਬੇ ਵਿਚ ਬੀਤੇ ਦਿਨ ਮਾਰੇ ਗਏ ਹਿਜ਼ਬੁਲ ਅੱਤਵਾਦੀਆਂ ਦੇ ਰੋਸ ਵਿਚ ਮੁਕੰਮਲ ਬੰਦ ਰਿਹਾ ਤੇ ਨਮਾਜ਼ ਦੇ ਬਾਅਦ ਭਾਰੀ ਪ੍ਰਦਰਸ਼ਨ ਤੇ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ। ਸਿਵਲ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਘਾਟੀ ਦੇ ਕਾਲਜ ਅਤੇ ਸੈਕੰਡਰੀ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ।