ਸਾਰਾਨੈਕ ਝੀਲ ‘ਚ ਖੇਡ ਪ੍ਰਦਰਸ਼ਨ ਦੌਰਾਨ ਨਾਬਾਲਗ ਲੜਕੀ ਨਾਲ ਛੇੜਛਾੜ ਮਾਮਲੇ ‘ਚ ਭਾਰਤੀ ਖਿਡਾਰੀ ਗ੍ਰਿਫ਼ਤਾਰ

ਸਾਰਾਨੈਕ ਝੀਲ ‘ਚ ਖੇਡ ਪ੍ਰਦਰਸ਼ਨ ਦੌਰਾਨ ਨਾਬਾਲਗ ਲੜਕੀ ਨਾਲ ਛੇੜਛਾੜ ਮਾਮਲੇ ‘ਚ ਭਾਰਤੀ ਖਿਡਾਰੀ ਗ੍ਰਿਫ਼ਤਾਰ

ਨਿਊਯਾਰਕ/ਬਿਊਰੋ ਨਿਊਜ਼ :
ਜੰਮੂ-ਕਸ਼ਮੀਰ ਤੋਂ ਇਥੇ ਸਨੋ-ਸ਼ੂ ਚੈਂਪੀਅਨਸ਼ਿਪ ਲਈ ਪਹੁੰਚੇ 24 ਸਾਲਾ ਭਾਰਤੀ ਖਿਡਾਰੀ ਨੂੰ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਤਨਵੀਰ ਹੁਸੈਨ ਨਾਂਅ ਦਾ ਭਾਰਤੀ ਖਿਡਾਰੀ ਨਿਊਯਾਰਕ ਦੀ ਸਾਰਾਨੈਕ ਝੀਲ ਦੇ ਛੋਟੇ ਜਿਹੇ ਪਿੰਡ ਵਿਚ ਵਿਸ਼ਵ ਸਨੋ-ਸ਼ੂ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਆਇਆ ਸੀ। ਪੁਲੀਸ ਨੇ ਦੱਸਿਆ ਕਿ ਉਕਤ ਖਿਡਾਰੀ ਨੂੰ 12 ਸਾਲ ਦੀ ਬੱਚੀ ਨਾਲ ਛੇੜਛਾੜ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਸਨੋ-ਸ਼ੂ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਮੀਰ ਮੁਦੱਸਿਰ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਦੇ ਸੈਕਟਰੀ ਵਹੀਦ ਉਰ ਰਹਿਮਾਨ ਨੇ ਖਿਡਾਰੀ ਨੂੰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਤਨਵੀਰ ਨੇ 23 ਤੋਂ 25 ਫਰਵਰੀ ਤੱਕ ਹੋਈ 2017 ਵਿਸ਼ਵ ਸਨੋ-ਸ਼ੂ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਤੇ ਉਸ ਨੇ ਵੀਰਵਾਰ ਨੂੰ ਭਾਰਤ ਪਰਤਣਾ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 31 ਜਨਵਰੀ ਨੂੰ ਤਨਵੀਰ ਤੇ ਇਕ ਹੋਰ ਖਿਡਾਰੀ ਆਬਿਦ ਖਾਨ ਨੂੰ ਅਮਰੀਕਾ ਨੇ ਆਪਣੀ ਮੌਜੂਦਾ ਨੀਤੀ ਦੇ ਚੱਲਦਿਆਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਸ ਮਾਮਲੇ ਦੇ ਮੀਡੀਆ ਵਿਚ ਛਾ ਜਾਣ ਤੋਂ ਬਾਅਦ ਉਨ੍ਹਾਂ ਨੂੰ ਟਰੈਵਲ ਪਰਮਿਟ ਮਿਲ ਗਿਆ ਸੀ।